‘ਅੰਦੋਲਨ ਕਰ ਰਹੇ ਪੰਜਾਬ ਦੇ 2 ਕਿਸਾਨਾਂ ਦੀ ਮੌਤ’
Wednesday, Feb 24, 2021 - 02:16 PM (IST)
ਬਹਾਦੁਰਗੜ੍ਹ/ਰਾਈ (ਪ੍ਰਵੀਨ, ਦੀਕਸ਼ਿਤ) : ਟਿਕਰੀ ਬਾਰਡਰ ’ਤੇ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਡਟੇ ਪੰਜਾਬ ਦੇ 2 ਕਿਸਾਨਾਂ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦਾ ਰਹਿਣ ਵਾਲਾ ਕਿਸਾਨ ਨਿਰਭੈ ਸਿੰਘ ਤਿੰਨੋਂ ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਰੀ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਦਿੱਲੀ-ਹਰਿਆਣਾ ਦੀ ਸਰਹੱਦ ’ਤੇ ਜਾਰੀ ਧਰਨੇ ਵਿਚ ਸ਼ਾਮਲ ਸੀ। ਦੱਸਿਆ ਗਿਆ ਹੈ ਕਿ ਮੰਗਲਵਾਰ ਸਵੇਰੇ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਦੇ ਨਾਲ ਡਟੇ ਸਾਥੀ ਕਿਸਾਨ ਤੇ ਉਸ ਦਾ ਚਚੇਰਾ ਭਰਾ ਦਲਜੀਤ ਸਿੰਘ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਿਰਭੈ ਸਿੰਘ ਲਗਭਗ 58 ਸਾਲ ਦੀ ਸੀ। ਉਸ ਦੇ 2 ਬੱਚੇ ਵੀ ਹਨ। ਉਹ ਖੇਤੀਬਾੜੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ।
ਇਹ ਵੀ ਪੜ੍ਹੋ : ਸਕੱਤਰ ਐਜੂਕੇਸ਼ਨ ਦੀ ਸਖ਼ਤੀ : ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕਰਵਾਉਣੀ ਹੋਵੇਗੀ ਕੋਵਿਡ-19 ਜਾਂਚ
ਇਸੇ ਤਰ੍ਹਾਂ ਕੁੰਡਲੀ ’ਚ ਧਰਨੇ ਵਾਲੀ ਥਾਂ ’ਤੇ ਲੰਗਰ ਦੀ ਸੇਵਾ ਨਿਭਾਅ ਰਹੇ ਪੰਜਾਬ ਦੇ ਕਿਸਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਦਹੋਰ ਦਾ ਰਹਿਣ ਵਾਲਾ ਮੰਗਲ ਸਿੰਘ (40) ਕਈ ਦਿਨਾਂ ਤੋਂ ਕੁੰਡਲੀ ’ਚ ਧਰਨੇ ਵਾਲੀ ਥਾਂ ’ਤੇ ਮੌਜੂਦ ਸੀ। ਸੋਮਵਾਰ ਰਾਤ ਨੂੰ ਜਦੋਂ ਉਹ ਲੰਗਰ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਛਾਤੀ ਵਿਚ ਦਰਦ ਹੋਣ ਲੱਗੀ। ਜਦੋਂ ਉਸ ਨੇ ਇਸ ਬਾਰੇ ਸਾਥੀਆਂ ਨੂੰ ਦੱਸਿਆ ਤਾਂ ਉਹ ਉਸ ਨੂੰ ਤੁਰੰਤ ਧਰਨੇ ਵਾਲੀ ਥਾਂ ’ਤੇ ਮੌਜੂਦ ਡਾਕਟਰ ਕੋਲ ਲੈ ਗਏ। ਜਦੋਂ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਕੁੰਡਲੀ ਥਾਣਾ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੰ ਸੌਂਪ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਸ਼ੁਰੂ ਦੀ ਜਾਂਚ ’ਚ ਮੌਤ ਦਾ ਕਾਰਣ ਹਾਰਟ ਅਟੈਕ ਲੱਗ ਰਿਹਾ ਹੈ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਣਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਕਰੇਗੀ ਬਾਘਾ ਪੁਰਾਣਾ ’ਚ ਕਿਸਾਨਾਂ ਦੇ ਸਮਰਥਨ ’ਚ ਕਿਸਾਨ ਮਹਾਸਭਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ