ਬੇਰੋਜ਼ਗਾਰ ਅਧਿਆਪਕਾਂ ਨੂੰ ਹਫਤੇ ''ਚ ਭਰਤੀ ਬਾਰੇ ਫੈਸਲਾ ਲੈਣ ਦਾ ਭਰੋਸਾ

Tuesday, Jul 02, 2019 - 09:34 AM (IST)

ਬੇਰੋਜ਼ਗਾਰ ਅਧਿਆਪਕਾਂ ਨੂੰ ਹਫਤੇ ''ਚ ਭਰਤੀ ਬਾਰੇ ਫੈਸਲਾ ਲੈਣ ਦਾ ਭਰੋਸਾ

ਚੰਡੀਗੜ੍ਹ (ਭੁੱਲਰ) : ਲੰਮੇ ਸਮੇਂ ਤੋਂ ਚੱਲਦੇ ਸੰਘਰਸ਼ ਤੋਂ ਬਾਅਦ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ ਪੰਜਾਬ ਸਕੱਤਰੇਤ ਵਿਖੇ ਹੋਈ। ਮੀਟਿੰਗ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਕੋਲ ਵੱਖ-ਵੱਖ ਮੰਗਾਂ ਰੱਖਦਿਆਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੋਜ਼ਗਾਰ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 15 ਹਜ਼ਾਰ ਆਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ, ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਸਾਰੀਆਂ ਅਧਿਆਪਕ ਆਸਾਮੀਆਂ ਰੈਗੂਲਰ ਆਧਾਰ 'ਤੇ ਭਰਨ, ਓਵਰਏਜ ਹੋ ਰਹੇ ਉਮੀਦਵਾਰਾਂ ਸਬੰਧੀ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ 'ਚ ਪੂਰਾ ਕਰਨ, ਇਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲੈਣ, ਨਿੱਜੀਕਰਨ ਦੀ ਨੀਤੀ ਬੰਦ ਕਰਕੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੇ ਜਾਣ ਆਦਿ ਮੰਗਾਂ ਰੱਖੀਆਂ। ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ ਨੌਕਰੀ ਮਿਲਣ ਤੱਕ 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣ ਦੀ ਮੰਗ ਕੀਤੀ ਗਈ।

ਸਿੰਗਲਾ ਨੇ ਮੰਗਾਂ 'ਤੇ ਚਰਚਾ ਤੋਂ ਬਾਅਦ ਕਿਹਾ ਕਿ ਉਹ ਸਾਰੀਆਂ ਮੰਗਾਂ 'ਤੇ ਹਫ਼ਤੇ ਤਕ ਸਿੱਖਿਆ ਸਕੱਤਰ ਨਾਲ ਸਾਂਝਾ ਕਰਕੇ ਫੈਸਲਾ ਲੈਣਗੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਕੀਤੇ ਵਾਅਦੇ ਮੁਤਾਬਿਕ ਹਫ਼ਤੇ ਬਾਅਦ ਮੰਗਾਂ 'ਤੇ ਕਾਰਵਾਈ ਸ਼ੁਰੂ ਨਾ ਹੋਈ ਤਾਂ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਮੀਟਿੰਗ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਆਗੂ ਅਮਨ ਸੇਖ਼ਾ, ਸੁਰਜੀਤ ਸਿੰਘ, ਯੁੱਧਜੀਤ ਬਠਿੰਡਾ, ਨਵਜੀਵਨ ਸਿੰਘ ਬਰਨਾਲਾ ਅਤੇ ਦਿਲਬਾਗ ਲੰਬੀ ਹਾਜ਼ਰ ਸਨ।


author

Babita

Content Editor

Related News