ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਨਹੀਂ ਕੀਤਾ ਜਾ ਸਕਦਾ ਸਮਝੌਤਾ : ਸੁਖਬੀਰ ਬਾਦਲ
Wednesday, Mar 22, 2023 - 09:03 PM (IST)
ਮਲੋਟ (ਜੁਨੇਜਾ) : ਪੰਜਾਬ 'ਚ ਵਾਪਰੇ ਤਾਜ਼ਾ ਘਟਨਾਕ੍ਰਮ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖਵਾਦੀ ਤਾਕਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੇ ਬਿਆਨ ’ਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਵੱਖਵਾਦੀ ਤਾਕਤਾਂ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕਰਦਾ ਹੈ, ਜੋ ਪੰਜਾਬ ’ਚ ਅਸਥਿਰਤਾ ਪੈਦਾ ਕਰਨਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ
ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ’ਚ ਵੋਟਾਂ ਹਾਸਲ ਕਰਨ ਲਈ ਇਸ ਬਹਾਦਰ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਾਰੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਰ ਭਾਈਚਾਰੇ ਤੇ ਖਾਸ ਕਰਕੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਡਟ ਕੇ ਲੜੇਗਾ। ਇਕ ਆਪ੍ਰੇਸ਼ਨ ਦੀ ਆੜ ’ਚ ਬੇਕਸੂਰ ਨੌਜਵਾਨਾਂ ’ਤੇ ਕੀਤੇ ਜਾ ਰਹੇ ਜਬਰ, ਜ਼ੁਲਮ ਅਤੇ ਗ੍ਰਿਫ਼ਤਾਰੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਅੱਜ ਪੰਜਾਬੀਆਂ ’ਚ ਫੈਲੇ ਭੈਅ ਅਤੇ ਬੇਚੈਨੀ ਨੂੰ ਠੱਲ੍ਹ ਪੈ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਵੱਲੋਂ ਫਰਾਰ ਹੋਣ ਲਈ ਵਰਤਿਆ ਪਲੈਟੀਨਾ ਮੋਟਰਸਾਈਕਲ ਬਰਾਮਦ
ਉਧਰ, ਮਾਣਯੋਗ ਅਦਾਲਤ ਵੱਲੋਂ ਮਿਲੀ ਰਾਹਤ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਕਾਨੂੰਨ ’ਚ ਵਿਸ਼ਵਾਸ ਰੱਖਦੇ ਹਨ। ਸੁਖਬੀਰ ਸਿੰਘ ਬਾਦਲ ਨੇ ਵੱਡੇ ਬਾਦਲ ਵਿਰੁੱਧ ਦਰਜ ਮੁਕੱਦਮੇ ਦੀ ਨਿੰਦਾ ਕਰਦਿਆਂ ਕਿਹਾ ਕਿ 96 ਸਾਲ ਦੇ ਬਜ਼ੁਰਗ ਆਗੂ ਵਿਰੁੱਧ ਮਾਮਲਾ ਸਿਰਫ਼ ਸਿਆਸੀ ਕਿੜ ਕੱਢਣ ਲਈ ਦਰਜ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।