ਕੇਂਦਰੀ ਕੈਬਨਿਟ ਦੀ ਕੁਰਸੀ ਖੁਸਣ ਡਰੋਂ ਸਿੱਖਾਂ ਦੇ ਹੱਕ 'ਚ ਨਹੀਂ ਬੋਲੀ ਹਰਸਿਮਰਤ : ਨਿਮਿਸ਼ਾ (ਵੀਡੀਓ)

Tuesday, Jun 18, 2019 - 04:02 PM (IST)

ਜਲੰਧਰ : ਦਿੱਲੀ 'ਚ ਸ਼ਰੇਆਮ ਸਿੱਖ ਪਿਓ-ਪੁੱਤ ਨਾਲ ਪੁਲਸ ਵਲੋਂ ਕੀਤੀ ਗਈ ਦਰਿੰਦਗੀ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਤਿੱਖੇ ਸਵਾਲ ਕੀਤੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਾਰਾ ਹਿੰਦੁਸਤਾਨ ਜਾਣਦਾ ਹੈ ਕਿ ਦਿੱਲੀ ਪੁਲਸ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀ ਹੈ ਅਤੇ ਦਿੱਲੀ ਪੁਲਸ ਦੇ ਹਰ ਚੰਗੇ-ਮਾੜੇ ਕੰਮ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਦੀ ਹੁੰਦੀ ਹੈ ਪਰ ਅੱਜ ਜਦੋਂ ਦੋ ਸਿੱਖਾਂ ਨਾਲ ਸ਼ਰੇਆਮ ਦਿਨ ਦਿਹਾੜੇ ਦਿੱਲੀ ਵਿਚ ਪੁਲਸ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤਾਂ ਉਸ ਦਾ ਦਰਦ ਆਪਣੇ ਆਪ ਨੂੰ ਪੰਥਕ ਹਿਮਾਇਤੀ ਦੱਸਣ ਵਾਲੀ ਬਾਦਲ ਪਰਿਵਾਰ ਦੀ ਨੂੰਹ ਨੂੰ ਕਿਉਂ ਨਹੀਂ ਹੋਇਆ। ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿਚ ਮੰਤਰੀ ਮੰਡਲ ਦਾ ਹਿੱਸਾ ਹਨ ਅਤੇ ਅੱਜ ਇਸ ਦਰਦਨਾਕ ਘਟਨਾ 'ਤੇ ਉਨ੍ਹਾਂ ਦੀ ਚੁੱਪੀ ਜਨਤਾ ਨੂੰ ਇਹ ਸਮਝਾਉਂਦੀ ਹੈ ਕਿ ਉਹ ਸਿੱਖ ਹਿਮਾਇਤੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੀਡੀਆ ਵਿਚ ਸੁਰਖੀਆਂ ਬਟੋਰਨ ਲਈ ਹਰਸਿਮਤ ਡਰਾਮੇਬਾਜ਼ੀ ਕਰਦੇ ਆਏ ਹਨ। 

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸਿੱਖ ਭਰਾਵਾਂ ਦੇ ਹੱਕਾਂ ਲਈ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਸਰਕਾਰ ਅੱਗੇ ਸਿੱਖਾਂ ਦੇ ਹੱਕਾਂ ਲਈ ਜ਼ੁਬਾਨ ਖੋਲਦਿਆਂ ਡਰ ਲੱਗ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਕੇਂਦਰੀ ਕੈਬਨਿਟ ਮੰਤਰੀ ਦੀ ਕੁਰਸੀ ਕਿਧਰੇ ਖੁੱਸ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਸ ਮਾਮਲੇ ਵਿਚ ਬੇਇਨਸਾਫੀ ਕੀਤੀ ਤਾਂ ਪੰਜਾਬੀ ਚੁੱਪ ਨਹੀਂ ਬੈਠਣਗੇ ਤੇ ਮੋਦੀ ਸਰਕਾਰ ਇਹ ਨਾ ਭੁੱਲੇ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਪੰਜਾਬੀਆਂ ਦੀ ਕਿੰਨੀ ਅਹਿਮ ਭੂਮਿਕਾ ਰਹੀ ਹੈ।


author

Gurminder Singh

Content Editor

Related News