ਅੰਮ੍ਰਿਤਪਾਲ ਦੇ ਮਾਮਲੇ 'ਚ ਨਵੇਂ ਤੱਥ ਆਏ ਸਾਹਮਣੇ, ਨਿਕਲਿਆ ਪੁਲਸ ਕੁਨੈਕਸ਼ਨ ਤੇ ਖੁੱਲ੍ਹੇ ਵੱਡੇ ਰਾਜ਼
Saturday, Mar 25, 2023 - 06:41 PM (IST)
ਜਲੰਧਰ (ਵੈੱਬ ਡੈਸਕ)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅਤੇ ਭਗੌੜੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੇਸ਼ਕ ਅੰਮ੍ਰਿਤਪਾਲ ਸਿੰਘ ਪੰਜਾਬ ਵਿਚੋਂ ਫਰਾਰ ਹੋ ਚੁੱਕਾ ਹੈ ਪਰ ਉਸ ਨੂੰ ਲੈ ਕੇ ਰੋਜ਼ਾਨਾ ਕੋਈ ਨਾ ਕੋਈ ਨਵੇਂ ਤੱਥ ਸਾਹਮਣੇ ਆ ਰਹੇ ਹਨ। ਭਗੌੜੇ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ 20 ਮਾਰਚ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਅੰਮ੍ਰਿਤਪਾਲ ਸਿੰਘ ਦੇ ਦੂਜੇ ਚਾਚਾ ਨੂੰ ਲੈ ਕੇ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਅੰਮ੍ਰਿਤਪਾਲ ਦੇ ਦੂਜੇ ਚਾਚਾ ਸੁਖਚੈਨ ਸਿੰਘ ਜੋਕਿ ਹਰਜੀਤ ਸਿੰਘ ਦੇ ਭਰਾ ਹਨ, ਉਹ ਪੰਜਾਬ ਪੁਲਸ ਵਿਚ ਬਤੌਰ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
ਇਸ ਤੋਂ ਸਪਸ਼ਟ ਹੈ ਕਿ ਅੰਮ੍ਰਿਤਪਾਲ ਅਤੇ ਉਸ ਦੇ ਮਾਸਟਰਮਾਈਂਡ ਚਾਚਾ ਹਰਜੀਤ ਸਿੰਘ ਦੋਵੇਂ ਸੁਖਚੈਨ ਰਾਹੀਂ ਪੁਲਸ ਫੋਰਸ ਵਿਚ ਸਾਰੇ ਸੰਪਰਕ ਵਿਚ ਸਨ। ਦੋਵੇਂ ਸੂਬਾ ਪੁਲਸ ਦੇ ਕੰਮਕਾਜ ਤੋਂ ਜਾਣੂੰ ਸਨ। ਇਥੋਂ ਲੱਗਦਾ ਹੈ ਕਿ ਸ਼ਾਇਦ ਅੰਮ੍ਰਿਤਪਾਲ ਨੇ ਪੁਲਸ ਨੂੰ ਚਕਮਾ ਦੇਣ ਦੇ ਗੁਣ ਵੀ ਆਪਣੇ ਚਾਚੇ ਤੋਂ ਹੀ ਸਿੱਖੇ ਹੋਣਗੇ। ਹਾਲਾਂਕਿ ਸੁਖਚੈਨ ਪੰਜਾਬ ਪੁਲਸ ਤੋਂ ਰਿਟਾਇਰਡ ਹੋ ਚੁੱਕੇ ਹਨ ਪਰ ਉਹ ਪੁਲਸ ਦੇ ਇਸ ਦਾਅਵੇ ਨੂੰ ਖੁੱਲ੍ਹ ਕੇ ਚੁਣੌਤੀ ਦਿੰਦੇ ਰਹੇ ਹਨ ਕਿ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ
ਚਾਚੇ ਸੁਖਚੈਨ ਸਿੰਘ ਨੇ ਪੰਜਾਬ ਪੁਲਸ 'ਤੇ ਸਵਾਲ ਚੁੱਕਦੇ ਕਿਹਾ ਕਿ ਅਧਿਕਾਰੀਆਂ ਨੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਫੋਰਸ ਤਾਇਨਾਤ ਕੀਤੀ ਸੀ। ਜਿਸ ਪੁਲਸ ਦੇ ਕੋਲ ਹਰ ਤਰ੍ਹਾਂ ਦੇ ਆਟੋਮੈਟਿਕ ਹਥਿਆਰ ਹਨ ਅਤੇ ਜਿਸ ਕੋਲ ਸਿਰਫ਼ ਦੇਸੀ ਹਥਿਆਰ ਹਨ, ਉਹ ਪੁਲਸ ਤੋਂ ਕਿਵੇਂ ਬੱਚ ਸਕਦਾ ਹੈ? ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਪਿੰਡ ਜੱਲੂਪੁਰ ਖੇੜਾ ਸਮੇਤ ਹਰ ਜਗ੍ਹਾ ਖੁੱਲ੍ਹ ਕੇ ਘੁੰਮ ਰਿਹਾ ਸੀ। ਉਹ ਹਰ ਰੋਜ਼ ਗੁਰਦੁਆਰੇ ਜਾਂਦਾ ਸੀ। ਉਸ ਨੂੰ ਗ੍ਰਿਫ਼ਤਾਰ ਕਰਨਾ ਪੁਲਸ ਲਈ ਕੋਈ ਮੁਸ਼ਿਕਲ ਨਹੀਂ ਸੀ।
ਇਹ ਵੀ ਪੜ੍ਹੋ : IPS ਜੋਤੀ ਯਾਦਵ ਨਾਲ ਵਿਆਹ ਦੇ ਬੰਧਨ 'ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ, ਸਾਹਮਣੇ ਆਈਆਂ ਤਸਵੀਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।