ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ 8 ਕਰੋੜ ਦੀ ਲਾਗਤ ਨਾਲ ਸ੍ਰੀ ਦਰਬਾਰ ਸਾਹਿਬ ’ਚ ਲਗਵਾਏਗਾ ਸੋਲਰ ਸਿਸਟਮ
Monday, Mar 22, 2021 - 04:26 PM (IST)
ਅੰਮ੍ਰਿਤਸਰ (ਸੁਮਿਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ’ਤੇ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ ਅਤੇ ਸਿੱਖ ਲੈਨਜ਼ ਫਾਉਂਡੇਸ਼ਨ ਕੈਲੀਫੋਰਨੀਆ ਦੇ ਵਫਦ ਨਾਲ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਸਿਸਟਮ ਲਗਾਉਣ ਦੇ ਫ਼ੈਸਲੇ ਮਗਰੋਂ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਮੁੱਖੀ ਸ. ਰਛਪਾਲ ਸਿੰਘ ਢੀਂਡਸਾ ਨੇ ਇਸ ਕਾਰਜ ਦੀ ਸੇਵਾ ਲਈ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਪ੍ਰਵਾਨ ਕੀਤਾ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਸੇਵਾ ਯੂਨਾਈਟਡ ਸਿੱਖ ਮਿਸ਼ਨ ਅਤੇ ਸਿੱਖ ਲੈਨਜ਼ ਫਾਉਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਇਹ ਸੋਲਰ ਸਿਸਟਮ ਇਕ ਮੈਗਾਵਾਟ ਦਾ ਹੋਵੇਗਾ, ਜਿਸ ਪੁਰ ਲੱਗਭਗ 8 ਕਰੋੜ ਖ਼ਰਚ ਆਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ਦੇ ਚਾਲੂ ਹੋਣ ਨਾਲ ਸਾਲਾਨਾ 1 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਪ੍ਰਾਜੈਕਟ ਤਖ਼ਤ ਸਾਹਿਬਾਨਾਂ ਦੇ ਨਾਲ-ਨਾਲ ਬਾਹਰਲੇ ਗੁਰਦੁਆਰਾ ਸਾਹਿਬਾਨ ’ਚ ਵੀ ਲਗਾਇਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - 400 ਸਾਲਾ ਪ੍ਰਕਾਸ਼ ਪੁਰਬ: ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ’ਚ ਭਰਵਾਂ ਸੁਆਗਤ
ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਦੇਸ਼ਾਂ ’ਚ ਵਸਦੀ ਸਿੱਖ ਸੰਗਤ ਦੇ ਮਨ ਅੰਦਰ ਗੁਰੂ ਘਰਾਂ ਪ੍ਰਤੀ ਅਥਾਹ ਸ਼ਰਧਾ ਹੈ। ਸਿੱਖ ਸੰਗਤਾਂ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਵੱਡਭਾਗਾ ਮਹਿਸੂਸ ਕਰਦੀਆਂ ਹਨ। ਉਨ੍ਹਾਂ ਇਸ ਕਾਰਜ ਲਈ ਯੂਨਾਈਟਡ ਸਿੱਖ ਮਿਸ਼ਨ ਤੇ ਸਿੱਖ ਲੈਨਜ਼ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਸ. ਰਛਪਾਲ ਸਿੰਘ ਮੁੱਖੀ ਯੂਨਾਈਟਡ ਸਿੱਖ ਮਿਸ਼ਨ ਤੇ ਵਫਦ ਮੈਂਬਰਾਂ ਦਾ ਲੋਈ, ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨ ਕੀਤਾ। ਇਸ ਮੌਕੇ ਯੂਨਾਈਟਡ ਸਿੱਖ ਮਿਸ਼ਨ ਦੇ ਮੁੱਖੀ ਸ. ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜਾਰ ਹਾਂ, ਜਿੰਨ੍ਹਾਂ ਨੇ ਕ੍ਰਿਪਾ ਕਰਕੇ ਸਾਨੂੰ ਇਸ ਸੇਵਾ ਲਈ ਚੁਣਿਆ ਹੈ।
ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਬੈਠਾ ਹਰ ਸਿੱਖ ਗੁਰੂ ਘਰ ਦੀਆਂ ਸੇਵਾਵਾਂ ਦੀ ਚਾਹਤ ਰੱਖਦਾ ਹੈ। ਉਨ੍ਹਾਂ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਕਾਰਜ ਨੂੰ ਕਰੀਬ 4 ਮਹੀਨੇ ਵਿਚ ਪੂਰਾ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਦੱਸਿਆ ਕਿ ਸੱਤ ਕੰਪਨੀਆਂ ਵੱਲੋਂ ਸਾਡੇ ਪਾਸ ਪ੍ਰਪੋਜ਼ਲ ਪਹੁੰਚੀ ਹੈ, ਜਿਸ ’ਤੇ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਟੀਮ ਕੰਮ ਕਰ ਰਹੀ ਹੈ, ਜਿਸ ਵਿਚ ਸ. ਬਲਦੇਵ ਸਿੰਘ ਕੰਗ, ਸ. ਬਲੌਰ ਸਿੰਘ ਰਿਟਾਇਡ ਡਾਇਰੈਕਟਰ ਪੇਡਾ, ਸ. ਐਨ.ਪੀ. ਸਿੰਘ ਸਾਬਕਾ ਡੀਨ ਪੀ.ਟੀ.ਯੂ., ਮਾਸਟਰ ਰਣਜੀਤ ਸਿੰਘ ਤੇ ਸ. ਅਵਤਾਰ ਸਿੰਘ ਸ਼ਾਮਲ ਹਨ।
ਇਸ ਤੋਂ ਪਹਿਲਾਂ ਸਿੱਖ ਲੈਨਜ਼ ਫਾਉਂਡੇਸ਼ਨ ਦੇ ਮੁੱਖੀ ਸ. ਵਿੱਕੀ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਪਾਕਿ ਤੇ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਜਾਣਕਾਰੀ ਨਾਲ ਸਬੰਧਿਤ ਪੁਸਤਕਾਂ ਭੇਟ ਕੀਤੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਭਾਈ ਮਨਜੀਤ ਸਿੰਘ, ਸ. ਅਮਰੀਕ ਸਿੰਘ ਵਿਛੋਆ, ਸ. ਗੁਰਮੀਤ ਸਿੰਘ ਬੂਹ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਡਾ. ਸੁਖਬੀਰ ਸਿੰਘ ਓ.ਐੱਸ.ਡੀ., ਸ. ਮਲਕੀਤ ਸਿੰਘ ਬਹਿੜਵਾਲ ਸੁਪ੍ਰਿੰਟੈਂਡੈਂਟ, ਸ. ਮੇਜਰ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।