ਘਰਾਂ ਦੇ ਘਰ ਉਜਾੜ ਰਿਹਾ ਚਿੱਟਾ, ਬਠਿੰਡਾ ਜ਼ਿਲ੍ਹੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਸਣੇ ਦੋ ਨੌਜਵਾਨਾਂ ਦੀ ਮੌਤ

11/26/2022 6:30:13 PM

ਬਠਿੰਡਾ/ਤਲਵੰਡੀ ਸਾਬੋ (ਸੁਖਵਿੰਦਰ, ਮੁਨੀਸ਼) : ਚਿੱਟਾ ਲਗਾਤਾਰ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਚਿੱਟੇ ਦੀ ਓਵਰਡੋਜ਼ ਕਾਰਨ 2 ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਹੈ। ਮ੍ਰਿਤਕ ਨੌਜਵਾਨ ਪਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਦੇ ਭਰਾ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਫੁੱਲਾਂ ਦੇ ਵਪਾਰੀ ਕੋਲ ਕੰਮ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ। ਉਸ ਨੇ ਦੱਸਿਆ ਕਿ ਉਕਤ ਫੁੱਲਾਂ ਦਾ ਵਪਾਰੀ ਉਸ ਨੂੰ ਨਸ਼ਾ ਕਰਵਾ ਕੇ ਆਪਣਾ ਕੰਮ ਕਰਵਾਉਂਦਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਸਵੇਰੇ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਮਜੀਠਾ ਥਾਣੇ ਵਿਚ 10 ਸਾਲਾ ਬੱਚੇ ਖ਼ਿਲਾਫ਼ ਐੱਫ. ਆਈ. ਆਰ. ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਸਬੰਧੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲੇ ਵਿਚ ਬਠਿੰਡਾ ਮਾਨਸਾ ਰੋਡ ’ਤੇ ਸੂਏ ਤੋਂ ਅੱਗੇ ਖਾਲ੍ਹੀ ਪਏ ਪਲਾਟ ’ਚ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਬੇਹੋਸ਼ ਹੋ ਗਿਆ ਸੀ। ਸੂਚਨਾ ਮਿਲਦਿਆਂ ਹੀ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਨੌਜਵਾਨ ਕੋਲੋਂ ਇਕ ਸਰਿੰਜ ਵੀ ਬਰਾਮਦ ਹੋਈ ਹੈ। ਨੌਜਵਾਨ ਦੇ ਬੇਹੋਸ਼ ਹੋਣ ਕਾਰਨ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ। 

ਇਹ ਵੀ ਪੜ੍ਹੋ : ਗੁਰਲਾਲ ਬਰਾੜ ਕਤਲ ਕਾਂਡ ਵਿਚ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਨੀਰਜ ਚਸਕਾ ਨਿਸ਼ਾਨੇ ’ਤੇ

ਇਸੇ ਤਰ੍ਹਾਂ ਇਤਿਹਾਸਕ ਨਗਰ ਤਲਵੰਡੀ ਸਾਬੋ ’ਚ ਨਸ਼ੇ ਦੀ ਵੱਧ ਮਾਤਰਾ ਲੈਣ ਦੇ ਕਾਰਨ ਅੱਜ ਮਾਪਿਆਂ ਦਾ ਇਕਲੌਤਾ ਪੁੱਤਰ ਮੌਤ ਦੇ ਮੂੰਹ ਚਲਾ ਗਿਆ ਹੈ। ਮ੍ਰਿਤਕ ਦੇ ਵਾਰਿਸਾਂ ਨੇ ਸ਼ਹਿਰ ਵਿਚ ‘ਚਿੱਟੇ’ ਦੀ ਧੜੱਲੇ ਨਾਲ ਵਿਕਰੀ ਦੇ ਕਥਿਤ ਦੋਸ਼ ਲਾਉਂਦਿਆਂ ਪੁਲਸ ਪ੍ਰਸ਼ਾਸਨ ਤੋਂ ਨਸ਼ਾ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ (30) ਪੁੱਤਰ ਹਰਨੇਕ ਸਿੰਘ ਵਾਸੀ ਤਲਵੰਡੀ ਸਾਬੋ ਦੀ ਲਾਸ਼ ਅੱਜ ਸਥਾਨਕ ਨਗਰ ਦੇ ਭਾਈ ਡੱਲ ਸਿੰਘ ਪਾਰਕ ਵਿੱਚੋਂ ਮਿਲੀ ਅਤੇ ਲਾਸ਼ ਦੇ ਕੋਲ ਇਕ ਸਰਿੰਜ ਵੀ ਪਈ ਹੋਈ ਸੀ। ਮ੍ਰਿਤਕ ਨੌਜਵਾਨ ਦੀ ਮਾਤਾ ਕੁਲਦੀਪ ਕੌਰ ਅਤੇ ਪਿਤਾ ਹਰਨੇਕ ਸਿੰਘ ਨੇ ਕਿਹਾ ਕਿ ਉਸਦਾ ਪੁੱਤਰ ‘ਚਿੱਟੇ’ ਦੀ ਵਰਤੋਂ ਕਰਦਾ ਸੀ ਅਤੇ ਉਨ੍ਹਾਂ ਕਈ ਵਾਰ ਇਲਾਜ ਵੀ ਕਰਵਾਇਆ ਪਰ ਨਸ਼ਾ ਛੁਡਾਊ ਕੇਂਦਰ ਵਿੱਚੋਂ ਵਾਪਸ ਘਰ ਪਰਤਣ ’ਤੇ ਉਹ ਫਿਰ ਤੋਂ ਨਸ਼ੇ ’ਤੇ ਲੱਗ ਜਾਂਦਾ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਲੜਕੀਆਂ ਛੱਡ ਗਿਆ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News