ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਤਨਮਨਜੀਤ ਸਿੰਘ ਢੇਸੀ, ਦਿੱਲੀ ਕਮੇਟੀ ਨੇ ਕੀਤਾ ਸਨਮਾਨਤ

Wednesday, Aug 02, 2017 - 01:43 PM (IST)

ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਤਨਮਨਜੀਤ ਸਿੰਘ ਢੇਸੀ, ਦਿੱਲੀ ਕਮੇਟੀ ਨੇ ਕੀਤਾ ਸਨਮਾਨਤ

ਲੰਡਨ/ਦਿੱਲੀ— ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਗਲੈਂਡ ਦੇ ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਸਨਮਾਨਤ ਕੀਤਾ। ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਕਮੇਟੀ ਦਫਤਰ ਪਹੁੰਚੇ ਢੇਸੀ ਨੂੰ ਅਕਾਲੀ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਮੈਂਬਰਾਂ ਵੱਲੋਂ ਸ਼ਾਲ, ਕਿਰਪਾਨ ਅਤੇ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਤ ਕੀਤਾ ਗਿਆ। ਸਿਰਸਾ ਨੇ ਸਿੱਖ ਪਛਾਣ ਨਾਲ ਜੁੜੀਆਂ ਵਸਤੂਆਂ ਨੂੰ ਲੈ ਕੇ ਵਿਦੇਸ਼ਾਂ ਵਿਚ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਢੇਸੀ ਤੋਂ ਸਹਿਯੋਗ ਮੰਗਿਆ। ਸਿਰਸਾ ਨੇ ਇਸ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸੰਬੰਧੀ ਭੇਜੇ ਗਏ ਮਾਮਲੇ ਦੀ ਜਾਣਕਾਰੀ ਵੀ ਦਿੱਤੀ। ਸਿਰਸਾ ਨੇ ਕਿਹਾ ਕਿ ਪੰਜ ਕੱਕਾਰ ਅਤੇ ਦਸਤਾਰ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ ਕਾਨੂੰਨਾਂ ਦੇ ਕਾਰਨ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਕਮੇਟੀ ਨੇ ਇਸ ਮਾਮਲੇ ਦੇ ਸਮਰਥਨ ਵਿਚ ਪੱਤਰ ਦੇਣ ਦੀ ਅਪੀਲ ਕਰਦੇ ਹੋਏ ਬ੍ਰਿਟੇਨ ਦੇ ਵਿਦੇਸ਼ ਮੰਤਰੀ ਤੋਂ ਅਜਿਹਾ ਹੀ ਸਮਰਥਨ ਪੱਤਰ ਦਿਵਾਉਣ ਦੀ ਅਪੀਲ ਕੀਤੀ ਤਾਂ ਜੋ ਸੰਯੁਕਤ ਰਾਸ਼ਟਰ ਦੇ ਸਾਹਮਣੇ ਮਜ਼ਬੂਤੀ ਨਾਲ ਸਿੱਖਾਂ ਦਾ ਪੱਖ ਰੱਖਿਆ ਜਾ ਸਕੇ। ਸੰਯੁਕਤ ਰਾਸ਼ਟਰ ਦੇ ਅਗਲੇ ਸੈਸ਼ਨ ਵਿਚ ਇਸ ਮਾਮਲੇ 'ਤੇ ਸੁਣਵਾਈ ਹੋਣ ਦੀ ਉਮੀਦ ਜਤਾਉਂਦੇ ਹੋਏ ਸਿਰਸਾ ਨੇ ਸੰਯੁਕਤ ਰਾਸ਼ਟਰ ਵੱਲੋਂ ਇਸ ਸੰਬੰਧੀ ਕਾਨੂੰਨ ਪੇਸ਼ ਕਰਨ ਤੋਂ ਬਾਅਦ ਸਿੱਖਾਂ ਦੀਆਂ ਪਰੇਸ਼ਾਨੀਆਂ ਦੇ ਰੁਕਣ ਦਾ ਦਾਅਵਾ ਕੀਤਾ। 
ਢੇਸੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਸਥਾਨ 'ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ, ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ, ਪੰਜਾਬ ਅਤੇ ਸਿੱਖ ਮਾਮਲਿਆਂ 'ਤੇ ਮਜ਼ਬੂਤੀ ਦੇ ਨਾਲ ਕੌਮ ਦੀ ਆਵਾਜ਼ ਬਣਨ ਦਾ ਭਰੋਸਾ ਦਿੰਦੇ ਹੋਏ ਢੇਸੀ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾਉਣ ਲਈ ਸਹਿਯੋਗ ਦੇਣ ਵਾਲੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ। ਸਿਰਸਾ ਵੱਲੋਂ ਸਿੱਖ ਪਛਾਣ ਨਾਲ ਜੁੜੇ ਮਾਮਲੇ 'ਤੇ ਮੰਗੀ ਗਈ ਸਹਾਇਤਾ ਨੂੰ ਢੇਸੀ ਨੇ ਪੂਰਨ ਤੌਰ 'ਤੇ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਕੌਮ ਲਈ ਕੰਮ ਨਹੀਂ ਕਰਨਗੇ ਤਾਂ ਫਿਰ ਕਿਸੇ ਤੋਂ ਕੀ ਉਮੀਦ ਕਰਨਗੇ?


Related News