ਪਿੰਡ ਠੱਠਾ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਕਮੇਟੀ ਨੂੰ ਲੈ ਕੇ ਛਿੜਿਆ ਵਿਵਾਦ
Sunday, Oct 06, 2019 - 05:41 PM (IST)

ਵਲਟੋਹਾ (ਬਲਜੀਤ ਸਿੰਘ) - ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਧੰਨ ਧੰਨ ਬਾਬਾ ਨਾਥਾ ਸਿੰਘ ਸ਼ਹੀਦ ਜੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਪਿੰਡ 'ਚ ਵਿਵਾਦ ਸ਼ੁਰੂ ਹੋ ਗਿਆ। ਇਸ ਵਿਵਾਦ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਅਤੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਨੂੰ ਲਿਖੀ ਚਿੱਠੀ, ਜੋ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂ ਜਥੇਦਾਰ ਰਣਜੀਤ ਸਿੰਘ ਮਾੜੀ ਉਦੋਕੇ ਤੇ ਜਥੇਦਾਰ ਸੁੱਖਪਾਲ ਅਲਗੋਂ ਨੂੰ ਦੇ ਦਿੱਤੀ। ਚਿੱਠੀ ਦਿੰਦੇ ਹੋਏ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਲਵਿੰਦਰ ਸਿੰਘ, ਮੈਂਬਰ ਡਾ. ਨਿਸ਼ਾਨ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਹਰਪਾਲ ਸਿੰਘ, ਚਰਨਜੀਤ ਸਿੰਘ ਬਾਜਵਾ, ਜਤਿੰਦਰ ਸਿੰਘ ਬਿੱਲਾ ਆਦਿ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਕਮੇਟੀ ਸਿਆਸਤ ਦੇ ਜ਼ੋਰ ਨਾਲ ਬਣਾਈ ਗਈ ਹੈ।
ਕਮੇਟੀ ਬਣਾਉਂਦੇ ਸਮੇਂ ਕਮੇਟੀ ਦੇ ਨਵੇਂ ਬਣੇ ਆਗੂਆਂ ਨੇ ਗੁਰਦੁਆਰਾ ਸਾਹਿਬ ਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਇਸ ਕਮੇਟੀ 'ਚ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਕਮੇਟੀ 'ਚ ਉਹ ਮੈਂਬਰ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਮੇਟੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਨਵੀਂ ਬਣਾਈ ਕਮੇਟੀ ਦੇ ਆਗੂਆਂ ਨੇ ਸਾਰੇ ਪਿੰਡ ਨੂੰ ਗੁੰਮਰਾਹ ਕੀਤਾ ਹੈ। ਸਿਆਸਤ ਦੇ ਜ਼ੋਰ 'ਤੇ ਬਣੀ ਇਸ ਕਮੇਟੀ ਨੂੰ ਨਗਰ ਨਿਵਾਸੀਆਂ ਨੇ ਨਾ ਮਨਜ਼ੂਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਗੁਰਦੁਆਰਾ ਬਾਬਾ ਨੱਥਾ ਸਿੰਘ ਸ਼ਹੀਦੀ ਜੀ ਦੀ ਨਵੀਂ ਬਣੀ ਕਮੇਟੀ ਨੂੰ ਭੰਗ ਕੀਤਾ ਜਾਵੇ ਅਤੇ ਮੁੜ ਨਵੀਂ ਕਮੇਟੀ ਬਣਾਈ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਨਵੀਂ ਕਮੇਟੀ 'ਚ ਸਾਰੇ ਅੰਮ੍ਰਿਤਧਾਰੀ ਸਿੰਘ ਹੀ ਪਾਏ ਜਾਣ। ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਰਣਜੀਤ ਮਾੜੀ ਉਦੋਕੇ ਨੇ ਕਿਹਾ ਕਿ ਪਿੰਡ ਠੱਠੇ ਦੇ ਲੋਕਾਂ ਦੀ ਇਸ ਮੰਗ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੱਗੇ ਰੱਖਿਆ ਜਾਵੇਗਾ ਤੇ ਪਿੰਡ ਠੱਠਾ ਵਿਖੇ ਬਣੇ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਐਕਸ਼ਨ ਲਵੇਗੀ।