ਪੀੜਤ ਪਰਿਵਾਰ ਤੇ ਕਾਮਰੇਡਾਂ ਵੱਲੋਂ ਡੀ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ
Sunday, Jul 02, 2017 - 04:19 AM (IST)

ਮੁਕੇਰੀਆਂ, (ਝਾਵਰ)- ਅੱਜ ਡੀ. ਐੱਸ. ਪੀ. ਦਫ਼ਤਰ ਮੁਕੇਰੀਆਂ ਦੇ ਬਾਹਰ ਸੀ. ਪੀ. ਆਈ. ਐੱਮ. ਦੇ ਵਰਕਰਾਂ ਤੇ ਥਾਣਾ ਹਾਜੀਪੁਰ ਦੇ ਪਿੰਡ ਢੱਡਰ ਵਾਸੀਆਂ ਵੱਲੋਂ ਹਾਜੀਪੁਰ ਪੁਲਸ ਖਿਲਾਫ਼ ਤਹਿਸੀਲ ਸਕੱਤਰ ਆਸ਼ਾ ਨੰਦ, ਉਂਕਾਰ ਸਿੰਘ, ਤਜਿੰਦਰ ਸਿੰਘ, ਕਿਸ਼ਨ ਸਿੰਘ ਪਟਿਆਲ ਅਤੇ ਮਨਜੀਤ ਸਿੰਘ ਢੱਡਰ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਅਮਰੀਕ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਢੱਡਰ ਨੂੰ ਇਸ ਪਿੰਡ ਦੇ ਹੀ ਅਰੁਣ ਠਾਕੁਰ ਪੁੱਤਰ ਮਲਕੀਤ ਸਿੰਘ ਅਤੇ ਹੋਰ 3 ਤੋਂ ਵੱਧ ਵਿਅਕਤੀ ਵਰਗਲਾ ਕੇ ਮੁਕੇਰੀਆਂ ਹਾਈਡਲ ਨਹਿਰ 'ਤੇ ਨਹਾਉਣ ਲਈ ਲੈ ਗਏ, ਜਿਥੇ ਅਮਰੀਕ ਸਿੰਘ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਹਾਜੀਪੁਰ ਪੁਲਸ ਨੇ 3 ਜੂਨ 2017 ਨੂੰ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਦੇ ਬਿਆਨਾਂ 'ਤੇ ਧਾਰਾ 304, 204 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ ਪਰ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੀੜਤ ਪਰਿਵਾਰ ਧਾਰਾ 120-ਬੀ ਲਾਉਣ ਦੀ ਵੀ ਮੰਗ ਕਰ ਰਿਹਾ ਹੈ।
ਪੀੜਤ ਧਿਰ ਨੂੰ ਡੀ. ਐੱਸ. ਪੀ. ਦਫ਼ਤਰ ਬੁਲਾਇਆ ਗਿਆ : ਤਹਿਸੀਲ ਸਕੱਤਰ ਆਸ਼ਾ ਨੰਦ ਨੇ ਦੱਸਿਆ ਕਿ ਇਸ ਸਬੰਧੀ ਇਨਕੁਆਰੀ ਲਈ ਡੀ. ਐੱਸ. ਪੀ. ਰਵਿੰਦਰ ਸ਼ਰਮਾ ਨੇ ਦਫ਼ਤਰ ਵਿਚ ਬੁਲਾਇਆ ਸੀ, ਪਰ ਉਹ ਦਫ਼ਤਰ ਨਾ ਹੋਣ ਕਰ ਕੇ ਪਿੰਡ ਵਾਸੀਆਂ ਨੇ ਰੋਸ ਵਜੋਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
3 ਦਿਨਾਂ 'ਚ ਜਾਂਚ ਮੁਕੰਮਲ ਕੀਤੀ ਜਾਵੇਗੀ : ਜਦੋਂ ਡੀ. ਐੱਸ. ਪੀ. ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਰੀਡਰ ਏ. ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਡੀ. ਐੱਸ. ਪੀ. ਰਵਿੰਦਰ ²ਸ਼ਰਮਾ ਦਫ਼ਤਰ ਪਹੁੰਚ ਗਏ ਸਨ। ਉਨ੍ਹਾਂ ਪੀੜਤ ਪਰਿਵਾਰ ਨੂੰ 3 ਦਿਨਾਂ 'ਚ ਜਾਂਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਖਤਮ ਕੀਤਾ।
ਕੀ ਕਹਿੰਦੇ ਹਨ ਡੀ. ਐੱਸ. ਪੀ. : ਜਦੋਂ ਡੀ. ਐੱਸ. ਪੀ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਵੇਂ ਐੱਸ. ਐੱਸ. ਪੀ. ਦੇ ਚਾਰਜ ਲੈਣ ਕਾਰਨ ਉਨ੍ਹਾਂ ਨੂੰ ਹੁਸ਼ਿਆਰਪੁਰ ਜਾਣਾ ਪਿਆ। ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।