ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਮਾਮਲੇ ''ਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਧਰਨਾ ਸ਼ੁਰੂ
Monday, Aug 14, 2017 - 09:34 PM (IST)
ਕੋਟਕਪੂਰਾ (ਨਰਿੰਦਰ ਬੈੜ) — ਯੂਨਾਈਟਿਡ ਅਕਾਲੀ ਦਲ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਾ ਫ਼ੜਨ ਅਤੇ ਬਹਿਬਲ ਕਲਾਂ 'ਚ ਮਾਰੇ ਗਏ ਦੋ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਆਦਿ ਦੇ ਰੋਸ ਵਜੋਂ ਅੱਜ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਸਵੇਰੇ 11 ਵਜੇ ਤੋਂ ਸ਼ਾਂਤਮਈ ਰੋਸ ਧਰਨਾ ਸ਼ੁਰੂ ਹੋ ਗਿਆ। ਇਸ ਦੌਰਾਨ ਸਥਾਨਕ ਬੱਤੀਆਂ ਵਾਲੇ ਚੌਂਕ ਵਿਖੇ ਬਕਾਇਦਾ ਟੈਂਟ ਲਗਾ ਕੇ ਛਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਅਨੁਸਾਰ ਬਰਗਾੜੀ ਵਿਖੇ ਸ਼ਾਂਤਮਈ ਧਰਨਾ ਦਿੰਦੇ ਹੋਏ ਦੋ ਸਿੰਘਾਂ ਨੂੰ ਪੁਲਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਪਰ ਹਾਲੇ ਤੱਕ ਉਨ੍ਹਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੋਰੀ ਕਰਨ ਵਾਲੇ ਦੋਸ਼ੀ ਹਾਲੇ ਤੱਕ ਵੀ ਫੜੇ ਨਹੀਂ ਗਏ ਅਤੇ ਕੋਟਕਪੂਰਾ ਚੌਂਕ 'ਚ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਪੁਲਸ ਕਰਮੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਵਾਅਦੇ 'ਤੇ ਖਰੇ ਨਹੀਂ ਉਤਰੇ ਅਤੇ ਗੋਲੀ ਕਾਂਡ ਤੇ ਪਵਿੱਤਰ ਬੀੜ ਚੋਰੀ ਕਰਨ ਵਾਲਿਆਂ ਨੂੰ ਸਰਕਾਰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ।
ਆਗੂਆਂ ਨੇ ਕਿਹਾ ਕਿ ਅੱਜ ਦਾ ਇਹ ਧਰਨਾ ਬਿੱਲਕੁਲ ਸ਼ਾਂਤਮਈ ਹੋਵੇਗਾ ਅਤੇ ਇਸ ਦੌਰਾਨ ਆਵਾਜਾਈ ਤੇ ਕਿਸੇ ਦੇ ਵੀ ਕਾਰੋਬਾਰ 'ਚ ਰੁਕਾਵਟ ਨਹੀਂ ਪਾਈ ਜਾਵੇਗੀ। ਅੱਜ ਦੇ ਇਸ ਧਰਨੇ ਨੂੰ ਮੁੱਖ ਰਖਦੇ ਹੋਏ ਜ਼ਿਲਾ ਪੁਲਸ ਵੱਲੋਂ ਧਰਨੇ ਵਾਲੀ ਥਾਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿਚ ਪੁਲਸ ਬਲ ਤਾਇਨਾਤ ਕਰਨ ਤੋਂ ਇਲਾਵਾ ਸ਼ਹਿਰ ਦੇ ਮੁੱਖ ਬੱਤੀਆਂ ਵਾਲੇ ਚੌਕ ਵਿਖੇ ਪੁਲਸ ਦੇ ਉੱਚ ਅਧਿਕਾਰੀ ਹਾਜ਼ਰ ਹਨ। ਇਸ ਤੋਂ ਇਲਾਵਾ ਦੰਗਾ ਵਿਰੋਧੀ ਗੱਡੀ ਅਤੇ ਫਾਈਰ ਬ੍ਰਿਗੇਡ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ।
