ਪੰਜਾਬ ਦੀ ਬੇਟੀ ਸੁਖਲੀਨ ਢਿੱਲੋਂ ਨੇ ਯੂ. ਐੱਸ. ਏ. ਦੀ ਆਰਮੀ ''ਚ ਲਹਿਰਾਇਆ ਭਾਰਤ ਦਾ ਝੰਡਾ
Tuesday, Sep 19, 2017 - 05:17 AM (IST)
ਜਲੰਧਰ(ਚਾਂਦ)- ਭਾਰਤੀ ਮੂਲ ਦੀ ਪੰਜਾਬ ਦੇ ਬੇਗੋਵਾਲ ਜ਼ਿਲਾ ਕਪੂਰਥਲਾ ਦੀ ਰਹਿਣ ਵਾਲੀ ਸੁਖਲੀਨ ਢਿੱਲੋਂ (19) ਹੁਣ ਯੂ. ਐੱਸ. ਏ. ਆਰਮੀ ਦਾ ਇਕ ਹਿੱਸਾ ਬਣ ਗਈ ਹੈ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਅਟਵਾਟਕ ਦੀ ਰਹਿਣ ਵਾਲੀ ਸੁਖਲੀਨ ਦੀ ਪ੍ਰਾਪਤੀ 'ਤੇ ਉਸਦੀ ਮਾਤਾ ਬਲਬੀਰ ਕੌਰ ਫੁੱਲੀ ਨਹੀਂ ਸਮਾ ਰਹੀ। ਅਮਰੀਕਾ ਤੋਂ ਗੱਲਬਾਤ ਕਰਦਿਆਂ ਬਲਬੀਰ ਕੌਰ ਨੇ ਦੱਸਿਆ ਕਿ ਲਗਨ, ਮਿਹਨਤ, ਸਮਰਪਣ ਤੇ ਬਿਨਾਂ ਕਿਸੇ ਦੀ ਮਦਦ ਦੇ ਉਨ੍ਹਾਂ ਦੀ ਬੇਟੀ ਸੁਖਲੀਨ ਨੇ ਇਹ ਮੁਕਾਮ ਹਾਸਲ ਕੀਤਾ ਹੈ। 2016 ਵਿਚ ਮਹਿਤਾ (ਅੰਮ੍ਰਿਤਸਰ) ਦੇ ਸਰਕਾਰੀ ਸੀ. ਸੈਕੰਡਰੀ ਸਕੂਲ ਤੋਂ ਪਲੱਸ ਟੂ ਪਾਸ ਕਰਨ ਤੋਂ ਕੁਝ ਮਹੀਨੇ ਬਾਅਦ ਉਹ ਅਮਰੀਕਾ ਚਲੀ ਗਈ। ਉਥੇ ਪੜ੍ਹਾਈ ਕਰਦੇ ਹੋਏ ਕਾਲਜ ਵਿਚ ਲੱਗੇ ਆਰਮੀ ਕੈਂਪ ਵਿਚ ਉਸਨੇ ਵੀ ਹਿੱਸਾ ਲਿਆ। ਨਤੀਜਾ ਪੰਜਾਬ ਦੀ ਬੇਟੀ ਦੀ ਓਵਰਆਲ ਪਰਫਾਰਮੈਂਸ ਦੇ ਆਧਾਰ 'ਤੇ ਉਸ ਨੂੰ ਸਿਲੈਕਟ ਕਰ ਲਿਆ ਗਿਆ। ਬਲਬੀਰ ਕੌਰ ਨੇ ਦੱਸਿਆ ਕਿ ਪੂਰੀ ਦੁਨੀਆ ਵਿਚ ਸਭ ਤੋਂ ਵੱਡੇ ਆਰਮੀ ਟਰੇਨਿੰਗ ਸੈਂਟਰ ਫਾਰ ਜੈਕਸਨ ਜੋ ਕਿ ਸਾਊਥ ਕੈਰੋਲੀਨਾ ਵਿਚ ਸਥਿਤ ਹੈ ਵਿਚ ਉਸਨੇ ਪਹਿਲਾਂ ਬੇਸਿਕ ਟਰੇਨਿੰਗ ਪੂਰੀ ਕੀਤੀ। ਜਿਸ ਵਿਚ ਗੰਨ ਚਲਾਉਣਾ, ਗ੍ਰੇਨੇਡ ਸੁੱਟਣਾ, ਰਾਕ ਕਲਾਈਂਬਿੰਗ, ਲਾਈਵ ਬੈਟਲ, ਹਾਰਡ ਟਾਸਕ ਨੂੰ ਕਰਨਾ ਆਦਿ ਸ਼ਾਮਲ ਸਨ।
ਸੁਖਲੀਨ ਨੇ ਅਗਲੀ ਟਰੇਨਿੰਗ ਸ਼ਹਿਰ ਜੋਰਜੀਆ ਵਿਚ ਪੂਰੀ ਕੀਤੀ। ਕੁੱਝ ਕਰਨ ਦਾ ਜਜ਼ਬਾ ਸੰਜੋਏ ਸੁਖਲੀਨ ਢਿੱਲੋਂ ਆਮ ਸਮਾਜ ਦੀਆਂ ਹੋਰਨਾਂ ਲੜਕੀਆਂ ਲਈ ਇਕ ਪ੍ਰੇਰਣਾਸਰੋਤ ਬਣ ਗਈ ਹੈ। ਉਸਦਾ ਛੋਟਾ ਭਰਾ ਅਰਸ਼ਦੀਪ ਜੋ ਪਲੱਸ ਵਨ ਵਿਚ ਪੜ੍ਹ ਰਿਹਾ ਵੀ ਆਪਣੀ ਭੈਣ ਦੀ ਪ੍ਰਾਪਤੀ ਨਾਲ ਬੇਹੱਦ ਉਤਸ਼ਾਹਿਤ ਤੇ ਪ੍ਰਭਾਵਿਤ ਵੀ ਹੈ। ਉਹ ਵੀ ਉਸ ਵਾਂਗ ਹੀ ਆਰਮੀ ਵਿਚ ਜਾਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿਚ ਵਰਾਵੋ ਕੰਪਨੀ ਫਸਟ ਬਟਾਲੀਅਨ 13ਵੀਂ ਇਨਫੈਂਟਰੀ ਰੈਜੀਮੈਂਟ ਨੇ ਬੇਸਿਕ ਕੋਮਬੈਟ ਟਰੇਨਿੰਗ ਸਫਲਤਾ ਨਾਲ ਪੂਰੀ ਕਰਨ 'ਤੇ ਸੁਖਲੀਨ ਕੌਰ ਢਿੱਲੋਂ ਨੂੰ ਸਰਟੀਫਿਕੇਟ ਦਿੱਤਾ। ਸੁਖਲੀਨ ਦੇ ਪਿਤਾ ਜਤਿੰਦਰ ਮਿੰਟੂ ਨੇ ਦੱਸਿਆ ਕਿ ਫੌਜ ਵਿਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੂੰ ਅਮਰੀਕਾ ਦੀ ਪੱਕੀ ਸਿਟੀਜ਼ਨਸ਼ਿਪ ਵੀ ਮਿਲ ਗਈ ਹੈ। ਸੁਖਲੀਨ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱੱਸਿਆ ਕਿ ਮਨ ਵਿਚ ਕੁਝ ਪਾਉਣ ਦੀ ਇੱਛਾ ਹੋਵੇ, ਵੱਡਿਆਂ ਦਾ ਆਸ਼ੀਰਵਾਦ ਹੋਵੇ ਤਾਂ ਤੁਸੀਂ ਕਿਸੇ ਵੀ ਅਸੰਭਵ ਮੁਕਾਮ ਨੂੰ ਵੀ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੀ ਮਾਂ ਬਲਬੀਰ ਕੌਰ ਤੇ ਪਰਿਵਾਰ ਨੂੰ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਹਰੇਕ ਕਦਮ 'ਤੇ ਸਹਾਇਤਾ ਕੀਤੀ। ਟਰੇਨਿੰਗ ਵਿਚ 450 ਉਮੀਦਵਾਰ ਹਿੱਸਾ ਲੈ ਰਹੇ ਹਨ ਤੇ ਸੁਖਲੀਨ ਢਿੱਲੋਂ ਭਾਰਤ ਤੋਂ ਤੇ ਪੰਜਾਬ ਦੀ ਪਹਿਲੀ ਇਕੋ ਇਕ ਲੜਕੀ ਹੈ ਜੋ ਅਗਵਾਈ ਕਰ ਰਹੀ ਹੈ, ਜੋ ਇਕ ਮਾਣ ਵਾਲੀ ਗੱਲ ਹੈ।
