ਉਮਰਾਨੰਗਲ ਨੇ ਅੱਤਵਾਦੀ ਦੱਸ ਕੇ ਕੀਤਾ ਸੀ ਸੁਖਪਾਲ ਦਾ ਐਨਕਾਊਂਟਰ,'ਸਿਟ' ਗਠਿਤ

Wednesday, Apr 10, 2019 - 04:18 PM (IST)

ਉਮਰਾਨੰਗਲ ਨੇ ਅੱਤਵਾਦੀ ਦੱਸ ਕੇ ਕੀਤਾ ਸੀ ਸੁਖਪਾਲ ਦਾ ਐਨਕਾਊਂਟਰ,'ਸਿਟ' ਗਠਿਤ

ਚੰਡੀਗੜ੍ਹ (ਹਾਂਡਾ) : ਪੰਜਾਬ 'ਚ ਅੱਤਵਾਦ ਦੌਰਾਨ 1994 'ਚ ਰੋਪੜ 'ਚ ਸੁਖਪਾਲ ਸਿੰਘ ਨੂੰ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਦੱਸਦਿਆਂ ਉਸ ਸਮੇਂ ਰੋਪੜ ਦੇ ਡੀ. ਐੱਸ. ਪੀ. ਪਰਮਰਾਜ ਸਿੰਘ  ਉਮਰਾਨੰਗਲ ਨੇ ਫੇਕ ਐਨਕਾਊਂਟਰ 'ਚ ਮਾਰ ਦਿੱਤਾ ਸੀ। 11 ਸਾਲ ਬਾਅਦ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਹੋਈ ਸੀ, ਜਿਸ ਨੂੰ ਉਮਰਾਨੰਗਲ ਨੇ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਮਾਮਲੇ ਦੀ ਮੁੜ ਜਾਂਚ ਲਈ 'ਸਿਟ' ਗਠਿਤ ਕਰਨ ਦਾ ਫੈਸਲਾ ਸੁਣਾਇਆ ਹੈ, ਜਿਸ 'ਚ ਹਾਈਕੋਰਟ ਦਾ ਸਾਬਕਾ ਜੱਜ ਸ਼ਾਮਲ ਹੋਵੇਗਾ। 'ਸਿਟ' 'ਚ ਰਿਟਾਇਰਡ ਜੱਜ ਤੋਂ ਇਲਾਵਾ ਕੌਣ ਸ਼ਾਮਲ ਹੋਵੇ, ਇਸ ਨੂੰ ਲੈ ਕੇ ਪੇਚ ਫਸ ਗਿਆ ਹੈ, ਜਿਸ 'ਤੇ ਫੈਸਲਾ ਬੁੱਧਵਾਰ ਨੂੰ ਲਿਆ ਜਾਵੇਗਾ।

ਇਸ ਫਰਜ਼ੀ ਐਨਕਾਊਂਟਰ 'ਚ ਫਸੇ ਆਈ.ਜੀ. ਪਰਮਰਾਜ ਉਮਰਾਨੰਗਲ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਸ ਪਹਿਲਾਂ ਹੀ ਉਨ੍ਹਾਂ ਨੂੰ ਫਸਾਏ ਜਾਣ ਦੀ ਤਾਕ 'ਚ ਹੈ, ਅਜਿਹੇ 'ਚ 'ਸਿਟ' 'ਚ ਪੰਜਾਬ ਪੁਲਸ ਦੇ ਅਧਿਕਾਰੀ ਸ਼ਾਮਲ ਨਾ ਹੋਣ, ਇਸ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੂਬਾ ਵਿਜੀਲੈਂਸ ਤੋਂ ਕਰਵਾਈ ਜਾ ਸਕਦੀ ਹੈ। ਵਿਜੀਲੈਂਸ ਗ੍ਰਹਿ ਸਕੱਤਰ ਦੇ ਅਧੀਨ ਹੈ ਡੀ.ਜੀ.ਪੀ. ਦੇ ਨਹੀਂ। ਉਥੇ ਹੀ ਦੂਜੇ ਪਾਸੇ ਪਟੀਸ਼ਨਰ ਦਲਬੀਰ ਕੌਰ ਦੇ ਵਕੀਲ ਨੇ ਕਿਹਾ ਕਿ ਇਸ 'ਸਿਟ' 'ਚ ਹਾਈਕੋਰਟ ਦੇ ਰਿਟਾਇਰਡ ਜੱਜ ਤੋਂ ਇਲਾਵਾ ਜਿਸ ਹੋਰ ਅਧਿਕਾਰੀ ਨੂੰ ਸ਼ਾਮਲ ਕੀਤਾ ਜਾਵੇ, ਇਕ ਤਾਂ ਉਹ ਆਈ. ਜੀ. ਉਮਰਾਨੰਗਲ ਤੋਂ ਸੀਨੀਅਰ ਹੋਵੇ, ਦੂਜਾ ਉਹ ਸੂਬੇ ਦੇ ਬਾਹਰ ਦੀ ਕਿਸੇ ਪੁਲਸ ਦਾ ਉਚ ਅਧਿਕਾਰੀ ਹੋਣਾ ਚਾਹੀਦਾ ਹੈ। ਇਸ 'ਤੇ ਉਮਰਾਨੰਗਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਦਿਨ ਦਾ ਸਮਾਂ ਦਿੱਤਾ ਜਾਵੇ, ਉਹ ਇਸ ਮਾਮਲੇ 'ਚ ਆਪਣੇ ਕਲਾਇੰਟ ਨਾਲ ਗੱਲ ਕਰਕੇ ਬੁੱਧਵਾਰ ਨੂੰ ਹਾਈਕੋਰਟ ਨੂੰ ਜਾਣਕਾਰੀ ਦੇ ਦੇਣਗੇ। ਦਲੀਲ ਸੁਣਨ ਤੋਂ ਬਾਅਦ ਕੋਰਟ ਨੇ ਸੁਣਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਹੈ।


author

Anuradha

Content Editor

Related News