ਬਾਗਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਨੂੰ ਸੌਖਾਲਾ ਕਰਦੀਆਂ ਹਨ ਵੱਖ-ਵੱਖ ਮਸ਼ੀਨਾਂ
Tuesday, Aug 08, 2023 - 10:47 AM (IST)

ਗੁਰਦਾਸਪੁਰ (ਹਰਮਨ)- ਅਜੋਕੇ ਦੌਰ ਦੀ ਖੇਤੀ ਵਿਚ ਮਸ਼ੀਨੀਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਖੇਤੀ ਮਸ਼ੀਨੀਕਰਨ ਆਧੁਨਿਕ ਖੇਤੀ ਲਈ ਜ਼ਰੂਰੀ ਲੋੜ ਬਣ ਗਿਆ ਹੈ। ਇਸ ਨਾਲ ਜਿੱਥੇ ਖੇਤੀ ਉਤਪਾਦਕਤਾ ’ਚ ਵਾਧਾ ਹੁੰਦਾ ਹੈ, ਉਥੇ ਹੀ ਖੇਤੀ ਖਰਚਿਆਂ ’ਚ ਕਮੀ ਆਉਂਦੀ ਹੈ। ਖਾਸ ਤੌਰ ’ਤੇ ਬਾਗਬਾਨੀ ਫਸਲਾਂ ਦਾ ਮਸ਼ੀਨੀਕਰਨ ਹੋਣ ਨਾਲ ਇਨ੍ਹਾਂ ਹੇਠ ਰਕਬਾ ਵਧਣ ਦੀ ਸੰਭਾਵਨਾ ਵੀ ਵਧੀ ਹੈ। ਪੀ. ਏ. ਯੂ. ਲੁਧਿਆਣਾ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਅਰਸ਼ਦੀਪ ਸਿੰਘ, ਅਸੀਮ ਵਰਮਾ ਅਤੇ ਅਨੂਪ ਦੀਕਸ਼ਿਤ ਨੇ ਬਾਗਬਾਨੀ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਵਰਤੀਆਂ ਜਾਣ ਵਾਲੀਆਂ ਅਹਿਮ ਮਸ਼ੀਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਰਦਾਨ ਸਿੱਧ ਹੋ ਸਕਦੀਆਂ ਹਨ।
ਲੇਜ਼ਰ ਵਾਲਾ ਕਰਾਹਾ
ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਰੋਕਣ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਲੋੜ ਹੈ। ਲੇਜ਼ਰ ਵਾਲਾ ਕਰਾਹ ਇਕ ਅਜਿਹੀ ਤਕਨਾਲੋਜੀ ਹੈ, ਜਿਸ ਨੂੰ 50 ਹਾਰਸ ਪਾਵਰ ਜਾਂ ਵੱਧ ਤਾਕਤ ਦੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਕਰਕੇ ਤਿਆਰ ਕੀਤੇ ਰਕਬੇ ਵਿਚ 25-30 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
ਟਰੈਕਟਰ ਨਾਲ ਚੱਲਣ ਵਾਲਾ ਆਫਸੈੱਟ ਰੋਟਾਵੇਟਰ
ਟਰੈਕਟਰ ਨਾਲ ਚੱਲਣ ਵਾਲੇ ਆਫਸੈੱਟ ਰੋਟਾਵੇਟਰ ਦੀ ਵਰਤੋਂ ਫ਼ਲਾਂ ਅਤੇ ਜੰਗਲਾਤ ਦਰੱਖਤਾਂ ਦੇ ਖੇਤਾਂ ਵਿਚ ਗੋਡੀ ਕਰਨ ਜਾਂ ਦੋਹਰੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਟਰੈਕਟਰ ਦੇ ਪੀ. ਟੀ. ਓ. ਨਾਲ ਚੱਲਣ ਵਾਲੇ ਆਫਸੈੱਟ ਰੋਟਾਵੇਟਰ ਦੀ ਵਰਤੋਂ ਨਾਲ ਦਰੱਖਤਾਂ ਦੇ ਥੱਲੇ ਵਹਾਈ ਅਤੇ ਗੁਡਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 45 ਹਾਰਸ ਪਾਵਰ ਜਾਂ ਇਸ ਤੋਂ ਵੱਧ ਪਾਵਰ ਵਾਲੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ASI ਦੇ ਰਿਵਾਲਵਰ 'ਚੋਂ ਗੋਲੀ ਚੱਲਣ ਕਾਰਨ ਇਕਲੌਤੇ ਪੁੱਤ ਦੀ ਮੌਤ, ਵਿਦੇਸ਼ ਜਾਣ ਦੀ ਕਰ ਰਿਹਾ ਸੀ ਤਿਆਰੀ
ਆਫਸੈੱਟ ਰੋਟਾਵੇਟਰ ਮਸ਼ੀਨ ਵਿਚ ਹਾਈਡਰੋਲਿਕ ਪਾਵਰ ਵਾਲਾ ਇਕ ਸਿਸਟਮ ਲੱਗਾ ਹੋਇਆ ਹੈ, ਜਿਹੜਾ ਮਸ਼ੀਨ ਦੇ ਸੈਂਸਰ ਦੁਆਰਾ ਦਰੱਖਤ ਦੇ ਮੁੱਢ ਨੂੰ ਛੂਹਣ ਤੇ ਮਸ਼ੀਨ ਨੂੰ ਦਰੱਖਤਾਂ ਦੀ ਲਾਈਨ ਤੋਂ ਹਟਾ ਕੇ ਵਾਪਸ ਟਰੈਕਟਰ ਪਿੱਛੇ ਲੈ ਜਾਂਦਾ ਹੈ। ਜਦੋਂ ਮਸ਼ੀਨ ਦਰੱਖਤ ਦਾ ਮੁੱਢ ਪਾਰ ਕਰ ਲੈਂਦੀ ਹੈ ਤਾਂ ਸੈਂਸਰ ਉਪਰ ਪੈਂਦਾ ਦਬਾਅ ਹਟ ਜਾਂਦਾ ਹੈ ਅਤੇ ਰੋਟਾਵੇਟਰ ਆਪਣੇ ਆਪ ਦਰੱਖਤਾਂ ਦੀ ਕਤਾਰ ਵਿਚ ਆ ਜਾਂਦਾ ਹੈ। ਇਸ ਤਰ੍ਹਾਂ ਆਟੋਮੈਟਿਕ ਸੈਂਸਰ ਵਾਲੇ ਸਿਸਟਮ ਕਰਕੇ ਰੋਟਾਵੇਟਰ ਦਰੱਖਤਾਂ ਦੇ ਮੁੱਢ ਨਾਲ ਨਹੀਂ ਟਕਰਾਉਂਦਾ ਅਤੇ ਡਰਾਈਵਰ ਆਪਣਾ ਪੂਰਾ ਧਿਆਨ ਟਰੈਕਟਰ ਚਲਾਉਣ ਵੱਲ ਲਾ ਸਕਦਾ ਹੈ। ਇਸ ਮਸ਼ੀਨ ਨੂੰ ਕਿੰਨੂ, ਨਾਸ਼ਪਤੀ, ਆੜੂ ਆਦਿ ਬਾਗਾਂ ਵਿਚ ਵਰਤਿਆ ਜਾ ਸਕਦਾ ਹੈ।
ਟਰੈਕਟਰ ਚਲਿਤ ਪੋਸਟ ਹੋਲ ਡਿੱਗਰ
ਇਹ ਮਸ਼ੀਨ ਬਾਗਬਾਨੀ ਲਈ ਟੋਏ ਪੁੱਟਣ ਦਾ ਕੰਮ ਕਰਦੀ ਹੈ। ਟੋਏ ਦਾ ਘੇਰਾ 15 ਤੋਂ 75 ਸੈਂਟੀਮੀਟਰ ਅਤੇ ਡੂੰਘਾਈ 90 ਸੈਂਟੀਮੀਟਰ ਹੋ ਸਕਦੀ ਹੈ। ਇਸ ਮਸ਼ੀਨ ਦੀ ਪੀ. ਟੀ. ਓ. ਦੁਆਰਾ ਇਕ ਗੇਅਰ ਬਾਕਸ ਨਾਲ ਚੱਲਦੀ ਹੈ ਅਤੇ ਟਰੈਕਟਰ ਦੀਆਂ ਲਿੰਕਾਂ ’ਤੇ ਇਸ ਨੂੰ ਫਿੱਟ ਕੀਤਾ ਜਾਂਦਾ ਹੈ। ਆਮ ਹਾਲਾਤ ਵਿਚ ਇਹ ਮਸ਼ੀਨ ਇਕ ਘੰਟੇ ’ਚ 90 ਸੈਂਟੀਮੀਟਰ ਡੂੰਘਾਈ ਦੇ 60 -70 ਟੋਏ ਪੁੱਟਦੀ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਵੱਟਾਂ ਬਣਾਉਣ ਅਤੇ ਪਲਾਸਟਿਕ ਮਲਚ ਵਿਛਾਉਣ ਵਾਲੀ ਮਸ਼ੀਨ
ਪੋਲੀਥੀਨ ਮਲਚ ਦੇ ਕਈ ਫ਼ਾਇਦੇ ਹਨ ਕਿ ਜ਼ਮੀਨ ਦਾ ਤਾਪਮਾਨ ਠੀਕ ਰੱਖਣਾ, ਮਿੱਟੀ ਦੀ ਸਿਲਾਬ, ਬਣਤਰ ਤੇ ਉਪਜਾਊਪਣ ਬਚਾਅ ਕੇ ਰੱਖਣਾ ਅਤੇ ਨਦੀਨਾਂ, ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾਉਣਾ ਜਿਸ ਨਾਲ ਫ਼ਸਲ ਦੀ ਉਪਜ ’ਤੇ ਚੰਗਾ ਅਸਰ ਪੈਂਦਾ ਹੈ। ਇਸ ਮੰਤਵ ਲਈ ਵਰਤੀ ਜਾਣ ਵਾਲੀ ਮਸ਼ੀਨ ਚਾਰ ਕੰਮ ਇਕੱਠੇ ਕਰਦੀ ਹੈ। ਇਹ ਮਸ਼ੀਨ ਵੱਟਾਂ ਬਣਾਉਣੀਆਂ, ਤੁਪਕਾ ਸਿੰਜਾਈ ਲਈ ਪਾਈਪ ਵਿਛਾਉਣੀ, ਮਲਚ ਵਿਛਾਉਣਾ ਅਤੇ ਲੋੜ ਅਨੁਸਾਰ ਦੂਰੀ ਤੇ ਸੁਰਾਖ ਕਰਨ ਵਰਗੇ ਕੰਮ ਕਰਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 30 ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਹੈ । ਵੱਟਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਰੱਖੀ ਜਾ ਸਕਦੀ ਹੈ।
ਸਬਜ਼ੀਆਂ ਦੀ ਪਨੀਰੀ ਲਗਾਉਣ ਲਈ ਟਰਾਂਸਪਲਾਂਟਰ
ਸਬਜ਼ੀਆਂ ਦੀ ਪਨੀਰੀ ਨੂੰ ਲਗਾਉਣ ਲਈ ਦੋ ਕਤਾਰਾਂ ਵਾਲਾ ਸੈਮੀ ਆਟੋਮੈਟਿਕ ਵੈਜੀਟੇਬਲ ਟਰਾਂਸਪਲਾਂਟਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਵੈਜੀਟੇਬਲ ਟਰਾਂਸ ਪਲਾਂਟਰ ਨਾਲ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਖੇਤ ’ਚ ਤਿਆਰ ਕੀਤੀ ਪਨੀਰੀ ਨੂੰ ਖੇਤਾਂ ’ਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਮਸ਼ੀਨ ਵਿਚ ਦੋ ਰਿਜਬੌਟਮ, ਦੋ ਖੜਵੇਂ ਫਿੱਗਰ ਟਾਈਪ ਮੀਟਿਰਿੰਗ ਯੂਨਿਟ, ਆਪ੍ਰੇਟਰਾਂ ਦੇ ਬੈਠਣ ਲਈ ਦੋ ਸੀਟਾਂ, ਪਾਣੀ ਦੀ ਟੈਂਕੀ ਅਤੇ ਦੋ ਗਰਾਊਂਡ ਵ੍ਹੀਲ ਲੱਗੇ ਹਨ। ਇਸ ਮਸ਼ੀਨ ਨੂੰ 50 ਜਾਂ ਇਸ ਤੋਂ ਵਧੇਰੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਮਸ਼ੀਨ ਦੀ ਸਮਰੱਥਾ 0.20-0.22 ਏਕੜ ਪ੍ਰਤੀ ਘੰਟਾ ਹੈ। ਮਸ਼ੀਨ ਨਾਲ ਬੂਟਿਆਂ ਦੀ ਲਵਾਈ ਸਮੇਂ ਮਿਸਿੰਗ 4 ਫੀਸਦੀ ਤੋਂ ਵੀ ਘੱਟ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥੀਂ ਲਵਾਈ ਨਾਲੋਂ ਲਗਭਗ 75-80% ਮਜ਼ਦੂਰਾਂ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, 60 ਸਾਲ ਦੇ ਬਜ਼ੁਰਗ ਦਾ ਬੇਹਰਿਮੀ ਨਾਲ ਕਤਲ, ਵੱਢੇ ਹੱਥ-ਪੈਰ
ਰੋਟਰੀ ਪਾਵਰਵੀਡਰ
ਇਹ ਮਸ਼ੀਨ ਆਪੇ ਆਪ ਚੱਲਣ ਵਾਲੀ ਹੈ ਅਤੇ ਇਸ ’ਚ 5 ਹਾਰਸ ਪਾਵਰ ਵਾਲਾ ਇੰਜਣ ਲੱਗਾ ਹੈ, ਜਿਸ ਨਾਲ ਇਹ ਚੱਲਦੀ ਹੈ। ਇਹ ਮਸ਼ੀਨ ਬਾਗਾਂ ’ਚ ਅਤੇ ਜ਼ਿਆਦਾ ਦੂਰੀ ਵਾਲੀਆਂ ਫਸਲਾਂ ’ਚ ਗੋਡੀ ਕਰਨ ਲਈ ਵਰਤੀ ਜਾਂਦੀ ਹੈ ਅਤੇ ਇਸ ਮਸ਼ੀਨ ਨੂੰ 1.5 ਤੋਂ 2.0 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ’ਤੇ ਚਲਾਇਆ ਜਾਂਦਾ ਹੈ। ਇਹ 62.2 ਸੈਂਟੀਮੀਟਰ (2 ਵਾਰੀਆਂ ’ਚ) ਦੀ ਗੋਡੀ ਖੁੱਲੀਆਂ ਕਤਾਰਾਂ ਵਾਲੀਆਂ ਫ਼ਸਲਾਂ ਵਿੱਚ ਕਰਦੀ ਹੈ। ਇਹ 4-7 ਸੈਂਟੀਮੀਟਰਦੀ ਡੁੰਘਾਈ ਤੱਕ ਚੱਲਦੀ ਹੈ। ਇਹ ਨਦੀਨ ਬੂੱਟਿਆਂ ਨੂੰ 86 ਪ੍ਰਤੀਸ਼ਤ ਤੱਕ ਖਤਮ ਕਰ ਦਿੰਦੀ ਹੈ। ਇਸ ਮਸ਼ੀਨ ਦੀ ਸਮਰੱਥਾ 1.5 ਤੋਂ 2.5 ਏਕੜ ਪ੍ਰਤੀ ਦਿਨ ਹੈ।
ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜ਼ੀਸ਼ਨਰ
ਟਰੈਕਟਰ ਨਾਲ ਚੱਲਣ ਵਾਲੀ ਪਿੱਕ ਪੁਜ਼ੀਸ਼ਨਰ ਮਸ਼ੀਨ ਬਾਗਾਂ ’ਚ ਫਲਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਕਰਨ ਲਈ ਬਣਾਈ ਗਈ ਹੈ। ਪਿੱਕ ਪੁਜ਼ੀਸ਼ਨਰ ਮਸ਼ੀਨ ’ਚ ਮੁੱਖ ਤੌਰ ’ਤੇ ਇਕ ਪਲੇਟਫਾਰਮ ਬਣਿਆ ਹੋਇਆ ਹੈ, ਜਿਸ ਉੱਪਰ ਵਰਕਰ ਫ਼ਲਾਂ ਦੀ ਤੁੜਾਈ ਤਕਰੀਬਨ 9.6 ਮੀਟਰ (32 ਫੁੱਟ) ਦੀ ਉੱਚਾਈ ਤੱਕ ਕਰ ਸਕਦਾ ਹੈ। ਇਸ ਪਲੇਟਫਾਰਮ ਦੀ ਉਚਾਈ ਨੂੰ ਘਟਾਇਆ-ਵਧਾਇਆ ਜਾ ਸਕਦਾ ਹੈ ਪਰ ਇਸ ਨੂੰ ਖੱਬੇ ਸੱਜੇ ਕਰਨ ਲਈ ਟਰੈਕਟਰ ਦੀ ਪੁਜ਼ੀਸ਼ਨ ਨੂੰ ਬਦਲਣਾ ਪੈਂਦਾ ਹੈ। ਇਸ ਪਲੇਟਫਾਰਮ ਦੀ ਉੱਚਾਈ ਨੂੰ ਘਟਾਉਣ ਵਧਾਉਣ ਲਈ ਇਕ ਡਬਲ ਹਾਈਡਰੋਲਿਕ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਫ਼ਲਾਂ ਦੀ ਤੁੜਾਈ ਕਰਨ ਨਾਲ ਤਕਰੀਬਨ 75 ਫੀਸਦੀ ਅਤੇ ਕਾਂਟ-ਛਾਂਟ ਦੇ ਕੰਮ ਲਈ ਤਕਰੀਬਨ 90 ਪ੍ਰਤੀਸ਼ਤ ਕਾਮਿਆਂ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ- ਬੀਅਰ ਪੀ ਰਹੇ ਲੋਕਾਂ ਨੇ ਢਾਬੇ ’ਤੇ ਕੀਤਾ ਹੰਗਾਮਾ, ਇਤਰਾਜ਼ ਕਰਨ ’ਤੇ ਬਿਜਲੀ ਸਪਲਾਈ ਕਰ ਦਿੱਤੀ ਬੰਦ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8