ਯੂ. ਐੱਨ. ਡੀ. ਪੀ. ਦਾ 15 ਮੈਂਬਰੀ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ

Thursday, Jun 27, 2019 - 05:17 AM (IST)

ਯੂ. ਐੱਨ. ਡੀ. ਪੀ. ਦਾ 15 ਮੈਂਬਰੀ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ

ਅੰਮ੍ਰਿਤਸਰ, (ਜ.ਬ,ਨੀਰਜ)- ਯੂ. ਐੱਨ. ਡੀ. ਪੀ. ਦਾ 15 ਮੈਂਬਰੀ ਕਮੇਟੀ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ, ਜਿਸ ਉਪਰੰਤ ਉਨ੍ਹਾਂ ਪਰਿਕਰਮਾ ’ਚ ਸਥਿਤ ਗੁਰਧਾਮਾਂ ਦਾ ਇਤਿਹਾਸ ਜਾਣਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ੀ ਓ ਫੰਗ ਜੋਅ ਡਾਇਰੈਕਟਰ ਮਾਂਟਰੀਅਲ ਪ੍ਰੋਟੋਕਾਲ ਐਂਡ ਕੈਮੀਕਲ ਯੂਨਿਟ ਨਿਊ ਯਾਰਕ (ਯੂ. ਐੱਨ. ਡੀ. ਪੀ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਫ਼ਦ ਆਪਣੀ ਭਾਰਤ ਫੇਰੀ ਦੌਰਾਨ ਜ਼ਿਲਾ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਇਥੋਂ ਦੇ ਹਵਾ ਪ੍ਰਦੂਸ਼ਣ ਬਾਰੇ ਵਿਚਾਰ-ਚਰਚਾ ਕਰੇਗਾ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਵੱਧਦਾ ਜਾ ਰਿਹਾ ਹਵਾ ਪ੍ਰਦੂਸ਼ਣ ਦਾ ਸੰਕਟ ਵਿਸ਼ਵ ਭਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਭਾਰਤ ਵੀ ਇਸ ਵਾਤਾਵਰਣ ਦੇ ਸੰਕਟ ਤੋਂ ਪੀਡ਼ਤ ਹੈ, ਜਿਸ ਸਬੰਧੀ ਇਹ ਵਫਦ ਰਾਸ਼ਟਰੀ ਪੱਧਰ ’ਤੇ ਭਾਰਤ ਸਰਕਾਰ ਦੇ ਸਹਿਯੋਗ ਸਦਕਾ (ਐੱਨ. ਸੀ. ਏ. ਪੀ.) ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਚਲਾਉਣ ਜਾ ਰਿਹਾ ਹੈ। ਇਸ ਤਹਿਤ ਹਵਾ ਪ੍ਰਦੂਸ਼ਣ ਦੇ ਖਾਤਮੇ ਲਈ ਖਾਕਾ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ 6 ਦਿਨਾਂ ਦਾ ਇਹ ਮਿਸ਼ਨ 24 ਤੋਂ ਲੈ ਕੇ 29 ਜੂਨ ਤੱਕ ਚਲਾਇਆ ਜਾ ਰਿਹਾ ਹੈ, ਇਸ ਦੌਰਾਨ ਵੱਖ-ਵੱਖ ਪੱਧਰਾਂ ’ਤੇ ਸਰਕਾਰਾਂ, ਮੰਤਰੀਆਂ, ਪ੍ਰਦੂਸ਼ਣ ਕੰਟਰੋਲ ਬੋਰਡ, ਅਕਾਦਮਿਕ, ਸਿਵਲ ਸੋਸਾਇਟੀ ਇੰਸਟੀਚਿਊਸ਼ਨਜ਼ ਤੇ ਨਿੱਜੀ ਅਦਾਰਿਆਂ ਨਾਲ ਰਾਬਤਾ ਕੀਤਾ ਜਾਵੇਗਾ। ਇਹ ਮਿਸ਼ਨ ਮੁੱਖ ਤੌਰ ’ਤੇ ਅੰਮ੍ਰਿਤਸਰ (ਪੰਜਾਬ), ਗੁਡ਼ਗਾਓਂ (ਨੈਸ਼ਨਲ ਕੈਪੀਟਲ ਰਿਜਨ), ਵਾਰਾਨਸੀ ਉੱਤਰ ਪ੍ਰਦੇਸ਼ ਵੱਲ ਖਾਸ ਧਿਆਨ ਦੇ ਕੇ ਹਵਾ ਪ੍ਰਦੂਸ਼ਣ ਦੇ ਖਾਤਮੇ ਲਈ ਖਾਸ ਸਹਿਯੋਗ ਦਾ ਪਲਾਨ ਤਿਆਰ ਕਰੇਗਾ। ਇਹ ਮਿਸ਼ਨ ਯੂ. ਐੱਨ. ਇੰਟਰ-ਅਦਾਰਿਆਂ ਦੇ ਸਹਿਯੋਗ ਨਾਲ ਚੱਲੇਗਾ, ਜਿਨ੍ਹਾਂ ’ਚ ਯੂ. ਐੱਨ. ਡੀ. ਪੀ. ਸਮੇਤ ਯੂ. ਐੱਨ. ਈ. ਪੀ., ਐੱਫ. ਏ. ਓ., ਡਬਲਿਊ. ਐੱਚ. ਓ., ਅਨਹੈਬੀਟੈਂਟ, ਯੂ. ਐੱਨ. ਆਈ. ਡੀ. ਓ. ਤੇ ਯੂ. ਐੱਨ. ਆਈ. ਸੀ. ਈ. ਐੱਫ. ਸ਼ਾਮਿਲ ਹੋਣਗੇ, ਜੋ ਇਕੱਠੇ ਵੱਖ-ਵੱਖ ਪਹਿਲੂਆਂ ’ਤੇ ਵਿਭਿੰਨ ਰਣਨੀਤੀਆਂ ਉਲੀਕਣਗੇ। ਇਸ ਅੰਤਰਰਾਸ਼ਟਰੀ ਟੀਮ ਦੀ ਅਗਵਾਈ ਜ਼ੀ ਓ ਫੰਗ ਜੋਅ ਕਰਨਗੇ।

ਵਫ਼ਦ ’ਚ ਸ਼ਾਮਿਲ ਹੋਣ ਵਾਲੇ ਮੈਂਬਰਾਂ ’ਚ ਜ਼ੀ ਓ ਫੰਗ ਜੋਅ ਡਾਇਰੈਕਟਰ ਮਾਂਟਰੀਅਲ (ਯੂ. ਐੱਨ. ਡੀ. ਪੀ.), ਪ੍ਰੀਤੀ ਸੋਨੀ (ਯੂ. ਐੱਨ. ਡੀ. ਪੀ.), ਮਨੀਸ਼ਾ ਸੰਘਾਨੀ (ਯੂ. ਐੱਨ. ਡੀ. ਪੀ.), ਤਬਿੰਦਾ ਬਸ਼ੀਰ (ਯੂ. ਐੱਨ. ਡੀ. ਪੀ.), ਮਿ. ਰੇਨੇ ਵੇਨ ਬਰਕਲ (ਯੂ. ਐੱਨ. ਆਈ. ਡੀ. ਓ.), ਮਿਸ ਪੇਡਨ (ਡਬਲਯੂ. ਐੱਚ. ਓ.), ਮਿਨਸਾ ਪੁਰੀ (ਐੱਫ. ਏ. ਓ.), ਡਾ. ਸੈਗਨਿਕ ਡੇ (ਆਈ. ਟੀ. ਟੀ. ਦਿੱਲੀ), ਡਾ. ਰਵਿੰਦਰ ਖੈਵਾਲ (ਪੀ. ਜੀ. ਆਈ. ਐੱਮ. ਈ. ਆਰ.) ਅਤੇ ਪ੍ਰਦੀਪ ਗਰਗ (ਡੀ. ਈ. ਸੀ. ਸੀ.) ਨੂੰ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਸਕੱਤਰ ਮਹਿੰਦਰ ਸਿੰਘ ਆਹਲੀ, ਐਡੀਸ਼ਨਲ ਮੈਨੇਜਰ ਰਜਿੰਦਰ ਸਿੰਘ ਰੂਬੀ ਅਤੇ ਇਕਬਾਲ ਸਿੰਘ ਮੁਖੀ, ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।


author

Bharat Thapa

Content Editor

Related News