ਸਬਜ਼ੀ ਦੇ ਪੈਸੇ ਮੰਗਣ ’ਤੇ ਵਿਕਰੇਤਾ ’ਤੇ ਚਾਕੂ ਨਾਲ ਹਮਲਾ, 4 ਖ਼ਿਲਾਫ਼ ਪਰਚਾ
Wednesday, Aug 26, 2026 - 12:54 PM (IST)
ਲਾਲੜੂ (ਗੁਰਜੀਤ) : ਪਿੰਡ ਹੰਡੇਸਰਾ ਵਿਖੇ ਸਬਜ਼ੀ ਦੇ ਪੈਸੇ ਮੰਗਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਸਬਜ਼ੀ ਵਿਕਰੇਤਾ ’ਤੇ ਚਾਕੂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੰਡੇਸਰਾ ਪੁਲਸ ਨੇ ਪੀੜਤ ਲਖਬੀਰ ਸਿੰਘ ਦੇ ਬਿਆਨਾਂ ’ਤੇ ਸੈਂਟੀ ਉਰਫ਼ ਰੋਹਿਤ ਕੁਮਾਰ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਖਬੀਰ ਸਿੰਘ ਵਾਸੀ ਹੰਡੇਸਰਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਨੇੜੇ ਸਬਜ਼ੀ ਦੀ ਦੁਕਾਨ ਕਰਦਾ ਹੈ।
ਦੇਰ ਸ਼ਾਮ ਸੈਂਟੀ ਉਰਫ਼ ਰੋਹਿਤ ਉਸ ਦੀ ਦੁਕਾਨ ’ਤੇ ਆਇਆ ਅਤੇ ਸਬਜ਼ੀ ਲੈਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਮੰਗੇ ਤਾਂ ਕਥਿਤ ਤੌਰ ’ਤੇ ਗਾਲੀ-ਗਲੋਚ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਚਾਕੂ ਨਾਲ ਹਮਲਾ ਕਰਕੇ ਲਖਬੀਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਲਖਬੀਰ ਸਿੰਘ ਅਨੁਸਾਰ ਹਸਪਤਾਲ ਜਾਂਦੇ ਸਮੇਂ ਵੀ ਮੁਲਜ਼ਮਾਂ ਨੇ ਉਸ ਨੂੰ ਰਸਤੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
