ਪ੍ਰਪੋਜ਼ ਡੇ : ਇਜ਼ਹਾਰ-ਏ-ਮੁਹੱਬਤ ਦੀ ਆਈ ਘੜੀ

02/08/2018 7:13:18 AM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)-'ਵੈਲੇਨਟਾਈਨ ਵੀਕ' ਦੇ ਸ਼ੁਰੂ ਹੁੰਦੇ ਹੀ ਪਿਆਰ ਦੀ ਖੁਸ਼ਬੂ ਨਾਲ ਫਿਜ਼ਾ ਮਹਿਕਣ ਲੱਗੀ ਹੈ। ਮੰਗਲਵਾਰ ਨੂੰ ਵੈਲੇਨਟਾਈਨ ਵੀਕ ਦਾ ਪਹਿਲਾ ਦਿਨ ਰੋਜ਼ ਡੇ ਸੀ, ਜਿਸ ਨੂੰ ਪ੍ਰੇਮੀਆਂ ਨੇ ਖੂਬ ਮਨਾਇਆ ਅਤੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਲਾਬ ਭੇਟ ਕਰ ਕੇ ਇਸ ਦਿਨ ਦਾ ਆਨੰਦ ਮਾਣਿਆ। ਰੋਜ਼ ਡੇ 'ਤੇ ਸਾਲ ਭਰ ਤੱਕ ਦਿਲ ਦੀਆਂ ਗੱਲਾਂ ਦਿਲ 'ਚ ਲੁਕੋਈ ਬੈਠੇ ਨੌਜਵਾਨਾਂ ਨੇ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਪਹਿਲਾ ਕਦਮ ਵਧਾਇਆ। ਪ੍ਰੇਮ-ਪੁਜਾਰੀਆਂ ਨੇ ਇਕ-ਦੂਜੇ ਨੂੰ ਰੈੱਡ ਰੋਜ਼ ਦੇ ਕੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ। ਬਹੁਤ ਸਾਰੇ ਅਜਿਹੇ ਵੀ ਸਨ ਜਿਨ੍ਹਾਂ ਨੇ ਦੋਸਤੀ ਦੇ ਰਿਸ਼ਤੇ ਦੀ ਸ਼ੁਰੂਆਤ ਕਰਨ ਲਈ ਇਸ ਦਿਨ ਨੂੰ ਚੁਣਿਆ। ਦੋਸਤਾਂ ਨੇ ਆਪਣੀ ਦੋਸਤੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਪੀਲੇ ਗੁਲਾਬ ਦਿੱਤੇ। ਰੋਜ਼ ਡੇ 'ਤੇ ਰੁੱਸਿਆਂ ਨੂੰ ਮਨਾਉਣ ਦੀ ਰਵਾਇਤ ਵੀ ਦਿਖਾਈ ਦਿੱਤੀ। ਰੁੱਸੇ ਪਾਰਟਨਰ ਨੂੰ ਮਨਾਉਣ ਲਈ ਸਫੈਦ ਗੁਲਾਬ ਕੰਮ ਆਇਆ। ਵੱਡਿਆਂ ਦੇ ਨਾਲ-ਨਾਲ ਨੰਨ੍ਹੇ-ਮੁੰਨਿਆਂ ਦੇ ਹੱਥਾਂ 'ਚ ਵੀ ਗੁਲਾਬ ਫੁੱਲ ਦਿਖਾਈ ਦਿੱਤੇ। ਮਾਸੂਮਾਂ ਨੇ ਦੋਸਤੀ ਦਾ ਆਗਾਜ਼ ਨਵੇਂ ਸਿਰੇ ਤੋਂ ਕਰਨ ਲਈ ਇਸ ਦਿਨ ਨੂੰ ਚੁਣਿਆ ਅਤੇ ਆਪਣੇ ਦੋਸਤਾਂ ਨੂੰ ਗੁਲਾਬ ਦਿੱਤਾ। ਵੈਲੇਨਟਾਈਨ ਮਨਾਉਣ ਵਾਲਿਆਂ ਨੇ ਮਾਤਾ-ਪਿਤਾ ਨੂੰ ਗੁਲਾਬ ਭੇਟ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। 
ਅੱਜ ਕਹੀ ਜਾਵੇਗੀ ਦਿਲ ਦੀ ਗੱਲ
ਹੁਣ ਵਾਰੀ ਆਈ ਪ੍ਰਪੋਜ਼ ਡੇ ਦੀ। ਅੱਜ ਪ੍ਰਪੋਜ਼ ਡੇ ਹੈ। ਪ੍ਰਪੋਜ਼ ਡੇ ਦਾ ਇੰਤਜ਼ਾਰ ਨੌਜਵਾਨ ਬੜੀ ਬੇਸਬਰੀ ਨਾਲ ਕਰਦੇ ਹਨ। ਇਹ ਦਿਨ ਵੀ ਬਹੁਤ ਖਾਸ ਹੁੰਦਾ ਹੈ ਕਿਉਂਕਿ ਚਾਹੁਣ ਵਾਲੇ ਇਸ ਦਿਨ ਆਪਣੇ ਦਿਲ ਦੀ ਗੱਲ ਬੇਝਿਜਕ ਇਕ-ਦੂਜੇ ਨੂੰ ਕਹਿ ਦਿੰਦੇ ਹਨ। ਮਨੀਸ਼ ਮਿੰਟਾ ਅਨੁਸਾਰ ਜੇਕਰ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਇਜ਼ਹਾਰ 'ਚ ਦੇਰ ਨਹੀਂ ਕਰਨੀ ਚਾਹੀਦੀ। ਸਮਾਂ ਰਹਿੰਦੇ ਹੀ ਉਸ ਨੂੰ ਦੱਸ ਦਿਓ ਜੋ ਤੁਹਾਡੇ ਲਈ ਬਹੁਤ ਖਾਸ ਹੈ। ਜੇਕਰ ਸਮਾਂ ਰਹਿੰਦੇ ਪਿਆਰ ਦਾ ਇਜ਼ਹਾਰ ਹੋ ਜਾਵੇ ਤਾਂ ਸੰਭਵ ਹੈ ਤੁਹਾਨੂੰ ਪਿਆਰ ਮਿਲ ਜਾਵੇ। ਜੇਕਰ ਸਮਾਂ ਨਿਕਲ ਗਿਆ ਤਾਂ ਕਈ ਵਾਰ ਪਿਆਰ ਵੀ ਬਹੁਤ ਦੂਰ ਨਿਕਲ ਜਾਂਦਾ ਹੈ ਅਤੇ ਸਿਰਫ ਪਛਤਾਵਾ ਹੀ ਮਿਲਦਾ ਹੈ। 
ਸਮੇਂ ਦੇ ਨਾਲ ਬਦਲਿਆ ਇਜ਼ਹਾਰ ਦਾ ਤਰੀਕਾ
ਬਦਲਦੇ ਸਮੇਂ ਨਾਲ ਜਿਥੇ ਪਿਆਰ ਦੀ ਪਰਿਭਾਸ਼ਾ ਬਦਲ ਗਈ ਹੈ, ਉਥੇ ਪਿਆਰ ਦੇ ਇਜ਼ਹਾਰ ਦਾ ਤਰੀਕਾ ਵੀ ਬਦਲ ਗਿਆ ਹੈ। ਹੁਣ ਉਹ ਜ਼ਮਾਨਾ ਗਿਆ ਜਦੋਂ ਚੋਰੀ-ਚੋਰੀ ਪ੍ਰੇਮੀ ਇਕ-ਦੂਜੇ ਨੂੰ ਪੱਤਰ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ। ਅੱਜਕਲ ਪਿਆਰ 'ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਾਂ ਨੇ ਆਸਾਨ ਕਰ ਦਿੱਤਾ ਹੈ।
ਆਨਲਾਈਨ ਗੁਲਾਬ ਭੇਜਣ ਦਾ ਚੱਲਿਆ ਰਿਵਾਜ
ਹਮੇਸ਼ਾ ਭਗਵਾਨ ਦੇ ਚਰਨਾਂ 'ਚ ਹੀ ਸਜਣ ਵਾਲਾ ਗੁਲਾਬ ਦਾ ਫੁੱਲ ਅੱਜ ਲੋਕਾਂ ਦੇ ਹੱਥਾਂ 'ਚ ਜ਼ਿਆਦਾ ਨਜ਼ਰ ਆਇਆ। ਗੁਲਾਬ ਦੀ ਵਿਕਰੀ ਰੋਜ਼ ਡੇ 'ਤੇ ਖੂਬ ਹੋਈ। ਇਸ ਨਾਲ ਗੁਲਾਬ ਦੇ ਰੇਟਾਂ 'ਚ ਵੀ ਉਛਾਲ ਆਇਆ। ਨੌਜਵਾਨਾਂ ਨੇ ਜ਼ਿਆਦਾਤਰ ਰੈੱਡ ਰੋਜ਼ ਖਰੀਦਣ 'ਚ ਹੀ ਦਿਲਚਸਪੀ ਦਿਖਾਈ। ਰੋਜ਼ ਡੇ 'ਤੇ ਮਿਲ ਕੇ ਤਾਂ ਗੁਲਾਬ ਭੇਟ ਕਰਨ ਦੀ ਪ੍ਰੰਪਰਾ ਨਿਭਾਈ ਹੀ ਗਈ, ਇਸ ਦੇ ਨਾਲ-ਨਾਲ ਦੂਰ ਬੈਠੇ ਅਜ਼ੀਜ਼ਾਂ ਨੂੰ ਗੁਲਾਬ ਭੇਜਣ ਲਈ ਪ੍ਰੇਮ ਪੁਜਾਰੀਆਂ ਨੇ ਇੰਟਰਨੈੱਟ ਦਾ ਸਹਾਰਾ ਲਿਆ ਅਤੇ ਆਨਲਾਈਨ ਗੁਲਾਬ ਭੇਜ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ।


Related News