ਅਹਿਮ ਖ਼ਬਰ : ਕੇਂਦਰੀ ਮੰਤਰੀ ਅਮਿਤ ਸ਼ਾਹ 25 ਮਾਰਚ ਨੂੰ ਆਉਣਗੇ ਚੰਡੀਗੜ੍ਹ, 8 ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

Thursday, Mar 17, 2022 - 01:31 PM (IST)

ਚੰਡੀਗੜ੍ਹ (ਵਿਜੈ) : ਚੰਡੀਗੜ੍ਹ ਦੇ 8 ਪ੍ਰਾਜੈਕਟਾਂ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਅਮਿਤ ਸ਼ਾਹ 25 ਮਾਰਚ ਨੂੰ ਚੰਡੀਗੜ੍ਹ ਪਹੁੰਚਣਗੇ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਇਨ੍ਹਾਂ ਪ੍ਰਾਜੈਕਟਾਂ ਨੂੰ ਅੰਤਿਮ ਰੂਪ ਦੇਣ ਵਿਚ ਮਸ਼ਰੂਫ ਹਨ। ਪ੍ਰਾਜੈਕਟਾਂ ਵਿਚ ਹੁਣ ਤੱਕ ਕਿੰਨਾ ਕੰਮ ਹੋਇਆ ਹੈ, ਇਸਦਾ ਜਾਇਜ਼ਾ ਲੈਣ ਲਈ ਮੰਗਲਵਾਰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਾਰੀਆਂ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕਈ ਨਿਰਦੇਸ਼ ਦਿੱਤੇ। ਸਲਾਹਕਾਰ ਨੇ ਦੌਰੇ ਦੀ ਸ਼ੁਰੂਆਤ ਸੈਕਟਰ-9 ਵਿਚ ਬਣ ਰਹੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਦੀ ਨਵੀਂ ਇਮਾਰਤ ਤੋਂ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ, ਵਿਧਾਨ ਸਭਾ ਦੀ ਕਾਰਵਾਈ 21 ਤਾਰੀਖ਼ ਤੱਕ ਮੁਲਤਵੀ

ਉਨ੍ਹਾਂ ਦੇ ਨਾਲ ਬੋਰਡ ਦੇ ਸੀ. ਈ. ਓ. ਯਸ਼ਪਾਲ ਗਰਗ ਸਮੇਤ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਜੂਦ ਰਹੇ। ਸਲਾਹਕਾਰ ਧਰਮਪਾਲ ਨੇ ਇਮਾਰਤ ਵਿਚ ਚੱਲ ਰਹੇ ਕੰਮਾਂ ਨੂੰ ਵੇਖਿਆ। ਸੀ. ਐੱਚ. ਬੀ. ਦੀ ਇਮਾਰਤ ਦਾ ਕੰਮ ਪੂਰਾ ਕਰਨ ਲਈ ਦਿਨ-ਰਾਤ ਕੰਮ ਚੱਲ ਰਿਹਾ ਹੈ। ਅਧਿਕਾਰੀ ਵੀ ਰਾਤ 8 ਵਜੇ ਤੱਕ ਦਫ਼ਤਰ ਵਿਚ ਹੀ ਬੈਠੇ ਰਹਿੰਦੇ ਹਨ। ਇਸ ਤੋਂ ਬਾਅਦ ਸਲਾਹਕਾਰ ਸੈਕਟਰ-17 ਸਥਿਤ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ, ਸੈਕਟਰ-17 ਸਥਿਤ ਫੁੱਟਬਾਲ ਸਟੇਡੀਅਮ, ਮੱਖਣਮਾਜਰਾ ਅਤੇ ਰਾਏਪੁਰ ਕਲਾਂ ਵਿਚ ਸਰਕਾਰੀ ਸਕੂਲ, ਰਾਏਪੁਰ ਕਲਾਂ ਵਿਚ ਸੀ. ਟੀ. ਯੂ. ਦੇ ਚੌਥੇ ਬਸ ਡਿਪੂ ਅਤੇ ਵਰਕਸ਼ਾਪ, ਸੈਕਟਰ-50 ਦੇ ਬਿਜ਼ਨੈੱਸ ਕਾਲਜ ਵਿਚ ਹੋਸਟਲ ਬਲਾਕ, ਸੈਕਟਰ-39 ਵਿਚ ਕਜੌਲੀ ਵਾਟਰ ਵਰਕਸ ਅਤੇ ਧਨਾਸ ਵਿਚ ਪੁਲਸ ਕੰਪਲੈਕਸ ਪਹੁੰਚੇ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ
60 ਕਰੋੜ ਨਾਲ ਤਿਆਰ ਹੋਈ ਸੀ. ਐੱਚ. ਬੀ. ਦੀ ਇਮਾਰਤ
ਜਾਣਕਾਰੀ ਅਨੁਸਾਰ 60 ਕਰੋੜ ਰੁਪਏ ਦੀ ਲਾਗਤ ਨਾਲ ਸੀ. ਐੱਚ. ਬੀ. ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ। ਉਦਘਾਟਨ ਤੋਂ ਬਾਅਦ ਏ. ਬਲਾਕ ਤੋਂ ਸੀ. ਐੱਚ. ਬੀ. ਦੇ ਸਾਰੇ ਦਫ਼ਤਰ ਇਸ ਨਵੇਂ ਭਵਨ ਵਿਚ ਸ਼ਿਫਟ ਹੋਣਗੇ। ਸੈਕਟਰ-17 ਸਥਿਤ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਕੁੱਲ ਬਜਟ 199 ਕਰੋੜ ਰੁਪਏ ਹੈ। 70 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 336 ਪੁਲਸ ਹਾਊਸਿੰਗ ਦਾ ਪ੍ਰਾਜੈਕਟ ਵੀ ਪੂਰਾ ਹੋ ਚੁੱਕਿਆ ਹੈ। ਨਾਲ ਹੀ 246 ਘਰਾਂ ਦੇ ਪੁਲਸ ਹਾਊਸਿੰਗ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਅਮਿਤ ਸ਼ਾਹ ਤੋਂ ਰਖਵਾਇਆ ਜਾਵੇਗਾ। 40 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਤਿਆਰ ਹੋਵੇਗਾ। ਸਾਰੇ ਪਿੰਡਾਂ ਨੂੰ ਵੀ ਸ਼ਹਿਰ ਦੀ ਤਰਜ਼ ’ਤੇ ਕੈਨਲ ਵਾਟਰ ਮਤਲਬ ਨਹਿਰੀ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਇਹ ਪ੍ਰਾਜੈਕਟ 17 ਕਰੋੜ ਦੀ ਲਾਗਤ ਨਾਲ ਪੂਰਾ ਹੋ ਚੁੱਕਿਆ ਹੈ। ਸੈਕਟਰ-39 ਵਾਟਰ ਵਰਕਸ ਤੋਂ ਇਹ ਸਪਲਾਈ ਪਹੁੰਚੇਗੀ। ਇਸ ਤੋਂ ਇਲਾਵਾ ਸੈਕਟਰ-50 ਦੇ ਕਾਮਰਸ ਕਾਲਜ ਵਿਚ 15 ਕਰੋੜ ਦੀ ਲਾਗਤ ਨਾਲ ਤਿਆਰ ਹੋਸਟਲ ਬਲਾਕ, 20 ਕਰੋੜ ਦੀ ਲਾਗਤ ਨਾਲ ਤਿਆਰ ਦੋ ਸਰਕਾਰੀ ਸਕੂਲ, ਸੈਕਟਰ-17 ਵਿਚ 10 ਕਰੋੜ ਦੀ ਲਾਗਤ ਨਾਲ ਤਿਆਰ ਅਰਬਨ ਪਾਰਕ ਦਾ ਵੀ ਅਮਿਤ ਸ਼ਾਹ ਤੋਂ ਉਦਘਾਟਨ ਕਰਵਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News