ਡਾ. ਅੰਬੇਡਕਰ ਦੀ ਮੂਰਤੀ ਦਾ ਮਾਮਲਾ ਭਖਿਆ, ਅੰਮ੍ਰਿਤਸਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ

Wednesday, Jan 29, 2025 - 06:55 PM (IST)

ਡਾ. ਅੰਬੇਡਕਰ ਦੀ ਮੂਰਤੀ ਦਾ ਮਾਮਲਾ ਭਖਿਆ, ਅੰਮ੍ਰਿਤਸਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ

ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਮੂਰਤੀ ਦੇ ਅਪਮਾਨ ਨੂੰ ਲੈ ਕੇ ਸਿਆਸੀ ਸੰਗਰਾਮ ਜਾਰੀ ਹੈ। ਡਾ.ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜ ਦੇ ਮਾਮਲੇ 'ਚ ਅੱਜ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਡਾ. ਅੰਬੇਡਕਰ ਦੀ ਮੂਰਤੀ ਨੂੰ ਨਮਨ ਕੀਤਾ ਗਿਆ। ਇਸ ਦੇ ਨਾਲ ਹੀ ਘਟਨਾ ਸਥਾਨ ਦਾ ਜਾਇਜ਼ਾ ਵੀ ਲਿਆ ਗਿਆ। ਇਸ ਘਟਨਾ ਦੀ ਮੰਤਰੀ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਜਾਇਜ਼ਾ ਲੈਣ ਪਹੁੰਚੇ ਕੇਂਦਰੀ ਰਾਜ ਮੰਤਰੀ ਤੋਂ ਬਾਅਦ ਲੱਗਦਾ ਹੈ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਵੀ ਜਾਂਚ ਸਬੰਧੀ ਕੋਈ ਆਦੇਸ਼ ਦਿੱਤੇ ਜਾ ਸਕਦੇ ਹਨ। 

ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ’ਚ ਬੰਦ ਰਿਹਾ ਅੰਮ੍ਰਿਤਸਰ
ਇਥੇ ਦੱਸਣਯੋਗ ਹੈ ਕਿ 26 ਜਨਵਰੀ ਨੂੰ ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਇਕ ਨੌਜਵਾਨ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਵਿਰੋਧ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਅਨੁਸੂਚਿਤ ਭਾਈਚਾਰੇ ਦੇ ਨੁਮਾਇੰਦਿਆਂ ਦੇ ਸੱਦੇ ’ਤੇ ਅੰਮ੍ਰਿਤਸਰ ਵਿਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਅੰਮ੍ਰਿਤਸਰ ਸ਼ਹਿਰ 27 ਜਨਵਰੀ ਨੂੰ ਪੂਰੀ ਤਰ੍ਹਾਂ ਨਾਲ ਬੰਦ ਰਿਹਾ।  ਵੱਡੀ ਗਿਣਤੀ ਵਿਚ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੇ ਆਗੂਆਂ ਨੇ ਭੰਡਾਰੀ ਪੁਲ ’ਤੇ ਧਰਨਾ ਦਿੱਤਾ। ਇਸ ਪ੍ਰਦਰਸ਼ਨ ਦੌਰਾਨ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ।

ਇਹ ਵੀ ਪੜ੍ਹੋ : ਪੰਜਾਬ 'ਚ ਵਾਪਰੇ ਤੀਹਰਾ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਹੋਇਆ ਸਨਸਨੀਖੇਜ਼ ਖ਼ੁਲਾਸਾ

ਭੰਡਾਰੀ ਪੁਲ ’ਤੇ ਪ੍ਰਦਰਸ਼ਨ ਕਾਰਨ ਪੂਰੇ ਸ਼ਹਿਰ ਵਿਚ ਟ੍ਰੈਫਿਕ ਜਾਮ ਹੋ ਗਿਆ। ਇਸ ਕਾਰਨ ਪੂਰੇ ਸ਼ਹਿਰ ਦਾ ਟ੍ਰੈਫਿਕ ਵਿਵਸਥਾ ਠੱਪ ਹੋ ਗਈ। ਦੱਸਣਯੋਗ ਹੈ ਕਿ ਸਥਾਨਕ ਭੰਡਾਰੀ ਪੁਲ ਨੂੰ ਸ਼ਹਿਰ ਦੀ ਲਾਈਫ ਲਾਈਨ ਕਿਹਾ ਜਾਂਦਾ ਹੈ ਅਤੇ ਇਹ ਉਹ ਮਹੱਤਵਪੂਰਨ ਪੁਲ ਹੈ ਜੋ ਪੁਰਾਣੇ ਸ਼ਹਿਰ ਨੂੰ ਸਿਵਲ ਇਲਾਕਿਆਂ ਨਾਲ ਜੋੜਦਾ ਹੈ। ਭੰਡਾਰੀ ਪੁਲ ’ਤੇ ਜਾਮ ਲੱਗਣ ਕਾਰਨ ਐਲੀਵੇਟਿਡ ਰੋਡ ’ਤੇ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਇਹ ਜਾਮ ਸਥਾਨਕ ਭੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਐਲੀਵੇਟਿਡ ਰੋਡ, ਨਿਊ ਅੰਮ੍ਰਿਤਸਰ, ਗੋਲਡਨ ਗੇਟ ਰਾਹੀਂ ਸਥਾਈ ਜਲੰਧਰ ਜੀ. ਟੀ. ਰੋਡ ’ਤੇ ਤੱਕ ਪੁੱਜ ਗਿਆ। ਇਸ ਤੋਂ ਬਾਅਦ ਟ੍ਰੈਫਿਕ ਪ੍ਰਸ਼ਾਸਨ ਨੇ ਗੋਲਡਨ ਗੇਟ ਤੋਂ ਵਾਹਨਾਂ ਦੀ ਐਂਟਰੀ ਹੋਣੀ ਬੰਦ ਕਰ ਦਿੱਤੀ, ਜਿਸ ਕਾਰਨ ਪ੍ਰਸ਼ਾਸਨ ਨੇ ਐਲੀਵੇਟਿਡ ਰੋਡ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਅਤੇ ਸ਼ਹਿਰ ਵਿਚ ਆਉਣ ਵਾਲੀ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਸੀ।

ਹਾਲਾਤ ਇਹ ਹੋ ਗਏ ਸਨ ਕਿ ਸ਼ਹਿਰ ਦੇ ਬਾਹਰੀ ਗੋਲਡਨ ਗੇਟ ਤੋਂ ਲੈ ਕੇ ਜਲੰਧਰ ਜੀ. ਟੀ. ਰੋਡ ਤੱਕ 10-15 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਲੱਗ ਗਿਆ। ਇਸ ਕਾਰਨ ਵਾਹਨ ਚਾਲਕਾਂ, ਸ਼ਹਿਰ ਆਉਣ ਵਾਲੇ ਸੈਲਾਨੀਆਂ ਅਤੇ ਇੱਥੋਂ ਤੱਕ ਕਿ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਜਥਿਆਂ ਦੇ ਰੂਪ ਵਿਚ ਨਿਕਲੇ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ। ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪੁਲਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਕਈ ਆਗੂਆਂ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ 26 ਜਨਵਰੀ ਨੂੰ ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ, ਇਕ ਨੌਜਵਾਨ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕੀਤਾ ਅਤੇ ਸੰਵਿਧਾਨ ਪੁਸਤਕ ਦੇ ਬੁੱਤ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਦੇਸ਼ ਦੇ ਸਾਰੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ

ਮੁਲਜ਼ਮ ਖ਼ਿਲਾਫ਼ ਐੱਨ. ਐੱਸ. ਏ. ਧਾਰਾ ਤਹਿਤ ਕੇਸ ਦਰਜ ਕੀਤਾ ਜਾਵੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਭੰਡਾਰੀ ਪੁਲ ਪਹੁੰਚੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਹੈ ਕਿ ਬਾਬਾ ਸਾਹਿਬ ਦੀ ਬੁੱਤ ਦਾ ਅਪਮਾਨ ਕਰਨ ਦੇ ਮੁਲਜ਼ਮ ਵਿਅਕਤੀ ਖ਼ਿਲਾਫ਼ ਐੱਨ. ਐੱਸ. ਏ. ਧਾਰਾ ਤਹਿਤ ਮਾਮਲਾ ਦਰਜ ਜਾਵੇ ਤਾਂ ਜੋ ਇਸ ਘਟਨਾ ਦੇ ਪਿੱਛੇ ਜਿਹੜੇ ਵੀ ਵਿਅਕਤੀ ਹੱਥ ਹੈ, ਉਸ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਮਾਜ ਦੇ ਨੁਮਾਇੰਦੇ ਉਨ੍ਹਾਂ ਦੀ ਟੀਮ ਨਾਲ ਬੈਠ ਕੇ ਇਕ ਵਿਸ਼ੇਸ਼ ਮੀਟਿੰਗ ਕਰਨ ਤਾਂ ਜੋ ਇਸ ਮਾਮਲੇ ਨੂੰ ਜਲਦੀ ਹੱਲ ਕੀਤਾ ਜਾ ਸਕੇ। ਕਮਿਸ਼ਨਰ ਭੁੱਲਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਭੰਡਾਰੀ ਪੁਲ ’ਤੇ ਧਰਨਾ ਖਤਮ ਕਰ ਦਿੱਤਾ ਗਿਆ।

ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਗ੍ਰਿਫ਼ਤਾਰ, ਚਾਰ ਦਿਨਾਂ ਦੇ ਪੁਲਸ ਰਿਮਾਂਡ ’ਤੇ
ਥਾਣਾ ਈ ਡਿਵੀਜ਼ਨ ਦੀ ਪੁਲਸ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁਲਜ਼ਮ ਆਕਾਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਿਸ ਹਥੌੜੇ ਦੀ ਮੁਲਜ਼ਮ ਨੇ ਵਰਤੋਂ ਕੀਤੀ ਸੀ, ਉਸ ਨੂੰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਚਾਰ ਦਿਨਾਂ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ। ਉਕਤ ਮੁਲਜ਼ਮ ਵੱਲੋਂ ਕੀਤੀ ਗਈ ਇਸ ਘਟਨਾ ਨੇ ਦਲਿਤ ਭਾਈਚਾਰੇ ਦੇ ਨਾਲ ਨਾਲ ਸਮੂਹ ਵਰਗ ਠੇਸ ਪਹੁੰਚਾਈ ਹੈ। ਇਸ ਘਟਨਾ ਨੇ ਸਮਾਜ ਦੇ ਵੱਖ-ਵੱਖ ਵਰਗਾਂ ਵਿਚਕਾਰ ਦਰਾੜ ਪੈਦਾ ਕਰਨ ਅਤੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਦੀ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਜ਼ਿਲ੍ਹਾ ਮੁਕੰਮਲ ਬੰਦ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News