ਸਰਕੂਲਰ ਜਾਰੀ ਨਾ ਹੋਣ ਨਾਲ ਭੰਬਲਭੂਸਾ: 600 ਯੂਨਿਟ ਤੋਂ ਉੱਪਰ ਖਪਤ ’ਤੇ ਆਵੇਗਾ ਪੂਰਾ ਬਿੱਲ

Wednesday, Jul 06, 2022 - 03:09 PM (IST)

ਸਰਕੂਲਰ ਜਾਰੀ ਨਾ ਹੋਣ ਨਾਲ ਭੰਬਲਭੂਸਾ: 600 ਯੂਨਿਟ ਤੋਂ ਉੱਪਰ ਖਪਤ ’ਤੇ ਆਵੇਗਾ ਪੂਰਾ ਬਿੱਲ

ਜਲੰਧਰ (ਪੁਨੀਤ)– ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਫ਼ਤ ਬਿਜਲੀ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, ਉਹ 1 ਜੁਲਾਈ ਤੋਂ ਲਾਗੂ ਹੋ ਚੁੱਕਾ ਹੈ ਪਰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਦਾ ਕੀ ਸਿਸਟਮ ਬਣਾਇਆ ਗਿਆ ਹੈ, ਇਸ ਸਬੰਧੀ ਸਰਕੂਲਰ ਜਾਰੀ ਨਾ ਹੋਣ ਕਰਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਵਿਭਾਗੀ ਅਧਿਕਾਰੀ ਵੀ ਸਰਕੂਲਰ ਦੀ ਉਡੀਕ ਕਰ ਰਹੇ ਹਨ ਕਿਉਂਕਿ ਬਿੱਲ ਮੁਆਫ਼ੀ ਦੇ ਐਲਾਨ ਨੂੰ ਲੈ ਕੇ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ, ਜਿਸ ਕਾਰਨ ਮਹਿਕਮੇ ਨੇ ਡਿਫ਼ਾਲਟਰ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦਾ ਕੰਮ ਵੀ ਰੋਕਿਆ ਹੋਇਆ ਹੈ।
ਅਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਖ਼ਪਤਕਾਰਾਂ ਨੂੰ ਇਕ ਮਹੀਨੇ ਦੇ 300 ਯੂਨਿਟ ਮੁਫ਼ਤ ਦਿੱਤੇ ਜਾਣਗੇ ਅਤੇ ਬਿੱਲ ਬਣਨ ਦੀ ਪ੍ਰਕਿਰਿਆ ਮੁਤਾਬਕ 2 ਮਹੀਨਿਆਂ ਬਾਅਦ ਆਉਣ ਵਾਲੇ ਬਿੱਲ ਵਿਚ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਖਪਤਕਾਰ ਜੇਕਰ 600 ਯੂਨਿਟ ਤੋਂ ਉੱਪਰ ਬਿਜਲੀ ਦੀ ਖ਼ਪਤ ਕਰਦਾ ਹੈ ਤਾਂ ਉਸ ਨੂੰ 600 ਯੂਨਿਟ ਦਾ ਵੀ ਭੁਗਤਾਨ ਕਰਨਾ ਪਵੇਗਾ। ਇਸ ਮੁਤਾਬਕ ਜਿਸ ਖ਼ਪਤਕਾਰ ਦਾ 600 ਯੂਨਿਟ ਦਾ ਬਿੱਲ ਬਣੇਗਾ, ਉਹ ਮੁਆਫ਼ ਹੋਵੇਗਾ ਅਤੇ 601 ਯੂਨਿਟ ਦਾ ਬਿੱਲ ਬਣਨ ’ਤੇ ਪੂਰੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ

ਮੁਫ਼ਤ ਬਿਜਲੀ ਦੀ ਸਹੂਲਤ ਦਾ ਪਹਿਲਾਂ ਤੋਂ ਲਾਭ ਉਠਾ ਰਹੇ ਖ਼ਪਤਕਾਰਾਂ ਲਈ ਰਾਹਤ ਰਹੇਗੀ। ਜਿਹੜੇ ਵਿਅਕਤੀਆਂ ਨੇ ਰਾਖਵੀਂ ਸ਼੍ਰੇਣੀ ਦਾ ਸਰਟੀਫਿਕੇਟ ਦੇ ਕੇ ਮੀਟਰ ਅਪਲਾਈ ਕੀਤਾ ਹੈ, ਉਨ੍ਹਾਂ ਨੂੰ 600 ਯੂਨਿਟ ਦੇ ਉੱਪਰ ਵਾਲੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤਰ੍ਹਾਂ ਜੇਕਰ ਉਕਤ ਖ਼ਪਤਕਾਰ 650 ਯੂਨਿਟ ਦੀ ਖ਼ਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ 50 ਯੂਨਿਟ ਦੀ ਅਦਾਇਗੀ ਕਰਨੀ ਹੋਵੇਗੀ। ਇਹ ਸਹੂਲਤ ਸਿਰਫ਼ ਇਕ ਕਿਲੋਵਾਟ ਵਾਲੇ ਖ਼ਪਤਕਾਰਾਂ ’ਤੇ ਲਾਗੂ ਹੋਵੇਗੀ। ਉਥੇ ਹੀ, ਬਿਜਲੀ ਮੁਆਫੀ ਨੂੰ ਲੈ ਕੇ ਵੀ ਸਥਿਤੀ ਸਪੱਸ਼ਟ ਨਹੀਂ ਹੈ। ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਤੱਕ ਜਾਰੀ ਹੁਕਮਾਂ ਮੁਤਾਬਕ 2 ਕਿਲੋਵਾਟ ਤੱਕ ਵਾਲੇ ਖਪਤਕਾਰਾਂ ਦਾ ਦਸੰਬਰ ਤੱਕ ਦਾ ਬਿੱਲ ਮੁਆਫ ਕੀਤਾ ਗਿਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ 7 ਕਿਲੋਵਾਟ ਵਾਲੇ ਖ਼ਪਤਕਾਰਾਂ ਦਾ ਦਸੰਬਰ ਤੱਕ ਦਾ ਬਿੱਲ ਮੁਆਫ਼ ਹੋ ਜਾਵੇਗਾ। ਜਿਹੜੇ ਖ਼ਪਤਕਾਰਾਂ ਵੱਲੋਂ ਬਿੱਲ ਜਮ੍ਹਾ ਕਰਵਾਇਆ ਜਾ ਚੁੱਕਾ ਹੈ, ਉਨ੍ਹਾਂ ਨੂੰ ਕੋਈ ਸਹੂਲਤ ਮਿਲੇਗੀ ਜਾਂ ਨਹੀਂ, ਇਸ ਗੱਲ ’ਤੇ ਵੀ ਅਜੇ ਭੰਬਲਭੂਸਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ

ਮਹਿਕਮੇ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੁਨੈਕਸ਼ਨ ਕੱਟਣ ਦਾ ਕੰਮ ਰੋਕੇ ਜਾਣ ਨਾਲ ਮਾਲੀਆ ਇਕੱਤਰ ਹੋਣ ’ਤੇ ਵੀ ਬ੍ਰੇਕ ਲੱਗੀ ਹੋਈ ਹੈ। ਮਹਿਕਮੇ ਦੀਆਂ ਲਿਸਟਾਂ ਤਿਆਰ ਹਨ। ਸਰਕੂਲਰ ਜਾਰੀ ਹੋਣ ਤੋਂ ਬਾਅਦ ਦਸੰਬਰ ਤੱਕ ਦਾ ਬਿੱਲ ਮੁਆਫ਼ ਕਰਕੇ ਬਣਦੀ ਰਾਸ਼ੀ ਵਸੂਲੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕੁਨੈਕਸ਼ਨ ਕੱਟਣ ’ਤੇ ਰੋਕ ਲਾਈ ਗਈ ਹੈ ਪਰ ਦਸੰਬਰ ਤੱਕ ਦੇ ਬਿੱਲਾਂ ਦੀ ਰਿਕਵਰੀ ਹੋ ਚੁੱਕੀ ਹੈ।

ਸਰਕੂਲਰ ਆਉਣ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ: ਚੀਫ ਇੰਜੀ.
ਨਾਰਥ ਜ਼ੋਨ ਦੇ ਚੀਫ਼ ਇੰਜੀ. ਦਵਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਜਿਹੜਾ ਫ਼ੈਸਲਾ ਲਿਆ ਹੈ, ਉਸ ਨੂੰ ਲੈ ਕੇ ਪਾਵਰਕਾਮ ਦੇ ਹੈੱਡ ਆਫ਼ਿਸ ਪਟਿਆਲਾ ਤੋਂ ਸਰਕੂਲਰ ਜਾਰੀ ਕੀਤਾ ਜਾਵੇਗਾ। ਜਦੋਂ ਤੱਕ ਸਰਕੂਲਰ ਨਹੀਂ ਆ ਜਾਂਦਾ, ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਜਿਹੜਾ ਫ਼ੈਸਲਾ ਲਿਆ ਜਾਵੇਗਾ, ਨੂੰ ਲਾਗੂ ਕਰਵਾਉਣ ਵਿਚ ਦੇਰੀ ਨਹੀਂ ਕੀਤੀ ਜਾਵੇਗੀ। ਸਬੰਧਤ ਖ਼ਪਤਕਾਰਾਂ ਨੂੰ 1 ਜੁਲਾਈ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News