''ਕੇਂਦਰੀ ਗ੍ਰਹਿ ਮੰਤਰਾਲਾ ਦਾ ਪੱਤਰ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼''

Sunday, Apr 04, 2021 - 10:08 PM (IST)

''ਕੇਂਦਰੀ ਗ੍ਰਹਿ ਮੰਤਰਾਲਾ ਦਾ ਪੱਤਰ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼''

ਚੰਡੀਗੜ੍ਹ, (ਅਸ਼ਵਨੀ)- ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਪੰਜਾਬ ਵਿਚ ਬੰਧੂਆ ਮਜ਼ਦੂਰੀ ਸਬੰਧੀ ਲਿਖੇ ਪੱਤਰ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਇੱਕ ਹੋਰ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਦੋਸ਼ ਲਾਏ ਗਏ ਸਾਰੇ 58 ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਅਜਿਹਾ ਕੁਝ ਵੀ ਨਹੀਂ ਪਾਇਆ ਗਿਆ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਅੱਤਵਾਦੀ, ਸ਼ਹਿਰੀ ਨਕਸਲੀ, ਗੁੰਡੇ ਆਦਿ ਦਾ ਦੋਸ਼ ਲਾ ਕੇ ਕਿਸਾਨਾਂ ਦੇ ਅਕਸ ਨੂੰ ਸੱਟ ਪਹੁੰਚਾਉਣ ਦੀਆਂ ਪਹਿਲਾਂ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਸਨ, ਤਾਂ ਕਿ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਉਨ੍ਹਾਂ ਦੇ ਚੱਲ ਰਹੇ ਅੰਦੋਲਨ ਨੂੰ ਪੱਟੜੀ ’ਤੋਂ ਉਤਾਰਿਆ ਜਾ ਸਕੇ।

ਇਹ ਵੀ ਪੜ੍ਹੋ: ਬੇਟੇ ਦੇ ਵਿਆਹ ਤੋਂ 20 ਦਿਨਾਂ ਬਾਅਦ ਦਿੱਲੀ ਦੇ ਨੌਜਵਾਨ ਨਾਲ ਭੱਜੀ 48 ਸਾਲ ਦੀ ਮਾਂ

ਉਨ੍ਹਾਂ ਨੇ ਗ੍ਰਹਿ ਮੰਤਰਾਲਾ ਦੇ 17 ਮਾਰਚ ਦੇ ਪੱਤਰ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਰੱਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੱਤਰ ਦੇ ਤੱਥਾਂ ਅਨੁਸਾਰ ਬੀ. ਐੱਸ. ਐੱਫ. ਅਧਿਕਾਰੀਆਂ ਵਲੋਂ ਨਾ ਹੀ ਇਹ ਅੰਕੜੇ ਅਤੇ ਨਾ ਹੀ ਇਹ ਰਿਪੋਰਟ ਜਮ੍ਹਾ ਕਰਵਾਈ ਗਈ। ਗ੍ਰਹਿ ਮੰਤਰਾਲਾ ਦਾ ਪੱਤਰ ਅਬੋਹਰ ਦੀ ਗੱਲ ਕਰਦਾ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਅਬੋਹਰ ਜਾਂ ਫਾਜ਼ਿਲਕਾ ਜ਼ਿਲਿਆਂ ਵਿਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਕੇਂਦਰ ਦਾ ਕੋਈ ਵੀ ਸਿੱਟਾ ਤੱਥਾਂ ਨਾਲ ਨਹੀਂ ਲਿਆ ਗਿਆ। ਇਹ ਬੀ. ਐੱਸ. ਐੱਫ. ਦਾ ਕੰਮ ਨਹੀਂ ਕਿ ਉਹ ਅਜਿਹੇ ਮਾਮਲਿਆਂ ਦੀ ਜਾਂਚ ਕਰੇ ਅਤੇ ਉਨ੍ਹਾਂ ਦੀ ਜਿੰਮੇਵਾਰੀ ਸਿਰਫ ਸਰਹੱਦ ’ਤੇ ਸ਼ੱਕੀ ਹਾਲਾਤ ਵਿਚ ਘੁੰਮ ਰਹੇ ਕਿਸੇ ਵਿਅਕਤੀ ਨੂੰ ਫੜ ਕੇ ਸਥਾਨਕ ਪੁਲਸ ਦੇ ਹਵਾਲੇ ਕਰਨਾ ਹੁੰਦਾ ਹੈ।       

58 ਬੰਦੀਆਂ ਵਿਚੋਂ 4 ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ

ਅੰਕੜੇ ਦਿੰਦਿਆਂ ਉਨ੍ਹਾਂ ਦੱਸਿਆ ਕਿ 58 ਬੰਦੀਆਂ ਵਿੱਚੋਂ 4 ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ ਅਤੇ ਉਹ ਬੀ. ਐੱਸ. ਐੱਫ. ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨੇੜੇ ਘੁੰਮਦੇ ਦੇਖੇ ਗਏ ਸਨ, ਜਦੋਂਕਿ 3 ਮਾਨਸਿਕ ਤੌਰ ’ਤੇ ਅਪਾਹਿਜ ਪਾਏ ਗਏ। ਇਸ ਤੋਂ ਬਾਅਦ ਇਹ ਤਿੰਨੇ ਵਿਅਕਤੀ ਸਥਾਨਕ ਪੁਲਸ ਵਲੋਂ ਤਸਦੀਕ ਕਰਨ ਉਪਰੰਤ ਉਸੇ ਦਿਨ ਇਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤੇ ਗਏ ਸਨ। ਹਿਰਾਸਤ ਵਿਚ ਲਏ 58 ਵਿਅਕਤੀਆਂ ਵਿਚੋਂ 16 ਦਿਮਾਗੀ ਤੌਰ ’ਤੇ ਬਿਮਾਰ ਪਾਏ ਗਏ ਹਨ। ਬੀ.ਐੱਸ.ਐੱਫ. ਦੁਆਰਾ ਫੜੇ ਗਏ 3 ਵਿਅਕਤੀਆਂ ਦੀ ਪਛਾਣ ਉਨ੍ਹਾਂ ਦੀ ਮਾਨਸਿਕ ਸਥਿਤੀ ਕਾਰਨ ਨਹੀਂ ਕੀਤੀ ਜਾ ਸਕੀ। ਅਜਿਹੀ ਮਾਨਸਿਕ ਦਸ਼ਾ ਵਾਲੇ ਵਿਅਕਤੀਆਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਬੰਧੂਆ ਮਜ਼ਦੂਰ ਵਜੋਂ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ: ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 3019 ਨਵੇਂ ਮਾਮਲੇ ਆਏ ਸਾਹਮਣੇ, 51 ਦੀ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ 14 ਵਿਅਕਤੀ ਆਪਣੀ ਗ੍ਰਿਫਤਾਰੀ ਤੋਂ ਕੁਝ ਦਿਨ ਜਾਂ ਹਫਤੇ ਪਹਿਲਾਂ ਹੀ ਪੰਜਾਬ ਆਏ ਸਨ, ਜਿਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਉਨ੍ਹਾਂ ਦੇ ਲੰਬੇ ਸਮੇਂ ਤੋਂ ਖੇਤਾਂ ਵਿਚ ਬੰਧੂਆ ਮਜ਼ਦੂਰਾਂ ਵਜੋਂ ਕੰਮ ਕਰਦੇ ਹੋਣ ਵਾਲੀ ਗੱਲ ਪੂਰੀ ਤਰ੍ਹਾਂ ਨਿਰਆਧਾਰ ਹੈ। ਗ੍ਰਿਫਤਾਰ ਕੀਤੇ ਗਏ ਕਿਸੇ ਵੀ ਵਿਅਕਤੀ ਨੇ ਅਦਾਲਤ ਵਿਚ ਵੀ ਜ਼ਬਰਦਸਤੀ ਖੇਤ ਮਜ਼ਦੂਰ ਵਜੋਂ ਕੰਮ ਕਰਨ ਅਤੇ ਗ਼ੈਰ-ਮਨੁੱਖੀ ਹਾਲਤਾਂ ਵਿਚ ਰੱਖੇ ਜਾਣ ਦਾ ਕੋਈ ਦੋਸ਼ ਨਹੀਂ ਲਾਇਆ।


author

Bharat Thapa

Content Editor

Related News