ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ,ਅਰਮੀਨੀਆ ਬੈਠੇ ਲੱਕੀ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ
Thursday, Sep 23, 2021 - 05:23 PM (IST)
ਮੋਹਾਲੀ (ਪ੍ਰਦੀਪ ): ਇੱਥੇ ਸੈਕਟਰ 71 ਮੋਹਾਲੀ ਦੀ ਮਾਰਕੀਟ ’ਚ ਪ੍ਰਾਪਰਟੀ ਡੀਲਰ ਦੀ ਦੁਕਾਨ ਸਾਹਮਣੇ ਹੋਏ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਦੇ ਗਿਰੋਹ ਨਾਲ ਜੁੜੀਆਂ ਹਨ।ਇਹ ਖੁਲਾਸਾ ਕਰਦਿਆਂ ਅੱਜ ਸੀਨੀਅਰ ਪੁਲਸ ਕਪਤਾਨ ਜ਼ਿਲ੍ਹਾ ਐੱਸ.ਏ.ਐੱਸ. ਨਗਰ ਸਤਿੰਦਰ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਸਬੰਧੀ ਥਾਣਾ ਮਟੌਰ ਵਿਖੇ ਕੇਸ ਨੰਬਰ 168 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫ਼ਤੀਸ਼ ਆਈ.ਪੀ.ਐੱਸ.ਐੱਸ.ਪੀ. (ਡੀ) ਹਰਮਨਦੀਪ ਸਿੰਘ ਹਾਂਸ, ਪੀ.ਪੀ.ਐੱਸ. ਗੁਰਚਰਨ ਸਿੰਘ, ਡੀ.ਐੱਸ.ਪੀ. (ਡੀ) ਐੱਸ.ਏ.ਐੱਸ. ਨਗਰ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂ.ਟੀ. ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿਖੇ ਰਹਿੰਦਾ ਹੈ। ਪੰਜਾਬ ਵਿੱਚ ਕਈ ਕੇਸਾਂ ’ਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਿਰੋਹ ਨੂੰ ਚਲਾ ਰਿਹਾ ਹੈ।
ਇਹ ਵੀ ਪੜ੍ਹੋ : ਮੰਜ਼ਿਲ ਪਾਉਣ ਲਈ ਸੰਘਰਸ਼ ਤੇ ਦ੍ਰਿੜਤਾ ਦੀ ਲੋੜ, ਸਿਆਸੀ ਰੁਤਬੇ ਵਾਲੇ ਪਰਿਵਾਰ ਦੀ ਨਹੀਂ : ਮੁੱਖ ਮੰਤਰੀ ਚੰਨੀ
ਐੱਸ.ਐੱਸ.ਪੀ. ਨੇ ਦੱਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਇਕ ਫੇਸਬੁੱਕ ਪੋਸਟ ਵਿੱਚ ਦਵਿੰਦਰ ਬੰਬੀਹਾ ਗਿਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਦਵਿੰਦਰ ਬੰਬੀਹਾ ਗਿਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਇਸ ਕਤਲ ਲਈ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ ਜ਼ਿਲ੍ਹਾ ਗੁਰੂ ਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਿਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ 20 ਜੂਨ 2021 ਨੂੰ ਸੁਖਮੀਤ ਉਰਫ ਡਿਪਟੀ ਵਾਸੀ ਜਲੰਧਰ ਦਾ ਕਤਲ ਕੌਂਸਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਅਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਕਰਵਾਇਆ ਸੀ। ਇਸ ਸਬੰਧੀ ਵੀ ਮੁਕੱਦਮਾ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਦਰਜ ਹੋਇਆ ਸੀ। ਇਸ ਕੇਸ ’ਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਜਲੰਧਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : ਕਾਂਗਰਸ ’ਚ ਹਾਲੇ ਵੀ ਪੱਕੇਗੀ ਕੁਝ ਵੱਖਰੀ ਖਿਚੜੀ, ਰਾਹੁਲ-ਪ੍ਰਿਯੰਕਾ ਨਾਲ ਜਾਖੜ ਦਿੱਲੀ ਹੋਏ ਰਵਾਨਾ
ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਪਡਿਆਲ ਉਰਫ ਲੱਕੀ ਨੇ ਹੀ ਵਿੱਕੀ ਮਿੱਢੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮਨਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ ਲੱਠ ਵਾਸੀ ਕਕਰੋਲਾ ਦਵਾਰਕਾ ਦਿੱਲੀ ਰਾਹੀਂ ਸਾਜ਼ਿਸ਼ ਤਹਿਤ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਅਤੇ ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਪੁਲਸ ਰਿਮਾਂਡ ’ਤੇ ਹੈ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਸ ਤੋਂ ਇਸ ਕੇਸ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਆਸ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ’ਚ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ