ਬੈਂਕਾਂ ਦੀਆਂ 720 ਬ੍ਰਾਂਚਾਂ ’ਚ ਕੰਮਕਾਜ ਠੱਪ: ਪਹਿਲੇ ਦਿਨ ਦੀ ਹੜਤਾਲ ਨਾਲ 800 ਕਰੋੜ ਦਾ ਲੈਣ-ਦੇਣ ਪ੍ਰਭਾਵਿਤ

12/17/2021 2:57:57 PM

ਜਲੰਧਰ (ਪੁਨੀਤ)– ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਬੈਂਕਾਂ ਦੇ ਨਿੱਜੀਕਰਨ ਬਾਰੇ ਪੇਸ਼ ਕੀਤੇ ਜਾਣ ਵਾਲੇ ਬਿੱਲ ਦਾ ਵਿਰੋਧ ਕਰ ਰਹੇ ਬੈਂਕ ਕਰਮਚਾਰੀਆਂ ਨੇ ਬੀਤੇ ਦਿਨ ਪੂਰਨ ਰੂਪ ਵਿਚ ਕੰਮਕਾਜ ਠੱਪ ਰੱਖ ਕੇ ਪ੍ਰਦਰਸ਼ਨ ਕੀਤਾ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੀ ਅਗਵਾਈ ਵਿਚ ਕੀਤੀ ਜਾ ਰਹੀ ਦੋ ਦਿਨਾ ਹੜਤਾਲ ਦੇ ਪਹਿਲੇ ਦਿਨ ਜਲੰਧਰ ਜ਼ਿਲ੍ਹੇ ਵਿਚ 800 ਕਰੋੜ ਦਾ ਲੈਣ-ਦੇਣ ਪ੍ਰਭਾਵਿਤ ਹੋਇਆ, ਜਿਸ ਕਾਰਨ ਸਾਰੇ ਵਰਗਾਂ ਨੂੰ ਭਾਰੀ ਪਰੇਸ਼ਾਨੀ ਉਠਾਉਣੀ ਪਈ।

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂ. ਐੱਫ. ਬੀ. ਯੂ.) ਦੇ ਮੈਂਬਰਾਂ ਵਿਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.), ਆਲ ਇੰਡੀਆ ਬੈਂਕ ਆਫਿਸਰਜ਼ ਕਨਫੈੱਡਰੇਸ਼ਨ (ਏ. ਆਈ. ਬੀ. ਓ. ਸੀ.), ਨੈਸ਼ਨਲ ਕਨਫੈੱਡਰੇਸ਼ਨ ਆਫ ਬੈਂਕ ਇੰਪਲਾਈਜ਼ (ਐੱਨ. ਸੀ. ਬੀ. ਈ.), ਆਲ ਇੰਡੀਆ ਬੈਂਕ ਆਫ਼ਿਸਰਜ਼ ਐਸੋਸੀਏਸ਼ਨ (ਏ. ਆਈ. ਬੀ. ਓ. ਏ.) ਅਤੇ ਬੈਂਕ ਇੰਪਲਾਈਜ਼ ਕਨਫੈੱਡਰੇਸ਼ਨ ਆਫ਼ ਇੰਡੀਆ (ਬੀ. ਈ. ਐੱਫ. ਆਈ.) ਸਮੇਤ ਵੱਖ-ਵੱਖ ਯੂਨੀਅਨਾਂ ਦੇ ਬੈਂਕ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਨਿੱਜੀਕਰਨ ਨਾਲ ਬੈਂਕਾਂ ਦੇ ਕਰਮਚਾਰੀਆਂ ਸਮੇਤ ਜਨਤਾ ਨੂੰ ਪਰੇਸ਼ਾਨੀ ਉਠਾਉਣੀ ਪਵੇਗੀ, ਜਿਸ ਕਾਰਨ 2 ਦਿਨ ਦੀ ਹੜਤਾਲ ਕੀਤੀ ਗਈ ਹੈ। ਇਹ ਹੜਤਾਲ ਸਿਰਫ ਚਿਤਾਵਨੀ ਹੈ, ਜੇਕਰ ਸੰਸਦ ਵਿਚ ਬਿੱਲ ਪੇਸ਼ ਕੀਤਾ ਗਿਆ ਤਾਂ ਵਿਰੋਧ ਤੇਜ਼ ਕਰਦਿਆਂ ਲੰਮੀ ਹੜਤਾਲ ਕੀਤੀ ਜਾਵੇਗੀ, ਜਿਸ ਦੇ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

ਟਾਂਡਾ 'ਚ ਗਰਜੇ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਸਣੇ ਅਰਵਿੰਦ ਕੇਜਰੀਵਾਲ 'ਤੇ ਸਾਧੇ ਤਿੱਖੇ ਨਿਸ਼ਾਨੇ

PunjabKesari

ਪ੍ਰਾਈਵੇਟ ਬੈਂਕਾਂ ਨੂੰ ਛੱਡ ਕੇ ਜ਼ਿਲ੍ਹੇ ਵਿਚ ਐੱਸ. ਬੀ. ਆਈ., ਪੀ. ਐੱਨ. ਬੀ., ਓ. ਬੀ. ਸੀ., ਯੂਕੋ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ ਬੜੌਦਾ, ਕੇਨਰਾ ਬੈਂਕ ਆਦਿ ਦੀਆਂ 720 ਬ੍ਰਾਂਚਾਂ ਵਿਚ ਕੰਮਕਾਜ ਅਤੇ ਪਬਲਿਕ ਡੀਲਿੰਗ ਨਹੀਂ ਹੋ ਸਕੀ, ਜਿਸ ਕਾਰਨ 35000 ਚੈੱਕਾਂ ਦੇ ਰੂਪ ਵਿਚ ਹੋਣ ਵਾਲੀ 450 ਕਰੋੜ ਦੀ ਅਦਾਇਗੀ ਅਤੇ 350 ਕਰੋੜ ਦਾ ਕੈਸ਼ ਲੈਣ-ਦੇਣ ਪ੍ਰਭਾਵਿਤ ਹੋਇਆ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਬੈਂਕਾਂ ਦੇ ਸੈਂਕੜੇ ਕਰਮਚਾਰੀ ਪੀ. ਐੱਨ. ਬੀ. ਦੇ ਸਰਕਲ ਦਫ਼ਤਰ ਨੇੜੇ ਸ਼੍ਰੀ ਰਾਮ ਚੌਂਕ ਵਿਚ ਇਕੱਠੇ ਹੋਏ ਅਤੇ ਰੈਲੀ ਦੇ ਰੂਪ ਵਿਚ ਸਕਾਈਲਾਰਕ ਚੌਕ ਨੇੜੇ ਸਥਿਤ ਐੱਸ. ਬੀ. ਆਈ. ਦੀ ਮੇਨ ਬ੍ਰਾਂਚ ਵਿਚ ਪੁੱਜੇ। ਇਸ ਦੌਰਾਨ ਕਾਮਰੇਡ ਦਲੀਪ ਪਾਠਕ, ਦਿਨੇਸ਼ ਡੋਗਰਾ, ਪਵਨ ਬੱਸੀ, ਐੱਚ. ਐੱਸ. ਵੀਰ, ਰਾਜ ਕੁਮਾਰ ਭਗਤ ਅਤੇ ਵਿਨੋਦ ਸ਼ਰਮਾ ਨੇ ਕੇਂਦਰ ਦੀਆਂ ਨੀਤੀਆਂ ਨੂੰ ਗਲਤ ਕਰਾਰ ਦਿੱਤਾ।

ਬੁਲਾਰਿਆਂ ਨੇ ਕਿਹਾ ਕਿ ਬੈਂਕਾਂ ਦੇ ਨਿੱਜੀ ਹੱਥਾਂ ਵਿਚ ਚਲੇ ਜਾਣ ਨਾਲ ਜਨਤਾ ਨੂੰ ਭਾਰੀ ਪਰੇਸ਼ਾਨੀਆਂ ਉਠਾਉਣੀਆਂ ਪੈਣਗੀਆਂ ਅਤੇ ਲੋਨ ਆਦਿ ਦਾ ਲੈਣ-ਦੇਣ ਮਹਿੰਗਾ ਹੋ ਜਾਵੇਗਾ। ਬੈਂਕਾਂ ਦੇ ਕਰਮਚਾਰੀ ਜਨਤਾ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਜਿਸ ਕਾਰਨ ਜਨਤਾ ’ਤੇ ਵਾਧੂ ਖਰਚ ਦੀ ਮਾਰ ਨਹੀਂ ਪੈ ਰਹੀ। ਕਾਮਰੇਡ ਬੱਸੀ ਨੇ ਕਿਹਾ ਕਿ ਨਿੱਜੀਕਰਨ ਨਾਲ ਬੈਂਕਿੰਗ ਸੇਵਾਵਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ ਅਤੇ ਆਮ ਆਦਮੀ ਪ੍ਰੇਸ਼ਾਨੀ ਝੱਲਣ ’ਤੇ ਮਜਬੂਰ ਹੋ ਜਾਣਗੇ।

ਇਹ ਵੀ ਪੜ੍ਹੋ: ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ 'ਚੋਂ ਅਗਵਾ ਹੋਇਆ 9 ਸਾਲਾ ਬੱਚਾ ਬਰਾਮਦ, ਲੀਕ ਹੋਈ ਆਡੀਓ ਨੇ ਖੋਲ੍ਹੇ ਕਈ ਰਾਜ਼

PunjabKesari

ਮਹਿਲਾ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ’ਚ ਵਿਖਾਇਆ ਜੋਸ਼
ਵੱਖ-ਵੱਖ ਬੈਂਕਾਂ ਦੀਆਂ ਮਹਿਲਾ ਕਰਮਚਾਰੀਆਂ ਵੱਲੋਂ ਇਸ ਰੋਸ ਪ੍ਰਦਰਸ਼ਨ ਵਿਚ ਜੋਸ਼ ਦਿਖਾਉਂਦਿਆਂ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਹਿੰਗਾਈ ਦੀ ਮਾਰ ਨਾਲ ਹਰ ਵਰਗ ਪਰੇਸ਼ਾਨੀ ਝੱਲ ਰਿਹਾ ਹੈ, ਜਿਸ ਦੇ ਲਈ ਕੇਂਦਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਦਾ ਨਿੱਜੀਕਰਨ ਕਰਨਾ ਬਹੁਤ ਗਲਤ ਹੈ ਅਤੇ ਇਸ ਫੈਸਲੇ ਨੂੰ ਵਾਪਸ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਇਸ ਲਈ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਹਨ। ਰੋਸ ਪ੍ਰਦਰਸ਼ਨ ਵਿਚ ਸ਼੍ਰੀਮਤੀ ਬਲਜੀਤ ਕੌਰ, ਜਸਵਿੰਦਰ, ਕਨਵਰਜੀਤ, ਜਗਪ੍ਰੀਤ, ਨੇਹਾ ਆਦਿ ਮੌਜੂਦ ਸਨ।

ਰੋਸ ਰੈਲੀ ਨਾਲ ਲੱਗੇ ਜਾਮ ਕਾਰਨ ਜਨਤਾ ਹੋਈ ਪਰੇਸ਼ਾਨ 
ਉਥੇ ਹੀ, ਬੈਂਕ ਕਰਮਚਾਰੀਆਂ ਦੀ ਰੋਸ ਰੈਲੀ ਕਾਰਨ ਲੰਮਾ ਟਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਉਠਾਉਣੀਆਂ ਪਈਆਂ। ਇਸ ਕਾਰਨ ਬੀ. ਐੱਮ. ਸੀ. ਚੌਂਕ ਤੱਕ ਕਾਰਾਂ ਦੀਆਂ ਲਾਈਨਾਂ ਲੱਗ ਗਈਆਂ। ਗੁਰੂ ਨਾਨਕ ਮਿਸ਼ਨ ਚੌਕ ਵੱਲ ਆਉਣ ਵਾਲੇ ਲੋਕਾਂ ਨੂੰ ਵੀ ਨਿਕਲਣ ਵਿਚ ਦਿੱਕਤਾਂ ਪੇਸ਼ ਆਈਆਂ। ਇਸ ਦੌਰਾਨ ਬੈਂਕ ਕਰਮਚਾਰੀਆਂ ਵੱਲੋਂ ਪਬਲਿਕ ਵਿਚ ਪੈਂਫਲੇਟ ਆਦਿ ਵੰਡੇ ਗਏ, ਜਿਸ ਵਿਚ ਕੇਂਦਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 20 ਦਸੰਬਰ ਤੋਂ ਕਿਸਾਨ ਛੇੜਨਗੇ ਰੇਲ ਰੋਕੋ ਮੁਹਿੰਮ, ਪੰਜਾਬ ’ਚ ਉਦਯੋਗਾਂ ਨੂੰ ਚੁੱਕਣਾ ਪੈ ਸਕਦੈ ਨੁਕਸਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News