CM ਮਾਨ ਦੇ ਨਿਰਦੇਸ਼ਾਂ ਮਗਰੋਂ ਪਸ਼ੂਆਂ ਨੂੰ ਬੀਮਾਰੀ-ਮੁਕਤ ਰੱਖਣ ਲਈ ਟੀਕਾਕਰਨ ਮੁਹਿੰਮ ’ਚ ਲਿਆਂਦੀ ਤੇਜ਼ੀ
Sunday, Jul 16, 2023 - 12:18 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨੁੱਖੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਬੇਜ਼ੁਬਾਨੇ ਪਸ਼ੂਆਂ ਨੂੰ ਬੀਮਾਰੀ-ਮੁਕਤ ਰੱਖਣ ਦੇ ਨਿਰਦੇਸ਼ਾਂ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਹੈ। ਹੜ੍ਹਾਂ ਕਾਰਣ ਬੀਮਾਰ ਹੋਏ 2862 ਪਸ਼ੂਆਂ ਦਾ ਜਿੱਥੇ ਇਲਾਜ ਕੀਤਾ ਗਿਆ ਹੈ, ਉੱਥੇ ਹੀ 11672 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੀ ਸਰਗਰਮੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਹੜ੍ਹਾਂ ਦੇ ਹਾਲਾਤ ਦਰਮਿਆਨ ਮਾਂ ਚਰਨ ਕੌਰ ਨੂੰ ਆਈ ਪੁੱਤ ਮੂਸੇਵਾਲਾ ਦੀ ਯਾਦ, ਹੋਈ ਭਾਵੁਕ
ਇਸ ਵੇਲੇ 359 ਰੈਪਿਡ ਰਿਸਪਾਂਸ ਟੀਮਾਂ ਕਾਰਜਸ਼ੀਲ ਹਨ, ਜਦਕਿ ਮੈਡੀਕਲ ਕੈਂਪਾਂ ਦੀ ਗਿਣਤੀ 263 ਕਰ ਦਿੱਤੀ ਗਈ ਹੈ। ਓਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਂਦਿਆਂ 25160 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਗਿਆ ਹੈ। ਸੂਬੇ ਵਿਚ ਕੁੱਲ 164 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿਚ 3331 ਲੋਕ ਰਹਿ ਰਹੇ ਹਨ। ਸਭ ਤੋਂ ਜ਼ਿਆਦਾ 56 ਰਾਹਤ ਕੈਂਪ ਜਲੰਧਰ ਜ਼ਿਲ੍ਹੇ ਵਿਚ ਹਨ। ਇਕ ਬੁਲਾਰੇ ਨੇ ਦੱਸਿਆ 14 ਜ਼ਿਲ੍ਹਿਆਂ ਦੇ 1390 ਪਿੰਡ ਹਾਲੇ ਵੀ ਹੜ੍ਹ ਪ੍ਰਭਾਵਿਤ ਹਨ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਗੋਵਿੰਦਾ ਦੀ ਧੀ ਟੀਨਾ ਆਹੂਜਾ
ਇਸ ਵੇਲੇ ਜਿਹੜੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਉਨ੍ਹਾਂ ’ਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਦੇ ਨਾਂ ਸ਼ਾਮਲ ਹਨ। ਵੱਖ-ਵੱਖ ਜ਼ਿਲ੍ਹਿਆਂ ’ਚੋਂ ਮਾਲ ਵਿਭਾਗ ਨੂੰ ਮਿਲੀ ਰਿਪੋਰਟ ਮੁਤਾਬਿਕ ਸੂਬੇ ਵਿਚ ਹੜ੍ਹਾਂ ਕਾਰਣ ਕੁੱਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3 ਹਾਲੇ ਵੀ ਲਾਪਤਾ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸੁੱਕੇ ਫੂਡ ਪੈਕੇਟਾਂ ਦੀ ਲਗਾਤਾਰ ਵੰਡ ਕੀਤੀ ਜਾ ਰਹੀ ਹੈ। ਸਿਰਫ ਪਟਿਆਲਾ (52000) ਅਤੇ ਰੂਪਨਗਰ (20030) ਵਿਚ ਹੀ 72 ਹਜ਼ਾਰ ਤੋਂ ਜ਼ਿਆਦਾ ਸੁੱਕੇ ਫੂਡ ਪੈਕੇਟ ਵੰਡੇ ਜਾ ਚੁੱਕੇ ਹਨ।