ਬਦਲਾਅ ਦੇ ਤੌਰ ’ਤੇ ਚੁਣੀ ਗਈ 'ਆਪ' ਦੀ ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ: ਸੋਮ ਪ੍ਰਕਾਸ਼

04/29/2022 10:42:24 AM

ਜਲੰਧਰ (ਅਨਿਲ ਪਾਹਵਾ)–ਕੇਂਦਰੀ ਉਦਯੋਗ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਪੰਜਾਬ ਵਿਚ ਲੋਕ ਬਦਲਾਅ ਚਾਹੁੰਦੇ ਸਨ ਪਰ ਜਿਸ ਬਦਲਾਅ ਤੋਂ ਬਾਅਦ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਨਾਲ ਲੋਕਾਂ ਵਿਚ ਨਿਰਾਸ਼ਾ ਹੈ ਅਤੇ ਲੋਕਾਂ ਦੇ ਸੁਪਨਿਆਂ ’ਤੇ ਪਾਣੀ ਫਿਰ ਗਿਆ ਹੈ। ਇਥੇ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਤੋਂ ਬਿਨਾਂ ਸੂਬਾ ਸਰਕਾਰ ਦਾ ਚੱਲਣਾ ਸੌਖਾ ਨਹੀਂ ਹੈ। ਕੇਂਦਰ ਅਤੇ ਸੂਬੇ ਮਿਲ ਕੇ ਹੀ ਬਿਹਤਰ ਤਰੀਕੇ ਨਾਲ ਸੂਬੇ ਨੂੰ ਵਿਕਾਸ ਅਤੇ ਹੋਰ ਸਹੂਲਤਾਂ ਦੇ ਸਕਦੇ ਹਨ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੱਕ ਬਾਰੇ ਵਿਸਤਾਰ ਨਾਲ ਗੱਲ ਕੀਤੀ। ਪੇਸ਼ ਹੈ ਉਸ ਦੇ ਅੰਸ਼–

ਰਿਕਾਰਡਤੋੜ ਰਹੀ ਮੋਦੀ ਸਰਕਾਰ
ਭਾਰਤ ਨੇ 2021-22 ਵਿਚ ਬਰਾਮਦ ਦੇ ਮੋਰਚੇ ’ਤੇ ਵੱਡੀ ਉਪਲੱਭਧੀ ਹਾਸਲ ਕੀਤੀ ਹੈ। ਮੋਦੀ ਸਰਕਾਰ ਲਗਾਤਾਰ ਖ਼ੁਦ ਆਪਣੇ ਬਣਾਏ ਰਿਕਾਰਡ ਹੀ ਤੋੜ ਰਹੀ ਹੈ। ਇਸ ਵਿੱਤੀ ਸਾਲ ਵਿਚ ਭਾਰਤ ਨੇ 417.81 ਅਰਬ ਡਾਲਰ ਦੀ ਬਰਾਮਦ ਕੀਤੀ ਹੈ, ਜਦਕਿ ਇਸ ਦਾ ਟੀਚਾ 400 ਅਰਬ ਡਾਲਰ ਦਾ ਸੀ। ਵਿੱਤੀ ਸਾਲ ਖ਼ਤਮ ਹੋਣ ਤੋਂ 10 ਦਿਨ ਪਹਿਲਾਂ ਹੀ ਇਸ ਨੂੰ ਪੂਰਾ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 51000 ਦਾ ਇਨਾਮ, ਪੁਲਸ ਨੇ ਸ਼ੁਰੂ ਕੀਤੀ ਮੁਹਿੰਮ

ਪੰਜਾਬ ਲਈ ਕੀ ਯੋਜਨਾ
ਪਿਛਲੇ ਕੁਝ ਸਮੇਂ ਵਿਚ ਪੰਜਾਬ ’ਚ ਕਿਸਾਨ ਅੰਦੋਲਨ ਕਾਰਨ ਲਗਭਗ ਇਕ ਸਾਲ ਅਜਿਹੀ ਸਥਿਤੀ ਰਹੀ ਹੈ, ਜਿਸ ਦਾ ਸੂਬੇ ’ਤੇ ਕਾਫ਼ੀ ਬੁਰਾ ਅਸਰ ਪਿਆ ਹੈ। ਅਡਾਨੀ ਗਰੁੱਪ ਜਾਂ ਹੋਰ ਵੱਡੇ ਕਾਰਪੋਰੇਟ ਹਾਊਸ ਦੇ ਬਾਹਰ ਪ੍ਰਦਰਸ਼ਨ ਹੋਏ, ਜਿਸ ਕਾਰਨ ਬਾਹਰ ਦੇ ਨਿਵੇਸ਼ਕ ਪੰਜਾਬ ਵਿਚ ਆਉਣ ਤੋਂ ਡਰਨ ਲੱਗੇ ਹਨ। ਵੱਡਾ ਸਵਾਲ ਹੈ ਕਿ ਇਸ ਸਥਿਤੀ ਵਿਚ ਕੌਣ ਪੰਜਾਬ ਵਿਚ ਨਿਵੇਸ਼ ਕਰਦਾ ਹੈ। ਜਦੋਂ ਤੱਕ ਨਿਵੇਸ਼ਕ ਸੁਰੱਖਿਅਤ ਨਹੀਂ ਹੋਵੇਗਾ, ਉਦੋਂ ਤੱਕ ਉਹ ਕੋਈ ਵੱਡਾ ਕਦਮ ਨਹੀਂ ਉਠਾਏਗਾ। ਇਸੇ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ।

ਇੰਡਸਟਰੀ ਲਈ ਕੀ ਯੋਜਨਾ
ਪੰਜਾਬ ਵਿਚ ਹੋਰ ਉਦਯੋਗਾਂ ਦੇ ਨਾਲ-ਨਾਲ ਜਲੰਧਰ ਦੀ ਸਪੋਰਟਸ ਅਤੇ ਲੈਦਰ ਇੰਡਸਟਰੀ ਸਾਰਿਆਂ ਲਈ ਕੇਂਦਰ ਸਰਕਾਰ ਕੋਲ ਕਈ ਯੋਜਨਾਵਾਂ ਹਨ ਪਰ ਇਨ੍ਹਾਂ ਯੋਜਨਾਵਾਂ ’ਤੇ ਤਾਂ ਹੀ ਕੰਮ ਹੋ ਸਕਦਾ ਹੈ ਜਦੋਂ ਸੂਬਾ ਸਰਕਾਰ ਵਲੋਂ ਕੋਈ ਪ੍ਰਸਤਾਵ ਭੇਜਿਆ ਜਾਂਦਾ ਹੈ। ਕਈ ਵੱਡੇ ਪ੍ਰਾਜੈਕਟਾਂ ਲਈ ਸੂਬਾ ਸਰਕਾਰ ਤੋਂ ਜ਼ਮੀਨ ਲੈਣ ਤੱਕ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਦਿੱਕਤਾਂ ਆਉਂਦੀਆਂ ਹਨ।

ਆਤਮਨਿਰਭਰ ਬਣ ਰਿਹਾ ਹੈ ਭਾਰਤ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਬਿਲਕੁਲ ਤਿਆਰ ਹਨ, ਜਿਸ ਦੇ ਲਈ ਲੋਕਲ ਇੰਡਸਟਰੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਦੇਸ਼ ਦੇ ਅੰਦਰ ਕੰਮ ਕਰ ਰਹੀ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ 1 ਲੱਖ 97 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਰਤ ਦੀ ਬਰਾਮਦ ਵਧੇ ਅਤੇ ਦਰਾਮਦ ਘੱਟ ਹੋਵੇ। ਇਹ ਤਾਂ ਹੀ ਸੰਭਵ ਹੋਵੇਗਾ, ਜਦੋਂ ਭਾਰਤ ਦੀ ਇੰਡਸਟਰੀ ਬਿਹਤਰ ਤਰੀਕੇ ਨਾਲ ਕੰਮ ਕਰ ਸਕੇਗੀ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

‘ਆਪ’ ਦੀ ਨਵੀਂ ਸਰਕਾਰ ’ਤੇ ਸਵਾਲ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਬਦਲਾਅ ਦੇ ਤੌਰ ’ਤੇ ਚੁਣਿਆ ਹੈ। ਸੂਬੇ ਦੀ ਜਨਤਾ ਨੇ ਸਾਰੀਆਂ  ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਇਕ ਪਾਸੇ ਕਰਕੇ ਬਦਲਾਅ ਦੇ ਤੌਰ ’ਤੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਦਿੱਤੀ ਹੈ ਪਰ ਸਰਕਾਰ ਦੀਆਂ ਨਾਕਾਮੀਆਂ ਕਾਰਨ ਲੋਕ ਹੁਣੇ ਤੋਂ ਹੀ ਮਾਯੂਸ ਹੋਣ ਲੱਗੇ ਹਨ। ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਪਰ ਫਿਰ ਵੀ ਉਮੀਦ ਹੈ ਕਿ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।

ਬਿਜਲੀ ਸੰਕਟ ਦਾ ਕੀ?
ਪੰਜਾਬ ਵਿਚ ਜਦੋਂ ਭਾਜਪਾ ਸੱਤਾ ਵਿਚ ਸੀ ਤਾਂ ਇਕ ਦੌਰ ਸੀ ਕਿ ਲੋਕ ਬਿਜਲੀ ਕੱਟ ਨਾਂ ਦਾ ਸ਼ਬਦ ਹੀ ਭੁੱਲ ਗਏ ਸਨ। ਲੋਕਾਂ ਨੇ ਇਨਵਰਟਰ ਬੰਦ ਕਰ ਕੇ ਰੱਖ ਦਿੱਤੇ ਸਨ ਪਰ ਹੁਣ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨੂੰ ਸਭ ਕੁਝ ਫਿਰ ਤੋਂ ਯਾਦ ਕਰਵਾ ਦਿੱਤਾ ਹੈ। ਕਦੇ ਕਿਸੇ ਬਿਜਲੀ ਸਮਝੌਤੇ ਨੂੰ ਰੱਦ ਕਰਨਾ ਅਤੇ ਕਦੇ ਨਵੇਂ ਫੈਸਲੇ ਲੈਣਾ, ਇਹ ਸਭ ਕਹਿਣਾ ਤਾਂ ਸੌਖਾ ਹੈ ਪਰ ਕਰਨਾ ਬੇਹੱਦ ਮੁਸ਼ਕਲ ਹੈ। ਸੂਬੇ ਵਿਚ ਬਿਜਲੀ ਦਾ ਸੰਕਟ ਹੋਵੇਗਾ ਤਾਂ ਕਿਸਾਨਾਂ ਅਤੇ ਉਦਯੋਗਾਂ ’ਤੇ ਇਸ ਦਾ ਬੁਰਾ ਅਸਰ ਪਵੇਗਾ। ਖੇਤਾਂ ਤੋਂ ਲੈ ਕੇ ਇੰਡਸਟਰੀ ਤੱਕ ’ਚ ਉਤਪਾਦਨ ’ਤੇ ਇਸ ਦਾ ਬੁਰਾ ਪ੍ਰਭਾਵ ਪਵੇਗਾ, ਜਿਸ ਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੀ ਹੋਵੇਗਾ।

ਇਹ ਵੀ ਪੜ੍ਹੋ: ਐਕਸ਼ਨ ’ਚ ਪੰਚਾਇਤ ਮੰਤਰੀ ਧਾਲੀਵਾਲ, ਮੋਹਾਲੀ ਵਿਖੇ ਰੇਡ ਕਰ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ਪੰਜਾਬ ਵਿਚ ਭਾਜਪਾ ਕਿਉਂ ਪੱਛੜੀ?
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਹਿੰਦੇ ਹਨ ਕਿ 5 ਸੂਬਿਆਂ ਵਿਚੋਂ ਚਾਰ ’ਤੇ ਭਾਜਪਾ ਨੇ ਸਫਲਤਾ ਹਾਸਲ ਕੀਤੀ।
ਪੰਜਾਬ ਵਿਚ ਭਾਜਪਾ ਨੂੰ ਕੰਮ ਕਰਨ ਲਈ ਸਮਾਂ ਨਹੀਂ ਮਿਲਿਆ, ਨਹੀਂ ਤਾਂ ਪਾਰਟੀ ਇਥੇ ਵੀ ਸਫਲਤਾ ਹਾਸਲ ਕਰਦੀ। ਉਂਝ ਵੀ ਪੰਜਾਬ ਦੇ ਲੋਕ ਬਦਲਾਅ ਦਾ ਮੂਡ ਬਣਾ ਚੁੱਕੇ ਸਨ, ਜਿਸ ਕਾਰਨ ਕਿਸੇ ਵੀ ਪਾਰਟੀ ਨੂੰ ਉਨ੍ਹਾਂ ਬਹੁਮਤ ਨਾ ਦੇ ਕੇ ਇਕਪਾਸੜ ਫ਼ੈਸਲਾ ਸੁਣਾਇਆ।

ਅਕਾਲੀ ਦਲ ਨਾਲ ਕੀ ਹੋਵੇਗਾ ਪੈਚਅਪ?
ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੇ ਨਾਲ ਭਾਜਪਾ ਦੇ ਵੱਖ ਹੋਣ ਦਾ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਸਗੋਂ ਸ਼੍ਰੋਮਣੀ ਅਕਾਲੀ ਦਲ ਜੋ ਸੱਤਾ ਵਿਚ ਆਉਣ ਦਾ ਸੁਫ਼ਨਾ ਵੇਖ ਰਹੀ ਸੀ, ਉਹ ਚਾਰ ਸੀਟਾਂ ’ਤੇ ਹੀ ਸਿਮਟ ਗਈ। ਪੰਜਾਬ ਦੇ ਇਤਿਹਾਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਭ ਤੋਂ ਬੁਰਾ ਦੌਰ ਹੈ। ਜਿੱਥੋਂ ਤੱਕ ਪੈਚਅਪ ਦਾ ਸਵਾਲ ਹੈ ਤਾਂ ਇਹ ਹਾਈ ਕਮਾਨ ’ਤੇ ਨਿਰਭਰ ਹੈ। ਉਂਝ ਅਕਾਲੀ ਦਲ ਦੇ ਨਾਲ ਦੋਬਾਰਾ ਹੱਥ ਮਿਲਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ।

ਇਹ ਵੀ ਪੜ੍ਹੋ: ਵਿਰੋਧੀ ਧਿਰ ਨੂੰ ਲਗਾਤਾਰ ਜਵਾਬ ਦੇ ਰਹੇ CM ਭਗਵੰਤ ਮਾਨ, ਕਿਹਾ-ਸੂਬੇ ਨਾਲ ਕਦੇ ਧੋਖਾ ਨਹੀਂ ਕਰਾਂਗੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News