ਵਾਹਨ ਚੋਰ ਗਿਰੋਹ ਦਾ ਪਰਦਾਫਾਸ਼

Thursday, Feb 08, 2018 - 07:40 AM (IST)

ਵਾਹਨ ਚੋਰ ਗਿਰੋਹ ਦਾ ਪਰਦਾਫਾਸ਼

ਅੰਮ੍ਰਿਤਸਰ, (ਅਰੁਣ)- ਮੋਟਰਸਾਈਕਲ ਚੋਰੀ ਕਰ ਕੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮ ਪਤੀ-ਪਤਨੀ ਸਮੇਤ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ ਫਰਜ਼ੀ ਤਿਆਰ ਕੀਤੀਆਂ ਗਈਆਂ 7 ਆਰ. ਸੀਜ਼, 21 ਡੀ. ਟੀ. ਓ. ਦਫਤਰ ਦੀਆਂ ਮੋਹਰਾਂ ਤੇ 10 ਚੋਰੀਸ਼ੁਦਾ ਮੋਟਰਸਾਈਕਲ ਪੁਲਸ ਨੇ ਬਰਾਮਦ ਕੀਤੇ ਹਨ।
ਪ੍ਰੈੱਸ ਮਿਲਣੀ ਦੌਰਾਨ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਤਜਿੰਦਰ ਸਿੰਘ ਸੋਨੂੰ ਪੁੱਤਰ ਰਘਬੀਰ ਸਿੰਘ ਵਾਸੀ ਬੋਪਾਰਾਏ ਬਾਜ ਸਿੰਘ, ਉਸ ਦੇ ਭਰਾ ਰਜਿੰਦਰ ਸਿੰਘ ਤੇ ਪਤਨੀ ਕੰਵਲਜੀਤ ਕੌਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਬਣਾ ਰੱਖਿਆ ਹੈ, ਜੋ ਮੋਟਰਸਾਈਕਲ ਚੋਰੀ ਕਰਨ ਮਗਰੋਂ ਉਨ੍ਹਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਵੇਚਣ ਦਾ ਧੰਦਾ ਕਰਦੇ ਹਨ। ਥਾਣਾ ਸਦਰ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਫਤਿਹਗੜ੍ਹ ਚੂੜੀਆਂ ਬਾਈਪਾਸ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਛਾਪਾ ਮਾਰਦਿਆਂ ਉਕਤ ਗਿਰੋਹ ਦੇ ਸਰਗਣਾ ਤਜਿੰਦਰ ਸਿੰਘ ਸੋਨੂੰ, ਉਸ ਦੀ ਪਤਨੀ ਕੰਵਲਜੀਤ ਕੌਰ ਤੇ ਚੋਰੀਸ਼ੁਦਾ ਮੋਟਰਸਾਈਕਲ ਖਰੀਦਣ ਵਾਲੇ ਉਨ੍ਹਾਂ ਦੇ ਤੀਸਰੇ ਸਾਥੀ ਜਤਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਜੀਠਾ ਨੂੰ ਕਾਬੂ ਕਰ ਲਿਆ, ਜਦਕਿ ਗਿਰੋਹ ਦੇ 2 ਹੋਰ ਮੈਂਬਰ ਰਜਿੰਦਰ ਸਿੰਘ ਤੇ ਹੈਪੀ ਵਾਸੀ ਕੋਟ ਮਿੱਤ ਸਿੰਘ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।
ਕੰਵਲਜੀਤ ਕੌਰ ਘਰ ਬੈਠੀ ਕਰਦੀ ਸੀ ਜਾਅਲੀ ਦਸਤਾਵੇਜ਼ ਤਿਆਰ
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਔਰਤ ਕੰਵਲਜੀਤ ਕੌਰ ਜੋ ਗਿਰੋਹ ਦੇ ਸਰਗਣਾ ਤਜਿੰਦਰ ਸੋਨੂੰ ਦੀ ਪਤਨੀ ਹੈ, ਘਰ ਬੈਠੀ ਚੋਰੀਸ਼ੁਦਾ ਵਾਹਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਦੀ ਸੀ ਅਤੇ ਇਨ੍ਹਾਂ ਮੋਟਰਸਾਈਕਲਾਂ ਨੂੰ ਅੱਗੇ ਵੇਚਣ ਲਈ ਭੋਲੇ-ਭਾਲੇ ਲੋਕਾਂ ਦੀ ਭਾਲ ਕਰਦੀ ਰਹਿੰਦੀ ਸੀ।
ਡੀ. ਟੀ. ਓ. ਦਫਤਰ ਦਾ ਕਰਿੰਦਾ ਵੀ ਹੋ ਸਕਦੈ ਬੇਨਕਾਬ
ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰ ਰਹੀ ਹੈ ਅਤੇ ਜਾਂਚ ਦੌਰਾਨ ਜੇਕਰ ਕੋਈ ਡੀ. ਟੀ. ਓ. ਦਫਤਰ ਦਾ ਕਰਮਚਾਰੀ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਰਿਮਾਂਡ ਦੌਰਾਨ ਹੋਣਗੇ ਕਈ ਅਹਿਮ ਖੁਲਾਸੇ
ਏ. ਡੀ. ਸੀ. ਪੀ.-2 ਨੇ ਦੱਸਿਆ ਕਿ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਮਗਰੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਤਜਿੰਦਰ ਸਿੰਘ ਸੋਨੂੰ ਪਹਿਲਾਂ ਵੀ ਚੋਰੀ ਦੇ ਕਈ ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ।


Related News