ਪੰਜਾਬ ਸਣੇ ਪੂਰੇ ਦੇਸ਼ ਨੂੰ ਨਿਰਾਸ਼ ਕਰ ਗਿਆ ਕੇਂਦਰੀ ਬਜਟ : ਭਗਵੰਤ ਮਾਨ

02/01/2020 7:29:42 PM

ਚੰਡੀਗੜ੍ਹ,(ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਪੇਸ਼ ਬਜਟ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਵਾਰ ਫਿਰ ਨਾ ਕੇਵਲ ਪੰਜਾਬ ਅਤੇ ਦਿੱਲੀ ਨਾਲ ਮਤਰੇਆ ਸਲੂਕ ਕੀਤਾ ਹੈ, ਸਗੋਂ ਦੇਸ਼ ਦੇ ਹਰੇਕ ਵਰਗ ਨੂੰ ਨਿਰਾਸ਼ ਅਤੇ ਬੇਉਮੀਦ ਕੀਤਾ ਹੈ। ਭਗਵੰਤ ਮਾਨ ਨੇ ਵਿਅੰਗਮਈ ਅੰਦਾਜ਼ 'ਚ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅੱਜ ਕੇਂਦਰੀ ਵਿੱਤ ਮੰਤਰੀ ਕੋਲੋਂ ਪਹਾੜ ਜਿਹਾ ਬਜਟ ਭਾਸ਼ਣ ਪੜ੍ਹਵਾਇਆ ਗਿਆ ਪਰ ਸਾਲ 2020 ਲਈ ਕੱਖ ਨਹੀਂ ਨਿਕਲਿਆ ਤੇ ਕਹਿੰਦੇ 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। 2024 'ਚ ਸਾਰੇ ਜ਼ਿਲਿਆਂ 'ਚ ਇੱਕ-ਇੱਕ ਜਨ ਔਸ਼ਧੀ ਕੇਂਦਰ ਖੋਲ੍ਹ ਦਿਆਂਗੇ, 2024 ਤੱਕ 100 ਏਅਰਪੋਰਟ ਬਣਾ ਦਿਆਂਗੇ, 2021 ਤੱਕ 100 ਨਵੇਂ ਡਿਪਲੋਮਾ ਸੰਸਥਾਨ ਖੋਲ੍ਹ ਦਿਆਂਗੇ, 2025 ਤੱਕ ਇਹ ਕਰ ਦਿਆਂਗੇ, 2026 ਤੱਕ ਉਹ ਕਰ ਦਿਆਂਗੇ। ਹੋਰ ਤਾਂ ਹੋਰ 2050 ਤੱਕ ਪਸ਼ੂਆਂ ਦੀਆਂ ਸਾਰੀਆਂ ਬਿਮਾਰੀਆਂ ਖ਼ਤਮ ਕਰ ਦਿਆਂਗੇ। 

ਮਾਨ ਨੇ ਕਿਹਾ ਕਿ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਜਟ ਸਾਲ 2020-21 ਲਈ ਇੱਕ ਸਾਲ ਦਾ ਪੇਸ਼ ਕੀਤਾ ਹੈ ਜਾਂ 2050 ਤੱਕ 30 ਸਾਲਾਂ ਲਈ ਪੇਸ਼ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੁਮਲੇਬਾਜ਼ ਬਜਟ ਨੇ ਦਿੱਲੀ ਅਤੇ ਪੰਜਾਬ ਸਮੇਤ ਪੂਰੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਨਾਲ ਹੀ ਮੋਦੀ ਸਰਕਾਰ ਦਾ ਦੇਸ਼ ਅਤੇ ਲੋਕ ਵਿਰੋਧੀ ਚਿਹਰਾ ਵੀ ਨੰਗਾ ਕੀਤਾ ਹੈ। ਮਾਨ ਮੁਤਾਬਕ ਇਹ ਬਜਟ ਅੰਬਾਨੀ-ਅੰਡਾਨੀ ਵਰਗੇ ਚੰਦ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਘੜਿਆ ਗਿਆ ਹੈ। ਦੇਸ਼ ਅਤੇ ਦੇਸ਼ ਦੇ ਲੋਕ ਪੂਰੀ ਤਰਾਂ ਹਾਸ਼ੀਏ 'ਤੇ ਸੁੱਟ ਦਿੱਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਅਤੇ ਜਨਤਕ ਸੈਕਟਰ ਦੇ ਅਦਾਰਿਆਂ ਅਤੇ ਖੇਤਰਾਂ ਨੂੰ ਕੌਡੀਆਂ ਦੇ ਮੁੱਲ ਪ੍ਰਾਈਵੇਟ ਹੱਥਾਂ 'ਚ ਵੇਚਿਆ ਜਾ ਰਿਹਾ ਹੈ। 150 ਪ੍ਰਾਈਵੇਟ ਰੇਲਾਂ ਅਤੇ ਏਅਰਪੋਰਟ ਇਸੇ ਕੜੀ ਦਾ ਹਿੱਸਾ ਹਨ। ਭਗਵੰਤ ਮਾਨ ਨੇ ਕਿਹਾ ਕਿ ਬਜਟ 'ਚ ਕਿਸਾਨ, ਨੌਜਵਾਨ, ਦਿਹਾਤੀ ਗਰੀਬ ਅਤੇ ਦਲਿਤਾਂ ਸਮੇਤ ਨੌਕਰੀ ਪੇਸ਼ਾ ਅਤੇ ਵਪਾਰੀਆਂ-ਕਾਰੋਬਾਰੀਆਂ ਨੂੰ ਬੁਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।


Related News