ਵੈਟਨਰੀ ਯੂਨੀਵਰਸਿਟੀ ਦੇ ਵਿੱਦਿਅਕ ਕੋਰਸ

05/20/2020 4:41:42 PM

ਹਰੀਸ਼ ਕੁਮਾਰ ਵਰਮਾ,
ਨਿਰਦੇਸ਼ਕ ਪਸਾਰ ਸਿੱਖਿਆ
98158-73929

ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 21 ਅਪ੍ਰੈਲ 2006 ਨੂੰ ਹੋਂਦ ਵਿੱਚ ਆਈ ਅਤੇ ਇਸਦਾ ਮੁੱਖ ਮੰਤਵ ਪਸ਼ੂ ਪਾਲਣ, ਮੁਰਗੀ ਅਤੇ ਮੱਛੀ ਪਾਲਣ ਸਬੰਧੀ ਪੜ੍ਹਾਈ, ਖੋਜ ਅਤੇ ਪਸਾਰ ਸਿੱਖਿਆ ਹੈ। ਯੂਨੀਵਰਸਿਟੀ ਵਿੱਚ ਦੋ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ। ਵਿਦਿਆਰਥੀਆਂ ਲਈ (ਡਾਕਟਰ ਅਤੇ ਇੰਜੀਨੀਅਰ ਆਦਿ) ਅਤੇ ਦੂਜਾ ਕਿਸਾਨਾਂ ਲਈ ਸਿਖਲਾਈ। ਅਧਿਆਪਨ ਦੇ ਖੇਤਰ ਵਿੱਚ ਯੂਨੀਵਰਸਿਟੀ ਵਿਖੇ ਵੈਟਨਰੀ, ਫਿਸ਼ਰੀਜ਼, ਡੇਅਰੀ ਸਾਇੰਸ, ਐਨੀਮਲ ਬਾਇਓਟੈਕਨਾਲਜੀ ਅਤੇ ਡਿਪਲੋਮਾ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਸ਼ੇ ਮੁਤਾਬਕ ਡਾਕਟਰ, ਇੰਜੀਨੀਅਰ, ਸਾਇੰਸਦਾਨ ਜਾਂ ਤਕਨੀਕੀ ਸਹਾਇਕ ਬਣਾਏ ਜਾਂਦੇ ਹਨ।

ਖੋਜ ਦੇ ਖੇਤਰ ਵਿੱਚ ਪਸ਼ੂ ਪਾਲਣ, ਮੁਰਗੀ ਪਾਲਣ ਅਤੇ ਮੱਛੀ ਪਾਲਣ ਦੇ ਧੰਦਿਆਂ ਨਾਲ ਜੁੜੀਆਂ ਹੋਈਆਂ ਅੋਕੜਾਂ ਨੂੰ ਦੂਰ ਕਰਨ ਲਈ ਖੋਜ ਕਰਨਾ ਅਤੇ ਨਵੀਆਂ ਖੋਜਾਂ ਦੀ ਪਸ਼ੂ ਪਾਲਕਾਂ ਦੇ ਫਾਰਮਾਂ ਤੇ ਟਰਾਇਲ ਕਰਨਾ ਹੈ, ਇੱਥੇ ਪੜ੍ਹਾਈ, ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਇਹ ਹਸਪਤਾਲ, ਡੇਅਰੀ, ਬੱਕਰੀ, ਸੂਰ, ਮੁਰਗੀ, ਘੋੜੇ ਆਦਿ ਫਾਰਮਾਂ ’ਤੇ ਹੁੰਦੇ ਹਨ। ਡਿਗਰੀ ਕਰਨ ਤੋਂ ਬਾਅਦ ਡਾਕਟਰ ਇੱਕ ਦਮ ਸੇਵਾ ਦੇਣ ਲਈ ਤਿਆਰ ਹੁੰਦੇ ਹਨ।

PunjabKesari

ਪਸਾਰ ਸਿੱਖਿਆ
ਪਸਾਰ ਸਿੱਖਿਆ ਦੁਆਰਾ ਯੂਨੀਵਰਸਿਟੀ ਵਿੱਚ ਵਿਕਸਤ ਕੀਤੀਆਂ ਨਵੀਆਂ ਖੋਜਾਂ ਨੂੰ ਪਸ਼ੂ ਪਾਲਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਇਆ ਜਾਂਦਾ ਹੈ। ਪਸਾਰ ਲਈ ਯੂਨੀਵਰਸਿਟੀ ਵੱਖ-ਵੱਖ ਤਰੀਕੇ ਆਪਣਾਉਂਦੀ ਹੈ, ਜਿਵੇਂ ਕਿ ਪਸ਼ੂ ਪਾਲਣ ਮੇਲੇ, ਪਸ਼ੂ ਭਲਾਈ ਕੈਂਪ, ਪਸ਼ੂ ਭਲਾਈ ਦਿਵਸ, ਸੈਮੀਨਾਰ, ਵਰਕਸ਼ਾਪ, ਸਾਹਿਤ ਅਤੇ ਟੀ. ਵੀ/ਰੇਡੀਓ ਦੇ ਜ਼ਰੀਏ ਆਦਿ। ਪਸਾਰ ਸਿੱਖਿਆ ਰਾਹੀਂ ਯੂਨੀਵਰਸਿਟੀ ਪਸ਼ੂ ਪਾਲਣ ਦੇ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਕਿਸਾਨ ਵੀਰਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਅਪਨਾਉਣ ਨੂੰ ਪ੍ਰੇਰਦੀ ਹੈ, ਤਾਂ ਕਿ ਖੇਤੀ ਵਿੱਚ ਆਈ ਖੜੋਤ ਨੂੰ ਰੋਕਿਆ ਜਾ ਸਕੇ ਅਤੇ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਸੂਰ ਪਾਲਣ, ਮੁਰਗੀ, ਮੱਛੀਆਂ ਆਦਿ ਧੰਦਿਆਂ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਹੋਰ ਫਾਇਦਾ ਕਮਾਉਣਾ ਹੈ ਪਰ ਇਸ ਲੇਖ ਵਿੱਚ ਵਿਦਿਆਰਥੀਆਂ ਲਈ ਕੋਰਸਾਂ ਬਾਰੇ ਗੱਲ ਕਰਾਂਗੇ। ਯੂਨੀਵਰਸਿਟੀ ਵਿੱਚ ਪੜ੍ਹਾਈ ਲਈ ਹੇਠ ਲਿਖੇ ਕੋਰਸ ਕਰਵਾਏ ਜਾਂਦੇ ਹਨ:

1. ਵੈਟਨਰੀ ਸਾਇੰਸ ਕਾਲਜ (ਵੈਟਨਰੀ ਡਾਕਟਰ ਦੀ ਪੜ੍ਹਾਈ ਲਈ) :    
ਕਾਲਜ ਆਫ ਵੈਟਨਰੀ ਸਾਇੰਸ ਪਸ਼ੂ ਧਨ ਦੀ ਸਿਹਤ ਅਤੇ ਪੈਦਾਵਾਰ ਵਿੱਚ ਬਿਹਤਰੀ ਲਈ ਯਤਨਸ਼ੀਲ ਹੈ। ਇੱਥੇ ਸੁਯੋਗ, ਸਮਰੱਥ ਤੇ ਤਜ਼ਰਬੇਕਾਰ ਅਧਿਆਪਕਾਂ ਦੁਆਰਾ ਵੈਟਨਰੀ ਡਾਕਟਰ ਦੀ ਪੜ੍ਹਾਈ ਲਈ BVSc.&AH ਦਾ ਸਾਢੇ 5 ਸਾਲਾ ਕੋਰਸ ਕਰਵਾਇਆ ਜਾਂਦਾ ਹੈ ਤਾਂ ਕਿ ਸਿੱਖਿਅਤ ਡਾਕਟਰ ਪਸ਼ੂ ਪਾਲਣ ਦੇ ਭਵਿੱਖ ਲਈ ਸਹੀ ਤਰੀਕੇ ਅਤੇ ਤਨਦੇਹੀ ਨਾਲ ਕੰਮ ਕਰ ਸਕਣ।

ਵਿਸ਼ਾ ਮੁਹਾਰਤ ਹਾਸਲ ਕਰਨ ਲਈ ਮਾਸਟਰ (MVSc.) ਅਤੇ ਡਾਕਟ੍ਰੇਟ (Ph.D) ਦੀ ਪੜ੍ਹਾਈ ਵੀ ਕਰ ਸਕਦੇ ਹੋ। ਕਾਲਜ ਆਫ ਵੈਟਨਰੀ ਸਾਇੰਸ ਵਿੱਚ 16 ਵਿਭਾਗ ਹਨ। ਇਹ ਭਾਰਤ ਦਾ ਇਕਲੋਤਾ ਕਾਲਜ ਹੈ, ਜਿੱਥੇ ਤਿੰਨ ਸੈਂਟਰ ਆਫ ਅਡਵਾਂਸ ਫੈਕਲਟੀ ਟ੍ਰੇਨਿੰਗ ਹਨ : ਇੱਕ ਵੈਟਨਰੀ ਸਰਜਰੀ ਅਤੇ ਰੇਡੀਉਲੋਜੀ ਵਿਭਾਗ ਵਿੱਚ, ਦੂਜਾ ਵੈਟਨਰੀ ਗਾਈਨਾਕੋਲੋਜੀ ਅਤੇ ਅੋਬਸਟੈਟ੍ਰਿਕਸ ਵਿਭਾਗ ਵਿੱਚ ਅਤੇ ਤੀਜਾ ਨਵਾਂ ਸੈਂਟਰ ਵੈਟਨਰੀ ਪਥਾਲੋਜੀ ਵਿਭਾਗ ਵਿੱਚ ਹੈ। ਇਹ ਸੈਂਟਰ ਭਾਰਤੀ ਖੇਤੀ ਖੋਜ ਕੌਂਸਲ, ਨਵੀਂ ਦਿੱਲੀ ਵੱਲੋਂ ਐਲਾਨੇ ਗਏ ਹਨ। ਇਨ੍ਹਾਂ ਸੈਂਟਰਾਂ ਦਾ ਮੁੱਖ ਜਿੰਮਾ ਭਾਰਤ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਵੈਟਨਰੀ ਕਾਲਜਾਂ ਦੇ ਸਾਇੰਸਦਾਨ/ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਸਿਖਾਉਣਾ ਹੈ। ਇਸ ਲਈ ਸਾਇੰਦਾਨਾਂ ਵਾਸਤੇ ਟ੍ਰੇਨਿੰਗਾਂ ਲਗਾਈਆਂ ਜਾਂਦੀਆਂ ਹਨ।

ਪੜ੍ਹਾਈ ਕਰਨ ਦੇ ਲਈ ਯੋਗਤਾ
ਵੈਟਨਰੀ ਡਾਕਟਰ ਦੀ ਪੜ੍ਹਾਈ ਕਰਨ ਲਈ 10+2 ਮੈਡੀਕਲ ਵਿਸ਼ੇ ਨਾਲ ਕਰਨੀ ਜ਼ਰੂਰੀ ਹੈ। 10+2 ਪਾਸ ਬੱਚੇ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਏ ਜਾਣ ਵਾਲੇ ਨੀਟ (NEET) ਦਾ ਟੈਸਟ ਦੇ ਕੇ ਯੂਨੀਵਰਸਿਟੀ ਵਿੱਚ ਦਾਖਲਾ ਲੈ ਸਕਦੇ ਹਨ। ਇਹ ਸਾਢੇ ਪੰਜ ਸਾਲ ਦਾ ਕੋਰਸ ਹੈ।

ਨੌਕਰੀ
ਡਿਗਰੀ ਕਰਨ ਉਪਰੰਤ ਵੈਟਨਰੀ ਡਾਕਟਰ ਪਸ਼ੂ ਹਸਪਤਾਲਾਂ ਵਿੱਚ ਲੱਗ ਕੇ ਪੰਜਾਬ ਦੇ ਪਸ਼ੂ ਧਨ ਦੀ ਸੇਵਾ ਕਰ ਸਕਦੇ ਹਨ ਜਾਂ ਫਿਰ ਉਚ ਯੋਗਤਾ (ਮਾਸਟਰ ਡਿਗਰੀ/ਡਾਕਟਰਕੇਟ ਡਿਗਰੀ) ਪ੍ਰਾਪਤ ਕਰਕੇ ਵਿਸ਼ਾ ਮਾਹਿਰ ਬਣ ਸਕਦੇ ਹਨ ਤੇ ਸਾਇੰਸਦਾਨ ਵੱਜੋਂ ਕੰਮ ਕਰ ਸਕਦੇ ਹਨ। ਵੈਟਨਰੀ ਡਾਕਟਰ ਹੋਰ ਸੰਸਥਾਵਾਂ ਜਿਵੇਂ ਪ੍ਰਾਈਵੇਟ ਪ੍ਰੈਕਟਿਸ, ਬੈਂਕ, ਮਿਲਕ ਪਲਾਂਟ, ਨੈਸਲੇ/ਹਾਰਲਿਕਸ, ਇਨਸ਼ੋਰੈਂਸ, ਦਵਾਈ ਕੰਪਨੀਆਂ, ਨਿੱਜੀ ਹਸਪਤਾਲ ਅਤੇ ਫੋਜ ਜਾਂ ਅਰਧ ਸੈਨਿਕ ਬਲਾਂ ਆਦਿ ਵਿੱਚ ਵੀ ਜਾ ਸਕਦੇ ਹਨ। ਵੈਟਨਰੀ ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ NAVLE ਦਾ ਟੈਸਟ ਦੇ ਕੇ ਬਾਹਰਲੇ ਦੇਸ਼ਾਂ ਵਿੱਚ ਆਪਣੇ ਹਸਪਤਾਲ ਜਾਂ ਫੈਡਰਲ ਨੋਕਰੀ ਵੀ ਕਰ ਸਕਦੇ ਹਨ।

PunjabKesari

2. ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ (ਡੇਅਰੀ ਦੇ ਇੰਜੀਨੀਅਰ ਦੀ ਪੜ੍ਹਾਈ ਲਈ) :
ਪੰਜਾਬ ਵਿੱਚ ਤਕਰੀਬਨ 6570 ਮਿਲਕ ਪਲਾਂਟ ਕੰਮ ਕਰ ਰਹੇ ਹਨ। ਇਨ੍ਹਾਂ ਪਲਾਂਟਾਂ ਦੀ ਲੋੜ ਵਾਸਤੇ ਤਕਨੀਕੀ ਡੇਅਰੀ ਇੰਜੀਨੀਅਰ ਬਣਾਉਣ ਲਈ ਇਹ ਕਾਲਜ ਸਥਾਪਿਤ ਕੀਤਾ ਗਿਆ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ 2008 ਨੂੰ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਖੋਲ੍ਹਿਆ ਗਿਆ ਹੈ ਤਾਂ ਜੋ ਪੰਜਾਬ ਵਿੱਚ ਪੈਦਾ ਹੋ ਰਹੇ ਵਾਧੂ ਦੱਧ ਨੂੰ ਵੱਖੋ-ਵੱਖਰੇ ਦੁੱਧ ਉਤਪਾਦਾਂ ਵਿੱਚ ਬਦਲਣ ਲਈ ਗਿਆਨ ਵੰਡਿਆ ਜਾਵੇ। ਜਿਸ ਸਦਕਾ ਪੇਂਡੂ ਪੱਧਰ ’ਤੇ ਰਹਿਣ ਸਹਿਣ ਹੋਰ ਵੀ ਵਧੀਆ ਹੋ ਸਕੇ। ਪੰਜਾਬ ਦੇ ਪਸ਼ੂ ਪਾਲਕਾਂ ਨੂੰ ਸਾਫਸੁਥਰੇ ਦੁੱਧ ਉਤਪਾਦਨ ਪ੍ਰਤੀ ਹੋਰ ਵੀ ਸੁਚੇਤ ਕੀਤਾ ਜਾ ਸਕੇ।

ਪੜ੍ਹਾਈ ਕਰਨ ਲਈ ਯੋਗਤਾ
ਇਹ ਕਾਲਜ 4 ਸਾਲਾਂ ਦਾ B.Tech. ਡੇਅਰੀ ਤਕਨਾਲੋਜੀ ਦਾ ਕੋਰਸ ਕਰਵਾਉਂਦਾ ਹੈ, ਜਿਸ ਵਿੱਚ ਦਾਖਲਾ ਘੱਟੋ-ਘੱਟ ਯੋਗਤਾ 10+2 ਨਾਨ ਮੈਡੀਕਲ ਜਾਂ ਮੈਡੀਕਲ ਦੇ ਨੰਬਰ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਇੱਥੇ ਇਹ ਵਰਨਣਯੋਗ ਹੈ ਕਿ 10+2 ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਦਾਖਲੇ ਵਿੱਚ ਪਹਿਲ ਦਿੱਤੀ ਜਾਂਦੀ ਹੈ।

ਨੋਕਰੀ
ਬੱਚੇ ਡਿਗਰੀ ਕਰਨ ਤੋਂ ਬਾਅਦ ਡੇਅਰੀ ਵਿਕਾਸ ਵਿਭਾਗ, ਮਿਲਕ ਪਲਾਂਟ/ਮਿਲਕ ਫੈਕਟਰੀ ਆਦਿ ਵਿੱਚ ਕੰਮ ਕਰ ਸਕਦੇ ਹਨ ਜਾਂ ਆਪਣਾ ਧੰਦਾ/ਪਲਾਂਟ ਵੀ ਲਗਾ ਸਕਦੇ ਹਨ। ਇਸ ਤੋਂ ਇਲਾਵਾ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ ਜਾਂ M.Tech, Ph. D ਕਰਕੇ ਕਾਲਜ/ਯੂਨੀਵਰਸਿਟੀ/ਹੋਰ ਸੰਸਥਾਵਾਂ/ਕੰਪਨੀਆਂ ਵਿੱਚ ਸਾਇੰਸਦਾਨ ਜਾਂ ਖੋਜੀ ਵੀ ਬਣ ਸਕਦੇ ਹਨ। ਸਮਾਜ ਨੂੰ ਸਾਫ, ਸਹੀ ਅਤੇ ਮਿਆਰੀ ਦੁੱਧ ਉਤਪਾਦ ਉਪਲਬਧ ਕਰਾਉਣ ਲਈ ਇੱਥੋਂ ਪਾਸ ਹੋਏ ਡੇਅਰੀ ਇੰਜਨੀਅਰਾਂ ਦਾ ਵੱਡਾ ਯੋਗਦਾਨ ਹੈ।

PunjabKesari

3. ਫਿਸ਼ਰੀਜ਼ ਕਾਲਜ (ਮੱਛੀ ਪਾਲਣ ਦੇ ਡਾਕਟਰ ਦੀ ਪੜ੍ਹਾਈ ਲਈ) :
ਮੱਛੀ ਪਾਲਣ ਦੇ ਖੇਤਰ ਵਿੱਚ ਲੋਕ ਕਾਫੀ ਉਤਸ਼ਾਹਿਤ ਹੋ ਰਹੇ ਹਨ। ਪੰਜਾਬ ਵਿੱਚ ਮੱਛੀ ਪਾਲਣ ਸਬੰਧਤ ਅਧਿਆਪਨ, ਖੋਜ ਅਤੇ ਸਿਖਲਾਈ ਦੇਣ ਦੇ ਮੰਤਵ ਨਾਲ ਸਾਲ 2008 ਵਿੱਚ ਯੂਨੀਵਰਸਿਟੀ ਵੱਲੋਂ ਕਾਲਜ ਆਫ ਫਿਸ਼ਰੀਜ ਸਥਾਪਿਤ ਕੀਤਾ ਗਿਆ। ਜਿੱਥੋਂ  B.F.Sc. (ਚਾਰ ਸਾਲਾ ਪ੍ਰੋਗਰਾਮ), M.F.Sc. ਅਤੇ Ph.D ਦਾ ਕੋਰਸ ਕਰਵਾਇਆ ਜਾਂਦਾ ਹੈ। 

ਪੜ੍ਹਾਈ ਕਰਨ ਲਈ ਯੋਗਤਾ
10+2 ਮੈਡੀਕਲ ਜਾਂ ਨਾਨ ਮੈਡੀਕਲ ਵਿਸ਼ੇ ਨਾਲ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਚੁਲਰ ਡਿਗਰੀ (B.F.Sc.) ਵਿੱਚ ਦਾਖਲਾ ਦਿੱਤਾ ਜਾਂਦਾ ਹੈ ਪਰ ਦਾਖਲੇ ਸਮੇਂ 10+2 ਮੈਡੀਕਲ ਵਿਸਿ਼ਆਂ ਨਾਲ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਵਿੱਚ ਪਹਿਲ ਦਿੱਤੀ ਜਾਂਦੀ ਹੈ।

ਨੋਕਰੀ
ਡਿਗਰੀ ਕਰਨ ਤੋਂ ਬਾਅਦ ਇਹ ਪੰਜਾਬ ਸਰਕਾਰ ਦੇ ਫਿਸ਼ਰੀ ਮਹਿਕਮੇ ਵਿੱਚ ਕੰਮ ਕਰ ਸਕਦੇ ਹਨ। ਵੱਖ-ਵੱਖ ਸੰਸਥਾਵਾਂ ਵਿੱਚ ਸਾਇੰਸਦਾਨ ਦੇ ਤੌਰ ’ਤੇ ਕੰਮ ਕਰ ਸਕਦੇ ਹਨ। ਸਾਇੰਸਦਾਨ ਬਣਨ ਲਈ ਚਾਰ ਸਾਲਾਂ ਦੀ ਪੜ੍ਹਾਈ ਤੋਂ ਬਾਅਦ, ਦੋ ਸਾਲ ਦੀ P.G. ਜਾਂ ਅੱਗੇ ਹੋਰ 3 ਸਾਲ ਦੀ Ph.D ਡਿਗਰੀ ਦੀ ਲੋੜ ਪੈਂਦੀ ਹੈ। ਬੱਚੇ ਪੜ੍ਹਾਈ ਕਰਨ ਤੋਂ ਬਾਅਦ ਆਪਣਾ ਫਾਰਮ ਖੋਲ੍ਹ ਸਕਦੇ ਹਨ, ਸਲਾਹਕਾਰ ਸੇਵਾਵਾਂ ਦੇ ਸਕਦੇ ਹਨ ਜਾਂ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰ ਸਕਦੇ ਹਨ।

4. ਕਾਲਜ ਆਫ ਬਾਇਓਟੈਕਨਾਲੋਜੀ (ਸਾਇੰਸਦਾਨ ਬਣਨ ਲਈ) :
ਅਜੋਕਾ ਸਮਾਂ ਬਾਇਓਟੈਕਨਾਲੋਜੀ ਦਾ ਦੌਰ ਹੈ। ਹੁਣ ਹਰ ਖੋਜ ਬਾਇਓਟੈਕਨਾਲੋਜੀ ਪੱਧਰ ਤੇ ਕੀਤੀ ਜਾਂਦੀ ਹੈ। ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਯੂਨੀਵਰਸਿਟੀ ਵਿੱਚ ਸਾਲ 2008 ਵਿੱਚ ਐਨੀਮਲ ਬਾਇਓਟੈਕਨਾਲੋਜੀ ਵਿਭਾਗ ਦੀ ਸਥਾਪਨਾ ਕੀਤੀ ਗਈ ਜਿਸਨੂੰ ਸਾਲ 2010 ਵਿੱਚ ਸਕੂਲ ਆਫ ਬਾਇਓਟੈਕਨਾਲੋਜੀ ਅਤੇ ਬਾਅਦ ਵਿੱਚ ਇਸ ਨੂੰ ਕਾਲਜ ਵਿੱਚ ਅਪਗਰੇਡ ਕਰ ਦਿੱਤਾ ਗਿਆ। ਇਸ ਦਾ ਮੁੱਖ ਮੰਤਵ ਐਨੀਮਲ ਜੀਨੋਮਿਕਸ, ਡੀਸੀਜ਼ ਡਾਇਗਨੋਸਟਿਕ ਅਤੇ ਵੈਕਸੀਨੀਲੋਜੀ ਸਬੰਧੀ ਖੋਜ ਕਰਨਾ ਹਨ।

ਪੜ੍ਹਾਈ ਕਰਨ ਦੇ ਲਈ ਯੋਗਤਾ
ਦਾਖਲੇ ਲਈ ਯੋਗਤਾ 10+2 ਮੈਡੀਕਲ ਜਾਂ ਨਾਨ ਮੈਡੀਕਲ ਹੈ। ਇੱਥੇ MVsc/MSc ਅਤੇ Ph.D ਐਨੀਮਲ ਬਾਇਓਟੈਕਨਾਲੋਜੀ ਦਾ ਕੋਰਸ ਕਰਵਾਇਆ ਜਾਂਦਾ ਹੈ। ਦਾਖਲਾ ਮੈਰਿਟ ਦੇ ਆਧਾਰ ’ਤੇ ਹੁੰਦਾ ਹੈ।

PunjabKesari

 5. ਵੈਟਨਰੀ ਪੌਲੀਟੈਕਨਿਕ ਕਾਲਜ (ਵੈਟਨਰੀ ਕੰਪਾਊਂਡਰ ਜਾਂ ਸਹਾਇਕ ਬਣਨ ਲਈ) :
ਵੈਟਨਰੀ ਪੌਲੀਟੈਕਨਿਕ ਕਾਲਜ, ਕਾਲਝਰਾਣੀ, ਬਠਿੰਡਾ ਵਿਖੇ ਦੋ ਸਾਲ (4 ਸਮੈਸਟਰ) ‘ਡਿਪਲੋਮਾ ਇਨ ਵੈਟਨਰੀ ਸਾਇੰਸ ਐਂਡ ਐਨੀਮਲ  ਹੈਲਥ ਟੈਕਨਾਲੋਜੀ’ ਦਾ ਕੋਰਸ ਕਰਵਾਇਆ ਜਾਂਦਾ ਹੈ।

ਪੜ੍ਹਾਈ ਕਰਨ ਦੇ ਲਈ ਯੋਗਤਾ
ਜਿਸ ਵਿੱਚ 10+2 ਮੈਡੀਕਲ ਵਿਸ਼ੇ ਦੇ ਵਿਦਿਆਰਥੀ ਮੈਰਿਟ ਦੇ ਆਧਾਰ ’ਤੇ ਚੁਣੇ ਜਾਂਦੇ ਹਨ। 

ਨੋਕਰੀ
ਕੋਰਸ ਕਰਨ ਉਪਰੰਤ ਵਿਦਿਆਰਥੀ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ ਵੈਟਨਰੀ ਇੰਸਪੈਕਟਰ ਵਜੋਂ ਕੰਮ ਕਰ ਸਕਦੇ ਹਨ, ਕਿਸੇ ਲੈਬ ਵਿੱਚ ਟੈਕਨੀਸ਼ੀਅਨ ਦੇ ਤੌਰ ’ਤੇ ਕੰਮ ਕਰ ਸਕਦੇ ਹਨ, ਫਾਰਮਾਂ ਦੇ ਮੈਨੇਜਰ ਵੀ ਲੱਗ ਸਕਦੇ ਹਨ ਜਾਂ ਆਪਣਾ ਨਿੱਜੀ ਫਾਰਮ ਵੀ ਖੋਲ੍ਹ ਸਕਦੇ ਹਨ। ਪੇਂਡੂ ਖੇਤਰ ਵਿੱਚ ਪਸ਼ੂ ਪਾਲਣ ਸਬੰਧੀ ਵੱਖ ਵੱਖ ਸੇਵਾਵਾਂ ਦੇ ਸਕਦੇ ਹਨ, ਜਿਵੇਂ ਕਿ ਮਸਨੂਈ ਗਰਭਦਾਨ, ਖੁਰ ਬਣਾਉਣੇ ਜਾਂ ਟੀਕਾਕਰਣ ਆਦਿ।

ਉਪਰੋਕਤ ਡਿਗਰੀ /ਡਿਪਲੋਮਾ ਕੋਰਸ ਬਾਰੇ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵੈਬਸਾਈਟ www.gadvasu.in ਜਾਂ ਰਜਿਸਟਰਾਰ ਦਫਤਰ 01612553394 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਲਈ ਲੋੜੀਂਦਾ ਪ੍ਰਾਸਪੈਕਟ/ਦਾਖਲਾ ਫਾਰਮ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਦਾਖਲਾ ਪ੍ਰਕਿਰਿਆ ਮਈ/ਜੂਨ ਮਹੀਨੇ ਸ਼ੁਰੂ ਹੋ ਜਾਂਦੀ ਹੈ। ਚਾਹਵਾਨ ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ ਜਾਂ ਟੈਲੀਫੂਨ ਰਾਹੀਂ ਸੰਪਰਕ ਰੱਖਣ।


rajwinder kaur

Content Editor

Related News