ਜੇਕਰ ਤੁਸੀਂ ਵੀ ਚਲਾਉਂਦੇ ਹੋ ਗੀਜ਼ਰ ਤਾਂ ਵਰਤੋਂ ਸਾਵਧਾਨੀ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Monday, Dec 16, 2024 - 05:49 PM (IST)

ਕਪੂਰਥਲਾ (ਧੀਰ)-ਜਿਵੇਂ-ਜਿਵੇਂ ਦਸੰਬਰ ਦਾ ਮਹੀਨਾ ਬੀਤ ਰਿਹਾ ਹੈ, ਠੰਡ ਵੀ ਵਧਦੀ ਜਾ ਰਹੀ ਹੈ। ਇਨ੍ਹੀਂ ਦਿਨੀਂ ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਅਤੇ ਕਦੇ-ਕਦਾਈਂ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਹੈ। ਇਸ ਤੋਂ ਬਚਣ ਲਈ ਲੋਕ ਜਾਂ ਤਾਂ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ ਜਾਂ ਫਿਰ ਹੀਟਰ ਅਤੇ ਬਾਲਣ ਦਾ ਸਹਾਰਾ ਲੈਂਦੇ ਵੇਖੇ ਜਾ ਸਕਦੇ ਹਨ। ਇਸ ਵਧਦੀ ਠੰਡ ਨੇ ਜਿੱਥੇ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀਟਰ, ਗੀਜ਼ਰ ਆਦਿ ਦੀ ਮਾਰਕਿਟ ‘ਚ ਵੀ ਤੇਜੀ ਆਉਣੀ ਸ਼ੁਰੂ ਹੋ ਗਈ ਹੈ।

ਗੌਰਤਲਬ ਹੈ ਕਿ ਪਹਿਲੇ ਸਮਿਆਂ ਵਿਚ ਸਵੇਰੇ ਇਸ਼ਨਾਨ ਕਰਨ ਲਈ ਚੁੱਲ੍ਹੇ 'ਤੇ ਲੱਕੜਾਂ ਨਾਲ ਅੱਗ ਬਾਲ ਕੇ ਪਾਣੀ ਗਰਮ ਕੀਤਾ ਜਾਂਦਾ ਸੀ। ਸਮੇਂ ਦੇ ਨਾਲ ਚੀਜ਼ਾਂ ਬਦਲ ਗਈਆਂ। ਹੁਣ ਲੋਕ ਆਪਣੇ ਘਰਾਂ ਦੇ ਬਾਥਰੂਮਾਂ ਵਿੱਚ ਗੈਸ ਗੀਜ਼ਰ ਦੀ ਵਰਤੋਂ ਕਰਦੇ ਹਨ। ਸਾਵਧਾਨੀ ਅਤੇ ਜਾਗਰੂਕਤਾ ਦੀ ਅਣਹੋਂਦ ਵਿੱਚ, ਆਧੁਨਿਕ ਤਰੀਕੇ ਘਾਤਕ ਸਿੱਧ ਹੋ ਸਕਦੇ ਹਨ। ਇਸ ਲਈ ਗੈਸ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੇ ਨਾਲ-ਨਾਲ ਸੁਰੱਖਿਅਤ ਉਪਾਅ ਵੀ ਕਰਨੇ ਚਾਹੀਦੇ ਹਨ। ਦਸੰਬਰ ਦੇ ਮਹੀਨੇ ਤੋਂ ਹੀ ਠੰਡ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਰਦੀਆਂ ‘ਚ ਜਿਆਦਾਤਰ ਲੋਕ ਸਿਰਫ਼ ਗਰਮ ਪਾਣੀ ਨਾਲ ਹੀ ਨਹਾਉਂਦੇ ਹਨ। ਜ਼ਿਆਦਾਤਰ ਪਰਿਵਾਰ ਪਾਣੀ ਗਰਮ ਕਰਨ ਲਈ ਇਲੈਕਟ੍ਰਿਕ ਜਾਂ ਗੈਸ ਗੀਜ਼ਰ ਦੀ ਵਰਤੋਂ ਕਰਦੇ ਹਨ। ਸਰਦੀਆਂ ਦੌਰਾਨ ਕਈ ਵਾਰ ਬਿਜਲੀ ਅਤੇ ਗੈਸ ਗੀਜ਼ਰ ਫਟਣ ਜਾਂ ਗੈਸ ਲੀਕ ਹੋਣ ਜਾਂ ਬਿਜਲੀ ਦਾ ਕਰੰਟ ਲੱਗਣ ਨਾਲ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਘਰ ਦੇ ਬਾਥਰੂਮ 'ਚ ਗੀਜ਼ਰ ਲਗਾਇਆ ਜਾਵੇ ਤਾਂ ਹਵਾ ਦੇ ਆਉਣ ਜਾਣ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਆਈ. ਐੱਸ. ਆਈ. ਮਾਰਕ ਵਾਲੀਆਂ ਕੰਪਨੀਆਂ ਦੇ ਛੋਟੇ ਜਾਂ ਵੱਡੇ ਗੀਜ਼ਰ ਦੀ ਹੀ ਵਰਤੋਂ ਕਰੋ। ਜੇਕਰ ਇਲੈਕਟ੍ਰਿਕ ਗੀਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਲੀ ਦਾ ਬਿੱਲ ਵੱਧ ਜਾਂਦਾ ਹੈ ਕਿਉਂਕਿ ਇਹ ਇਲੈਕਟ੍ਰਿਕ ਯੂਨਿਟਾਂ ਨਾਲੋਂ ਸਸਤਾ ਹੈ, ਲੋਕ ਆਪਣੇ ਘਰਾਂ ‘ਚ ਪਾਣੀ ਗਰਮ ਕਰਨ ਲਈ ਗੈਸ ਗੀਜ਼ਰ ਦੀ ਵਰਤੋਂ ਕਰਦੇ ਹਨ ਪਰ ਗੈਸ ਗੀਜ਼ਰ ਸਸਤੇ ਹੋਣ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਸੁਰੱਖਿਆ ਉਪਾਵਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੈ। ਡਾਕਟਰਾਂ ਅਨੁਸਾਰ ਐੱਲ. ਪੀ. ਜੀ. ‘ਚ ਬਿਊਟੇਨ ਅਤੇ ਪ੍ਰੋਪੇਨ ਗੈਸ ਹੁੰਦੀ ਹੈ, ਜੋ ਗੀਜ਼ਰ ‘ਚ ਜਲਣ ਤੋਂ ਬਾਅਦ ਕਾਰਬਨਡਾਈਆਕਸਾਈਡ ਬਣਦੀ ਹੈ।

ਗੈਸ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਰੱਖੋ ਇਹ ਸਾਵਧਾਨੀਆਂ
ਜੇਕਰ ਗੈਸ ਗੀਜ਼ਰ ਲਗਾਇਆ ਗਿਆ ਹੈ, ਤਾਂ ਗੀਜ਼ਰ ਤੇ ਗੈਸ ਸਿਲੰਡਰ ਨੂੰ ਬਾਥਰੂਮ ਤੋਂ ਬਾਹਰ ਰੱਖੋ।
ਗੇਟ ਬੰਦ ਕਰਨ ਤੋਂ ਪਹਿਲਾਂ ਬਾਲਟੀ ਨੂੰ ਗਰਮ ਪਾਣੀ ਨਾਲ ਭਰ ਦਿਓ।
ਬਾਥਰੂਮ ‘ਚ ਹਵਾ ਦੇ ਆਉਣ-ਜਾਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਜਦੋਂ ਕੋਈ ਮੈਂਬਰ ਨਹਾ ਲਵੇ ਤਾਂ ਬਾਥਰੂਮ ਦਾ ਗੇਟ ਕੁਝ ਦੇਰ ਲਈ ਖੁੱਲ੍ਹਾ ਛੱਡ ਦਿਓ।
ਬਹੁਤ ਸਾਰੇ ਲੋਕਾਂ ਦੇ ਇੱਕ ਤੋਂ ਬਾਅਦ ਇੱਕ ਨਹਾਉਣ ਕਾਰਨ ਬਾਥਰੂਮ ਵਿੱਚ ਕਾਰਬਨਮੋਨੋਆਕਸਾਈਡ ਜਮ੍ਹਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ

ਗੀਜ਼ਰ ਨੂੰ ਜ਼ਿਆਦਾ ਦੇਰ ਤੱਕ ਚਾਲੂ ਨਾ ਰੱਖੋ
ਜੇਕਰ ਗੀਜ਼ਰ ਗੈਸ ਅਧਾਰਤ ਹੈ ਤਾਂ ਇਸ ‘ਚ ਐੱਲ. ਪੀ. ਜੀ. ਵਰਤਿਆ ਜਾਂਦਾ ਹੈ। ਇਹ ਗੀਜ਼ਰ ਖ਼ਤਰਨਾਕ ਕਾਰਬਨ ਮੋਨੋਆਕਸਾਈਡ ਤੇ ਨਾਈਟ੍ਰਿਕ ਆਕਸਾਈਡ ਪੈਦਾ ਕਰਦੇ ਹਨ। ਜੇਕਰ ਇਸ ਗੈਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਲੋਕ ਬੇਹੋਸ਼ ਵੀ ਹੋ ਸਕਦੇ ਹਨ। ਬਾਥਰੂਮ ਬੰਦ ਰੱਖਣ ਤੇ ਗੀਜ਼ਰ ਨੂੰ ਜਿਆਦਾ ਦੇਰ ਤੱਕ ਚਲਾਉਣ ਨਾਲ ਸਾਹ ਘੁੱਟਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਗੀਜ਼ਰ ਨੂੰ ਜਿਆਦਾ ਦੇਰ ਤੱਕ ਚਾਲੂ ਨਾ ਰੱਖੋ।

ਵਿਅਕਤੀ ਬਾਥਰੂਮ ‘ਚ ਹੋ ਸਕਦਾ ਹੈ ਬੇਹੋਸ਼
ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਨੋਆਕਸਾਈਡ ਗੈਸ ਕਾਰਨ ਵਿਅਕਤੀ ਨੂੰ ਮਾਈਗਰੇਨ ਵਰਗੇ ਦੌਰੇ ਪੈ ਸਕਦੇ ਹਨ ਅਤੇ ਉਹ ਬੇਹੋਸ਼ ਵੀ ਹੋ ਸਕਦਾ ਹੈ।ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੱਕ ਕਾਰਬਨ ਮੋਨੋਆਕਸਾਈਡ ਗੈਸ ਦੇ ਸੰਪਰਕ ‘ਚ ਰਹਿੰਦਾ ਹੈ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ।ਜੇਕਰ ਵਿਅਕਤੀ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਯਾਦਦਾਸ਼ਤ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਬਾਥਰੂਮ ‘ਚ ਗੈਸ ਗੀਜ਼ਰ ਲਗਾਉਣ ਤੋਂ ਪਹਿਲਾਂ ਸੁਰੱਖਿਆ ਦੇ ਸਾਰੇ ਉਪਾਅ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ-ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ

ਔਰਤਾਂ ਹੁੰਦੀਆਂ ਹਨ ਜ਼ਿਆਦਾ ਸ਼ਿਕਾਰ
ਡਾ. ਨੇਹਾ ਜਰਿਆਲ ਨੇ ਕਿਹਾ ਕਿ ਬਾਥਰੂਮ ‘ਚ ਜਿੱਥੇ ਗੈਸ ਗੀਜ਼ਰ ਲਗਾਇਆ ਗਿਆ ਹੈ, ਉੱਥੇ ਹਵਾ ਦੇ ਆਉਣ ਜਾਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਜੇਕਰ ਬਾਥਰੂਮ ‘ਚ ਹਵਾ ਦੇ ਆਉਣ ਜਾਣ ਦਾ ਪ੍ਰਬੰਧ ਨਾ ਹੋਵੇ ਤਾਂ ਗੀਜ਼ਰ ਵਿੱਚੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਗੈਸ ਵੱਧ ਜਾਂਦੀ ਹੈ ਤੇ ਮਨੁੱਖ ਨੂੰ ਜੀਵਨ ਦੇਣ ਵਾਲੀ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੈਸ ਗੀਜ਼ਰ ਨਾਲ ਹੋਣ ਵਾਲੇ ਹਾਦਸਿਆਂ ਦਾ ਸ਼ਿਕਾਰ ਔਰਤਾਂ ਜਿਆਦਾ ਹੁੰਦੀਆਂ ਹਨ ਕਿਉਂਕਿ ਔਰਤਾਂ ਨੂੰ ਨਹਾਉਣ ਲਈ ਮਰਦਾਂ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ।

ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News