ਕੇਂਦਰੀ ਬਜਟ ''ਚ ਕੁਝ ਵੀ ਨਵਾਂ ਨਹੀਂ, ਅਰਥ ਵਿਵਸਥਾ ਬਾਰੇ ਗੰਭੀਰ ਨਹੀਂ ਕੇਂਦਰ ਸਰਕਾਰ : ਕੈਪਟਨ
Saturday, Feb 01, 2020 - 08:46 PM (IST)
ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਜਟ ਬਾਰੇ ਬੋਲਦਿਆਂ ਕਿਹਾ ਕਿ ਇਸ ਬਜਟ 'ਚ ਕੁਝ ਵੀ ਨਵਾਂ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਸਾਹਮਣੇ ਅਰਥ ਵਿਵਸਥਾ ਨੂੰ ਸੁਧਾਰਨਾ ਤਰਜੀਹੀ ਕਾਰਵਾਈ ਨਹੀਂ ਹੈ ਕਿਉਂਕਿ ਸਰਕਾਰ ਆਪਣੇ ਨਾਂਹ-ਪੱਖੀ ਅਤੇ ਵੰਡਵਾਦੀ ਏਜੰਡੇ 'ਚ ਵਿਅਸਤ ਹੈ। ਉਨ੍ਹਾਂ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰੀ ਬਜਟ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਫਲ ਨਹੀਂ ਹੋਇਆ, ਭਾਵੇਂ ਉਹ ਕਿਸਾਨ ਹੋਣ, ਨੌਜਵਾਨ ਤਬਕਾ ਹੋਵੇ, ਸਨਅਤ ਜਾਂ ਦਰਮਿਆਨੀਆਂ ਜਮਾਤਾਂ ਜਾਂ ਗਰੀਬ ਲੋਕ ਹੋਣ।
ਮੁੱਖ ਮੰਤਰੀ ਨੇ ਖੇਤੀ ਖੇਤਰ ਲਈ ਐਲਾਨੀ 15 ਨੁਕਾਤੀ ਕਾਰਵਾਈ ਯੋਜਨਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿਚ ਫਸਲ ਦੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਪੰਜਾਬ ਸਣੇ ਕਈ ਸੂਬਿਆਂ 'ਚ ਪਏ ਵਾਧੂ ਅਨਾਜਾਂ ਨੂੰ ਚੁੱਕਣ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੰਜਾਬ ਸਣੇ ਬਾਕੀ ਸੂਬਿਆਂ ਨੂੰ ਜੀ. ਐੱਸ. ਟੀ. ਦਾ ਬਕਾਇਆ ਅਦਾ ਕਰਨ ਦਾ ਵੀ ਕੋਈ ਵਾਅਦਾ ਨਹੀਂ ਕੀਤਾ ਗਿਆ। ਕੇਂਦਰ 'ਤੇ ਸੂਬਿਆਂ ਦੀ ਨਿਰਭਰਤਾ ਵਧਾ ਦਿੱਤੀ ਗਈ ਹੈ। ਬਜਟ ਵਿਚ ਸੁਰੱਖਿਆ ਖੇਤਰ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਸੁਰੱਖਿਆ ਬਲਾਂ ਅਤੇ ਨਵੇਂ ਹਥਿਆਰ ਖਰੀਦਣ ਲਈ ਸਿਰਫ 10340 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਜਟ 'ਚ ਪੰਜਾਬ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਵੀ ਕੇਂਦਰ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਅਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵੀ ਕੋਈ ਰਕਮ ਮੁਕੱਰਰ ਨਹੀਂ ਕੀਤੀ ਗਈ।