ਘਰਾਂ 'ਚ ਖੁੱਲ੍ਹੇ ਨਾਜਾਇਜ਼ ਕਲੀਨਿਕਾਂ 'ਚ ਨਵਜੰਮੇ ਬੱਚਿਆਂ ਨਾਲ ਮਾਂ ਦਾ ਵੀ ਹੁੰਦੈ ਦੂਜਾ ਜਨਮ !
Thursday, Jun 04, 2020 - 12:09 PM (IST)
ਫਿਲੌਰ (ਭਾਖੜੀ)— ਸਰਕਾਰੀ ਮਸ਼ੀਨਰੀ ਦੀ ਲਾਪਰਵਾਹੀ ਅਤੇ ਭ੍ਰਿਸ਼ਟ ਕਾਰਜਪ੍ਰਣਾਲੀ ਕਾਰਨ ਬੱਚੇ ਨੂੰ ਜੰਨਤ ਦਿੰਦੇ ਸਮੇਂ ਗਰੀਬ ਪਰਿਵਾਰ ਦੀਆਂ ਬੀਬੀਆਂ ਨੂੰ ਦੋਹਰੇ ਦਰਦ ਤੋਂ ਗੁਜ਼ਰਨਾ ਪੈ ਰਿਹਾ ਹੈ । ਘਰਾਂ 'ਚ ਬਿਨ੍ਹਾਂ ਕਿਸੇ ਡਿਗਰੀ ਦੇ ਖੁੱਲ੍ਹੇ ਨਾਜਾਇਜ਼ ਕਲੀਨਿਕਾਂ 'ਚ ਬੱਚੇ ਨਾਲ ਮਾਂ ਦਾ ਵੀ ਦੂਜਾ ਜਨਮ ਹੁੰਦਾ ਹੈ। ਇਨ੍ਹਾਂ ਨਾਜਾਇਜ਼ ਕਲੀਨਿਕਾਂ 'ਚ ਹੀ ਲੜਕੀਆਂ ਦੇ ਅਬਾਰਸ਼ਨ ਅਤੇ ਇਥੇ ਹੀ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖ਼ਤ ਦੇ ਸੌਦੇ ਹੋ ਰਹੇ ਹਨ। ਸਰਕਾਰੀ ਮਸ਼ੀਨਰੀ ਦੀ ਲਾਪਰਵਾਹੀ ਅਤੇ ਸਿਵਲ ਹਸਪਤਾਲ 'ਚ ਜਨਾਨੀ ਡਾਕਟਰਾਂ ਦੀ ਕਮੀ ਕਾਰਨ ਬਿਨ੍ਹਾਂ ਕਿਸੇ ਡਿਗਰੀ ਦੇ ਘਰਾਂ 'ਚ ਨਾਜਾਇਜ਼ ਤੌਰ 'ਤੇ ਖੁੱਲ੍ਹੇ ਕਲੀਨਿਕਾਂ ਦਾ ਧੰਦਾ ਖੂਬ ਵਧ-ਫੁੱਲ ਰਿਹਾ ਹੈ। ਜਿੱਥੇ ਗਰੀਬ ਪਰਿਵਾਰ ਦੀਆਂ ਗਰਭਵਤੀ ਬੀਬੀਆਂ ਤੋਂ ਲੈ ਕੇ ਮੱਧਵਰਗੀ ਪਰਿਵਾਰ ਦੀਆਂ ਬੀਬੀਆਂ ਦੀ ਜਾਂਚ ਬਿਨ੍ਹਾਂ ਕਿਸੇ ਡਿਗਰੀ ਅਤੇ ਤਜ਼ਰਬੇ ਦੇ ਬਣੀਆਂ ਜਨਾਨਾ ਡਾਕਟਰ ਕਰ ਰਹੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਕਿਸੇ ਸਮੇਂ ਦਾਈ ਕਿਹਾ ਜਾਂਦਾ ਸੀ। ਅੱਜ ਉਹੀ ਇਨ੍ਹਾਂ ਗਰੀਬ ਬੀਬੀਆਂ ਦੀ ਜ਼ਿੰਦਗੀ ਨਾਲ ਰੁਪਇਆਂ ਦੇ ਲਾਲਚ 'ਚ ਖੇਡ ਰਹੀਆਂ ਹਨ, ਜਿਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਘਰਾਂ 'ਚ ਨਾਜਾਇਜ਼ ਤੌਰ 'ਤੇ ਜਨਾਨੀਆਂ ਵੱਲੋਂ ਜੋ ਕਲੀਨਿਕ ਖੋਲ੍ਹੇ ਹੋਏ ਹਨ, ਉਥੇ ਆਮ ਕਰਕੇ ਵਰਕਰ ਵੀ ਆਉਂਦੀ ਜਾਂਦੀ ਰਹਿੰਦੀ ਹੈ ਅਤੇ ਇਨ੍ਹਾਂ ਦੇ ਦਲਾਲ ਸਰਕਾਰੀ ਹਸਪਤਾਲ 'ਚ ਘੁੰਮ ਕੇ ਗਰਭਵਤੀ ਬੀਬੀਆਂ ਨੂੰ ਜਦੋਂ ਉਥੇ ਡਾਕਟਰ ਨਹੀਂ ਮਿਲਦਾ ਤਾਂ ਉਹ ਉਨ੍ਹਾਂ ਦੇ ਕੋਲ ਲੈ ਆਉਂਦੇ ਹਨ, ਜਿਸ ਕਾਰਨ ਇਹ ਬਿਨ੍ਹਾਂ ਕਿਸੇ ਡਰ ਦੇ ਬੇਰੋਕ-ਟੋਕ ਦੇ ਧੜੱਲੇ ਨਾਲ ਇਨ੍ਹਾਂ ਨਾਜਾਇਜ਼ ਕਲੀਨਿਕਾਂ ਦੀ ਸੰਚਾਲਕਾ ਬਣ ਕੇ ਉਥੇ ਬਹੁਤ ਹੀ ਬੁਰੇ ਤਰੀਕਿਆਂ ਨਾਲ ਬੱਚਿਆਂ ਨੂੰ ਜਨਮ ਦਿਵਾ ਰਹੇ ਹਨ, ਜਿਸ ਨਾਲ ਬੀਬੀਆਂ ਨੂੰ ਅਜਿਹੇ ਦਰਦ 'ਚੋਂ ਗੁਜ਼ਰਨਾ ਪੈਂਦਾ ਹੈ, ਜਿਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਇਨ੍ਹਾਂ ਹੀ ਡਾਕਟਰਾਂ ਦੀ ਲਾਪਰਵਾਹੀ ਨਾਲ ਕਈ ਦਫਾ ਗਰਭਵਤੀ ਬੀਬੀਆਂ ਦੀ ਜਾਨ ਖਤਰੇ ਵਿਚ ਪੈ ਚੁੱਕੀ ਹੈ ਅਤੇ ਜਨਮ ਲੈਣ ਵਾਲੇ ਬੱਚੇ ਵੀ ਇਨ੍ਹਾਂ ਦੀ ਲਾਪਰਵਾਹੀ ਨਾਲ ਅਪਾਹਜ ਪੈਦਾ ਹੋ ਰਹੇ ਹਨ।
ਨਵਜੰਮਿਆ ਬੱਚਾ ਲੜਕਾ ਹੈ ਜਾਂ ਲੜਕੀ, ਦੇ ਹਿਸਾਬ ਨਾਲ ਤੈਅ ਹੁੰਦੀ ਹੈ ਨਾਜਾਇਜ਼ ਕਲੀਨਿਕਾਂ ਵਿਚ ਫੀਸ
ਘਰਾਂ 'ਚ ਖੁੱਲ੍ਹੇ ਇਨ੍ਹਾਂ ਨਾਜਾਇਜ਼ ਕਲੀਨਿਕਾਂ 'ਚ ਬੈਠੀਆਂ ਜਾਨਾਨਾ ਸੰਚਾਲਕਾਂ ਦੀ ਕੋਈ ਖੁਦ ਦੀ ਤੈਅ ਫ਼ੀਸ ਨਹੀਂ ਹੁੰਦੀ, ਜਿਵੇਂ ਹੀ ਗਰਭਵਤੀ ਬੀਬੀ ਆਪਣੀ ਜਾਂਚ ਕਰਵਾਉਣ ਲਈ ਇਨ੍ਹਾਂ ਦੇ ਕੋਲ ਪੁੱਜ ਜਾਂਦੀ ਹੈ ਤਾਂ ਇਹ ਨਕਲੀ ਡਾਕਟਰ ਸ਼ੁਰੂ 'ਚ ਮਰੀਜ਼ ਨੂੰ ਪਹਿਲਾਂ ਕੋਈ ਨਕਲੀ ਟੋਨਿਕ ਦੇ ਕੇ ਮਰੀਜ਼ ਤੋਂ ਫੀਸ ਵਸੂਲਣੀ ਸ਼ੁਰੂ ਕਰ ਦਿੰਦੇ ਹਨ। ਇਹ ਸੰਚਾਲਕਾ ਮਰੀਜ਼ ਨੂੰ ਉਸ ਜਗ੍ਹਾ ਅਲਟਰਾ ਸਾਊਂਡ ਕਰਵਾਉਣ ਭੇਜ ਦਿੰਦੀ ਹੈ, ਜਿੱਥੇ ਇਨ੍ਹਾਂ ਦੀ ਸੈਟਿੰਗ ਹੁੰਦੀ ਹੈ। ਉਥੇ ਬਿਨ੍ਹਾਂ ਕੋਈ ਆਈ. ਡੀ. ਪਰੂਫ ਲਏ ਮਰੀਜ਼ ਦੀ ਅਲਟਰਾ ਸਾਊਂਡ ਹੋ ਜਾਂਦੀ ਹੈ। ਜੇਕਰ ਅਲਟਰਾ ਸਾਊਂਡ ਦੇ ਸਮੇਂ ਮਰੀਜ਼ ਤੋਂ ਆਈ. ਡੀ. ਪਰੂਫ ਲਿਆ ਜਾਵੇ ਤਾਂ ਗਰਭਵਤੀ ਔਰਤ ਦੀ ਪੂਰੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਕੋਲ ਪੁੱਜ ਜਾਵੇਗੀ, ਜਿਸ ਨਾਲ ਫਿਰ ਗਰਭਵਤੀ ਬੀਬੀ ਦਾ ਅਬਾਰਸ਼ਨ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਗਰਭਵਤੀ ਬੀਬੀ ਜੇਕਰ ਉਥੇ ਮੁੰਡੇ ਨੂੰ ਜਨਮ ਦਿੰਦੀ ਹੈ ਤਾਂ ਸੰਚਾਲਕਾ ਉਸ ਤੋਂ 10 ਤੋਂ 12 ਹਜ਼ਾਰ ਰੁਪਏ ਲੈਂਦੀ ਹੈ। ਜੇਕਰ ਬੀਬੀ ਕੁੜੀ ਨੂੰ ਜਨਮ ਦਿੰਦੀ ਹੈ ਤਾਂ ਉਸ ਦੀ ਫ਼ੀਸ 5 ਤੋਂ 6 ਹਜ਼ਾਰ ਰੁਪਏ ਵਸੂਲੀ ਜਾਂਦੀ ਹੈ। ਇਸ 'ਚ ਇਕ ਹਜ਼ਾਰ ਰੁਪਏ ਵੱਖ ਤੋਂ ਉਹ ਆਸ਼ਾ ਵਰਕਰ ਦੇ ਨਾਂ ਨਾਲ ਵੀ ਵਸੂਲ ਕਰਦੀ ਹੈ ।
ਘਰੇਲੂ ਕਲੀਨਿਕਾਂ 'ਚ ਹੁੰਦੇ ਹਨ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖ਼ਤ ਅਤੇ ਨਾਜਾਇਜ਼ ਅਬਾਰਸ਼ਨ
ਬੇਸ਼ੱਕ ਸਰਕਾਰ ਨੇ ਲਿੰਗ ਨਿਰਧਾਰਨ ਜਾਂਚ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਸੂਬੇ ਦੇ ਕੁਝ ਸ਼ਹਿਰਾਂ ਵਿਚ ਪੈਂਦੇ ਪਿੰਡ ਜਿੱਥੇ ਅਲਟ੍ਰਾਸਾਊਂਡ ਮਸ਼ੀਨਾਂ ਲੱਗੀਆਂ ਹਨ, ਉੱਥੇ 30 ਤੋਂ 40 ਹਜ਼ਾਰ ਰੁਪਏ ਲੈ ਕੇ ਇਹ ਜਾਂਛ ਚੋਰੀ ਕੀਤੀ ਜਾ ਰਹੀ ਹੈ। ਜਿਵੇਂ ਹੀ ਪਰਿਵਾਰ ਦੇ ਲੋਕਾਂ ਨੂੰ ਪਤਾ ਲਗਦਾ ਹੈ ਕਿ ਗਰਭ 'ਚ ਪਲਣ ਵਾਲਾ ਬੱਚਾ ਕੁੜੀ ਹੈ ਤਾਂ ਉਹ ਇਥੇ ਗਰਭਵਤੀ ਬੀਬੀਆਂ ਨੂੰ ਲਿਆ ਕੇ ਉਨ੍ਹਾਂ ਦਾ ਨਾਜਾਇਜ਼ ਤੌਰ 'ਤੇ ਇਹ ਸੰਚਾਲਕਾਵਾਂ ਗਰਭਪਾਤ ਕਰਕੇ ਕੁੱਖ 'ਚ ਹੀ ਬੱਚੇ ਮਾਰ ਰਹੀਆਂ ਹਨ। ਦੂਜਾ ਇਨ੍ਹਾਂ ਹੀ ਨਾਜਾਇਜ਼ ਕਲੀਨਿਕਾਂ ਵਿਚ ਬੱਚਿਆਂ ਦੀ ਖਰੀਦੋ-ਫਰੋਖ਼ਤ ਦੇ ਵੀ ਧੰਦੇ ਖੂਬ ਵਧ-ਫੁੱਲ ਰਹੇ ਹਨ। ਜੇਕਰ ਕਿਸੇ ਨੇ ਕੁੜੀ ਨਹੀਂ ਰੱਖਣੀ ਤਾਂ ਇਹ ਸੰਚਾਲਕਾ ਅੱਗੇ ਗਾਹਕ ਨੂੰ ਲੱਖਾਂ ਰੁਪਏ 'ਚ ਵੇਚ ਦਿੰਦੇ ਹਨ। ਇਸੇ ਹੀ ਤਰ੍ਹਾਂ ਕੁੜੀ ਦੇ ਇਕ ਨਾਜਾਇਜ਼ ਗਰਭਪਾਤ ਦਾ ਕੇਸ ਪੁਲਸ ਕੋਲ ਪੁੱਜਾ ਹੈ।
ਦੂਜਾ ਬੱਚਿਆਂ ਨੂੰ ਇਨ੍ਹਾਂ ਸੰਚਾਲਕਾ ਵੱਲੋਂ ਵੇਚਣ ਦੇ ਕੇਸ 2-3 ਤਾਂ ਪੁਲਸ ਕੋਲ ਪੁੱਜ ਚੁੱਕੇ ਹਨ। ਗਰੀਬ ਬੀਬੀਆਂ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ 'ਚੋਂ ਗੁਜ਼ਰ ਕੇ ਦਰਦਨਾਕ ਤਰੀਕੇ ਨਾਲ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ। ਨਵਜੰਮੇ ਬੱਚਿਆਂ ਨੂੰ ਜਨਮ ਦਿਵਾਉਣ ਲਈ ਜਿਵੇਂ ਹੀ ਪਰਿਵਾਰ ਦੇ ਲੋਕ ਬੀਬੀਆਂ ਨੂੰ ਇਨ੍ਹਾਂ ਦੇ ਕੋਲ ਉਸ ਦੇ ਘਰ ਛੱਡ ਕੇ ਜਾਂਦੇ ਹਨ, ਉੱਥੇ ਗਰਭਵਤੀ ਬੀਬੀ ਦੀ ਜੋ ਦੁਰਦਸ਼ਾ ਹੁੰਦੀ ਹੈ ਅਤੇ ਜਿਸ ਤਰ੍ਹਾਂ ਬੱਚੇ ਨੂੰ ਜਨਮ ਦਿਵਾਇਆ ਜਾਂਦਾ ਹੈ, ਉਸ ਨੂੰ ਬਿਆਨ ਕਰਦਿਆਂ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਕਈ ਵਾਰ ਤਾਂ ਮਾਂ ਨੂੰ ਆਪਣੀ ਜਾਨ ਤੱਕ ਦਾਅ 'ਤੇ ਲਗਾਉਣੀ ਪੈ ਜਾਂਦੀ ਹੈ ਨਾ ਤਾਂ ਉਨ੍ਹਾਂ ਘਰਾਂ ਵਿਚ ਸੰਚਾਲਕਾਂ ਨੇ ਕੋਈ ਸਟ੍ਰੈਕਚਰ ਰੱਖੇ ਹਨ ਅਤੇ ਨਾ ਹੀ ਉਨ੍ਹਾਂ ਦੇ ਕੋਲ ਕੋਈ ਔਜਾਰ ਹਨ। ਗਰਭਵਤੀ ਬੀਬੀ ਨੂੰ ਖੂਨ ਨਾਲ ਲਿਬੜੀ ਇਕ ਮੰਜੀ 'ਤੇ ਇੰਜੈਕਸ਼ਨ ਲਗਾ ਕੇ ਤੜਫਣ ਲਈ ਛੱਡ ਦਿੱਤਾ ਜਾਂਦਾ ਹੈ। ਅਜਿਹੇ ਹੀ ਦਰਦ `ਚੋਂ ਗੁਜ਼ਰੀ ਬੀਬੀ ਨੇ ਦੱਸਿਆ ਕਿ ਤਿੰਨ ਘੰਟੇ ਵਿਚ ਜੇਕਰ ਬੱਚਾ ਨਹੀਂ ਹੁੰਦਾ ਤਾਂ ਫਿਰ ਸੰਚਾਲਕ ਅਤੇ ਉਸ ਦੀ ਸਹਾਇਕ ਵੱਲੋਂ ਗਰਭਵਤੀ ਬੀਬੀ ਦੀ ਇੰਟੈਗਰੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸੰਚਾਲਕਾ ਬੀਬੀ ਦੇ ਢਿੱਡ ਦੇ ਉੱਪਰ ਬੈਠ ਕੇ ਹਰ ਤਰ੍ਹਾਂ ਦੇ ਦਰਦ ਦਿੰਦੀ ਹੈ ਜੋ ਗਰਭਵਤੀ ਬੀਬੀ ਦੇ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ, ਜੋ ਬੀਬੀਆਂ ਬੇਹੋਸ਼ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਉਹ ਅੱਗੇ ਹਸਪਤਾਲ ਰੈਫਰ ਕਰ ਦਿੰਦੀ ਹੈ । ਕਈ ਵਾਰ ਤਾਂ ਬੱਚੇ ਰਸਤੇ ਵਿਚ ਹੀ ਪੈਦਾ ਹੋ ਜਾਂਦੇ ਹਨ।
ਇਥੇ ਹੋ ਰਹੀ ਹੈ ਲਿੰਗ ਨਿਰਧਾਰਣ ਜਾਂਚ
ਪੰਜਾਬ ਦੇ ਸ਼ਹਿਰ ਨਵਾਂਸ਼ਹਿਰ, ਪਠਾਨਕੋਟ, ਜੇ. ਐਂਡ ਕੇ 'ਚ ਪੈਂਦੇ ਕਠੂਆ, ਰਾਜਸਥਾਨ ਦੇ ਦਿਹਾਤੀ ਇਲਾਕਿਆਂ ਵਿਚ ਅੱਜ ਵੀ ਧੜੱਲੇ ਨਾਲ ਲਿੰਗ ਨਿਰਧਾਰਣ ਟੈਸਟ ਹੋ ਰਹੇ ਹਨ ।
ਸਿਵਲ ਹਸਪਤਾਲ ਬਣਿਆ ਗਰਭਵਤੀ ਬੀਬੀਆਂ ਲਈ ਬਿਨ੍ਹਾਂ ਰੈਫਰ ਹਸਪਤਾਲ
ਇਸ ਸਬੰਧੀ ਸਿਵਲ ਹਸਪਤਾਲ ਦੇ ਕਾਰਜਕਾਰੀ ਐੱਸ. ਐੱਮ. ਓ. ਡਾਕਟਰ ਅਸ਼ੋਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਗਰਭਵਤੀ ਬੀਬੀਆਂ ਲਈ ਇਕ ਹੀ ਔਰਤ ਡਾਕਟਰ ਹੈ। ਸਥਾਈ ਡਾਕਟਰ ਨਾ ਹੋਣ ਕਾਰਨ ਇਹ ਮੁਸ਼ਕਲ ਆ ਰਹੀ ਹੈ, ਜਿਸ ਕਾਰਨ ਬੀਬੀਆਂ ਨੂੰ ਅੱਗੇ ਰੈਫਰ ਕਰਨਾ ਪੈ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕੁਝ ਜਨਾਨੀਆਂ ਆਪਣੇ ਘਰਾਂ 'ਚ ਹੀ ਨਾਜਾਇਜ਼ ਕਲੀਨਿਕ ਖੋਲ੍ਹ ਕੇ ਗਲਤ ਕੰਮਾਂ ਨੂੰ ਅੰਜਾਮ ਦੇ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ 'ਤੇ ਹੈੱਡ ਕੁਆਰਟਰ 'ਚ ਕੀਤੀ ਜਾਵੇ ਤਾਂ ਹੀ ਸਹੀ ਅਰਥਾਂ 'ਚ ਨੱਥ ਕੱਸੀ ਜਾ ਸਕਦੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਕ ਗਰਭਵਤੀ ਔਰਤ ਗਰੀਬ ਹੋਣ ਕਾਰਨ ਬੱਚੇ ਨੂੰ ਜਨਮ ਦੇਣ ਲਈ ਆਪਣੇ ਘਰ 'ਚ ਹੀ ਪਈ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਇਥੇ ਲਿਆ ਕੇ ਜਲੰਧਰ ਰੈਫਰ ਕੀਤਾ ਜਾਵੇਗਾ।