ਬਿੱਟੂ ਦੀ ਮੌਤ ਨਾਲ ਖੜ੍ਹੇ ਹੋਏ ਕਈ ਸਵਾਲ : ਯੂਨਾਈਟਿਡ ਸਿੱਖ ਮੂਵਮੈਂਟ

06/26/2019 11:31:30 AM

ਚੰਡੀਗੜ੍ਹ (ਭੁੱਲਰ) : ਯੂਨਾਈਟਿਡ ਸਿੱਖ ਮੂਵਮੈਂਟ ਦੇ ਚੇਅਰਮੈਨ ਡਾ. ਭਗਵਾਨ ਸਿੰਘ, ਵਾਈਸ ਚੇਅਰਮੈਨ ਗੁਰਨਾਮ ਸਿੰਘ ਸਿੱਧੂ, ਸਕੱਤਰ ਜਨਰਲ ਕੈਪਟਨ ਚੰਨਣ ਸਿੰਘ ਸਿੱਧੂ ਅਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਇਕ ਸਾਂਝੇ ਪ੍ਰੈੱਸ ਬਿਆਨ 'ਚ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲਕੇ ਅਤੇ ਗੁਰੂਸਰ ਭਗਤਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੀ ਮੌਤ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਕਿਧਰੇ ਇਹ ਅਸਲ ਸਾਜ਼ਿਸ਼ ਕਾਰੀਆਂ ਨੂੰ ਬਚਾਉਣ ਲਈ ਤਾਂ ਨਹੀਂ ਕੀਤਾ ਗਿਆ।
ਮੂਵਮੈਂਟ ਦੇ ਆਗੂਆਂ ਨੇ ਕਿਹਾ ਕਿ ਬਿੱਟੂ ਨੂੰ ਜਦੋਂ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਪੁਲਸ ਨੇ ਉਸ ਤੋਂ ਬੇਅਦਬੀ ਦੀਆਂ ਵਾਰਦਾਤਾਂ ਬਾਰੇ ਕੋਈ ਪੁੱਛਗਿੱਛ ਵੀ ਨਹੀਂ ਸੀ ਕੀਤੀ ਪਰ ਜਦੋਂ ਉਸ ਨੂੰ ਇਕ ਸਾੜ ਫੂਕ ਦੇ ਕੇਸ 'ਚ ਜੇਲ ਭੇਜਿਆ ਤਾਂ ਉਸ ਨੇ ਜੇਲ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹੈ, ਕਿਉਂਕਿ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਜਿਸ ਲਈ ਉਸ ਨੂੰ ਕੋਈ ਮਾਰ ਸਕਦਾ ਹੈ ਜਾਂ ਉਹ ਖੁਦਕੁਸ਼ੀ ਵੀ ਕਰ ਸਕਦਾ ਹੈ। ਜੇਲ ਸੁਪਰਡੈਂਟ ਨੇ ਉਹ ਚਿੱਠੀ ਇਲਾਕਾ ਮੈਜਿਸਟਰੇਟ ਮੋਗਾ ਕੋਲ ਪੇਸ਼ ਕੀਤੀ, ਜਿਸ ਨੇ ਵਾਰੰਟ ਭੇਜ ਕੇ ਮਹਿੰਦਰਪਾਲ ਬਿੱਟੂ ਦਾ ਇਕਬਾਲੀਆ ਬਿਆਨ ਦਰਜ ਕੀਤਾ। ਇਸ ਤੋਂ ਇਲਾਵਾ ਬਿੱਟੂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਵੀ ਆਪਣਾ ਬਿਆਨ ਦਰਜ ਕਰਵਾਇਆ ਸੀ।

ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਿੱਟੂ ਨੂੰ ਮੋਹਰਾ ਬਣਾ ਕੇ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ, ਉਹ ਇਸ ਗਲ ਤੋਂ ਡਰੇ ਹੋਏ ਸਨ ਕਿ ਬਿੱਟੂ ਅਦਾਲਤ ਵਿਚ ਉਨ੍ਹਾਂ ਦੇ ਸਾਰੇ ਭੇਤ ਖੋਲ੍ਹ ਸਕਦਾ ਹੈ। ਇਸੇ ਲਈ ਬਿੱਟੂ ਨੂੰ ਪਿਛਲੀ ਤਰੀਕ 'ਤੇ ਪੇਸ਼ੀ 'ਤੇ ਵੀ ਨਹੀਂ ਲਿਜਾਇਆ ਗਿਆ। ਹੁਣ ਉਹ ਅਗਲੀ ਤਰੀਕ, ਜੋ ਜੁਲਾਈ 'ਚ ਸੀ, 'ਤੇ ਆਪਣੇ ਬਿਆਨ ਦੀ ਪੁਸ਼ਟੀ ਦੇ ਨਾਲ ਬੇਅਦਬੀ ਕਰਾਉਣ ਵਾਲਿਆਂ ਦੇ ਨਾਂ ਵੀ ਲੈ ਸਕਦਾ ਸੀ। ਮੂਵਮੈਂਟ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਕਾਰਨ ਬਿੱਟੂ ਦੀ ਹੱਤਿਆ ਪਿੱਛੇ ਵੱਡੀ ਸਾਜ਼ਿਸ਼ ਲੱਗਦੀ ਹੈ, ਜਿਸ ਦੀ ਹਾਈਕੋਰਟ ਦੇ ਸਿਟਿੰਗ ਜੱਜ ਰਾਹੀਂ ਜਾਂਚ ਹੋਣੀ ਚਾਹੀਦੀ ਹੈ।


Babita

Content Editor

Related News