ਵਿਦਿਆਰਥੀਆਂ ਦੀ ਪ੍ਰੇਸ਼ਾਨੀ ਦੂਰ ਕਰੇਗਾ ਯੂ. ਜੀ. ਸੀ. ਦਾ ਹੈਪਲਲਾਈਨ ਨੰਬਰ

05/11/2020 8:48:00 PM

ਲੁਧਿਆਣਾ, (ਵਿੱਕੀ)— ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ।
ਯੂ. ਜੀ. ਸੀ. ਨੇ ਇਸ ਟਾਸਕ ਫੋਰਸ ਨਾਲ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ ਅਤੇ ਈ-ਮੇਲ ਵੀ ਜਾਰੀ ਕੀਤਾ ਹੈ। ਟਾਸਕ ਫੋਰਸ ਵਿਦਿਆਰਥੀਆਂ, ਟੀਚਰਸ ਅਤੇ ਸਿੱਖਿਅਕ ਸੰਸਥਾਵਾਂ ਦੇ ਸਵਾਲਾਂ, ਸ਼ਿਕਾਇਤਾਂ ਅਤੇ ਦੂਜੇ ਅਕੈਡਮਿਕ ਮਾਮਲਿਆਂ ਲਈ ਕੰਮ ਕਰੇਗੀ। ਇਥੇ ਹੀ ਬੱਸ ਨਹੀਂ, ਸਾਰੀਆਂ ਯੂਨੀਵਰਸਿਟੀਜ਼ ਨੂੰ ਆਪਣੇ-ਆਪਣੇ ਵਿਦਿਆਰਥੀਆਂ ਲਈ ਸ਼ਿਕਾਇਤ ਨਿਵਾਰਨ ਸੈੱਲ ਬਣਾਉਣ ਅਤੇ ਹੈਲਪਲਾਈਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਯੂ. ਜੀ. ਸੀ. ਵਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 'ਤੇ ਕਾਲ ਕਰ ਕੇ ਵਿਦਿਆਰਥੀ ਵਿਦਿਅਕ ਗਤੀਵਿਧੀਆਂ ਨਾਲ ਸਬੰਧਤ ਪ੍ਰਸ਼ਨ ਪੁੱਛ ਸਕਦੇ ਹਨ। ਕਮਿਸ਼ਨ ਨੇ ਟਾਸਕ ਫੋਰਸ ਨਾਲ ਸੰਪਰਕ ਲਈ ਹੈਲਪਲਾਈਨ ਨੰਬਰ 011-23236374 ਜਾਰੀ ਕੀਤਾ ਹੈ। ਉਥੇ ਈ-ਮੇਲ ਆਈ. ਡੀ. ਵੀ ਬਾਕਾਇਦਾ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੀ ਹੈ। ਜਿਸ 'ਤੇ ਵਿਦਿਆਰਥੀ, ਅਧਿਆਪਕ ਅਤੇ ਸੰਸਥਾ ਈ-ਮੇਲ ਕਰ ਕੇ ਕਿਸੇ ਸਵਾਲ ਦਾ ਜਵਾਬ ਜਾਂ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ।
ਕਮਿਸ਼ਨ ਨੇ ਸਾਰੀਆਂ ਯੂਨੀਵਰਸਿਟੀਜ਼ ਅਤੇ ਕਾਲਜਾਂ ਨੂੰ ਵੀ ਕਿਹਾ ਕਿ ਵਿਦਿਆਰਥੀਆਂ ਲਈ ਜਾਰੀ ਕੀਤੀ ਸੂਚਨਾ ਨੂੰ ਆਪਣੀ ਵੈੱਬਸਾਈਟ 'ਤੇ ਜਾਰੀ ਕਰਨ। ਦੱਸ ਦੇਈਏ ਕਿ ਯੂ. ਜੀ. ਸੀ. ਵਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਗਾਈਡਲਾਈਨ ਮੁਤਾਬਕ ਯੂਨੀਵਰਸਿਟੀ ਪ੍ਰੀਖਿਆਵਾਂ ਜੁਲਾਈ 'ਚ ਅਤੇ ਅਡਮੀਸ਼ਨ ਪ੍ਰਕਿਰਿਆ ਅਗਸਤ ਵਿਚ ਹੋਵੇਗੀ। ਪ੍ਰੀਖਿਆਵਾਂ ਨੂੰ 1 ਤੋਂ 31 ਜੁਲਾਈ ਦੇ ਵਿਚਕਾਰ ਅਤੇ ਅਡਮੀਸ਼ਨ ਦੀ ਪ੍ਰਕਿਰਿਆ ਨੂੰ 1 ਤੋਂ 31 ਅਗਸਤ ਤੱਕ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


KamalJeet Singh

Content Editor

Related News