''ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ' ਕੈਬਿਨਟ ਮੰਤਰੀ ਬਾਜਵਾ ਦੇ ਹਰ ਹੁਕਮ 'ਤੇ ਫੁੱਲ ਚੜ੍ਹਾਵੇਗੀ''

04/03/2020 2:55:58 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਪਸ਼ੂ ਸੰਸਥਾਵਾਂ ਖੁੱਲ੍ਹੇ ਰੱਖਣ ਦੇ ਫੈਸਲੇ ਦਾ ਸ਼ੁੱਕਰਵਾਰ ਨੂੰ ਸੁਆਗਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਰਾਜੀਵ ਮਲਹੋਤਰਾ, ਕੇਵਲ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸਿੱਧੂ, ਬਰਿੰਦਰਪਾਲ ਸਿੰਘ ਕੈਰੋਂ, ਰਾਮ ਲੁਭਾਇਆ, ਹਰਪ੍ਰੀਤ ਸਿੰਘ ਸੰਧੂ, ਕਿਸਨ ਚੰਦਰ ਮਹਾਜਨ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਟੱਲੇਵਾਲ, ਗੁਰਮੀਤ ਮਹਿਤਾ, ਬਲਦੇਵ ਸਿੰਘ ਬੱਡੂਵਾਲ ਆਦਿ ਆਗੂਆਂ ਨੇ ਸਾਂਝੇ ਤੌਰ 'ਤੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਾਫੀ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਵਲੋਂ ਚੁੱਕਿਆ ਇਹ ਕਦਮ ਤਾਰੀਫ ਦੇ ਕਾਬਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਇਸ ਲੋਕ ਪੱਖੀ ਫੈਸਲੇ 'ਤੇ ਡਟ ਕੇ ਪਹਿਰਾ ਦੇਣਗੇ ਅਤੇ ਆਪਣੇ ਵੱਲੋਂ ਇਨ੍ਹਾਂ ਔਖੀਆਂ ਘੜੀਆਂ 'ਚ ਪਸ਼ੂ ਪਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀ ਆਉਣ ਦੇਣਗੇ। ਐਸੋਸੀਏਸ਼ਨ ਨੇ ਆਪਣੇ ਸਮੁੱਚੇ ਕੈਡਰ ਨੂੰ ਅਪੀਲ ਕੀਤੀ ਕਿ ਉਹ ਪਸ਼ੂ ਪਾਲਕਾਂ ਦੀ ਸੇਵਾ 'ਚ ਦਿਨ-ਰਾਤ ਇੱਕ ਕਰਨ।
 ਭੁਪਿੰਦਰ ਸਿੰਘ ਸੱਚਰ ਅਤੇ ਕਿਸਨ ਚੰਦਰ ਮਹਾਜਨ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹਰ ਹੁਕਮ 'ਤੇ ਫੁੱਲ ਚੜ੍ਹਾਏ ਜਾਣਗੇ। ਉਨ੍ਹਾਂ ਨੇ ਮੰਤਰੀ ਜੀ ਨੂੰ ਅਪੀਲ ਕੀਤੀ ਕਿ ਉਹ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੀ ਸਰੁੱਖਿਆ ਲਈ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਫੌਰੀ ਤੌਰ 'ਤੇ ਸੈਨੇਟਾਈਜ਼ਰ, ਮਾਸਕ, ਦਸਤਾਨੇ ਆਦਿ ਮੁਹੱਈਆ ਕਰਵਾਉਣ ਤਾਂ ਜੋ ਫੀਲਡ 'ਚ ਕੰਮ ਕਰ ਰਹੇ ਕਰਮਚਾਰੀਆਂ ਦੇ ਪਰਿਵਾਰ ਸੁਰੱਖਿਅਤ ਰਹਿ ਸਕਣ‌ ਅਤੇ ਪਸ਼ੂ ਪਾਲਕਾਂ ਨੂੰ ਨਿਰਵਿਘਨ ਪਸ਼ੂ ਸਿਹਤ ਸੇਵਾਵਾਂ ਮਿਲ ਸਕਣ।
 


Babita

Content Editor

Related News