5 ਲੱਖ ਦੀ ਫਿਰੌਤੀ ਲਈ ਅਗਵਾ ਕੀਤੇ ਪੰਜਾਬੀ ਸਣੇ ਦੋ ਵਿਅਕਤੀ UP ਦੇ ਗੈਂਗ ਤੋਂ ਪੁਲਸ ਨੇ ਛੁਡਵਾਏ

Sunday, Nov 20, 2022 - 10:19 PM (IST)

5 ਲੱਖ ਦੀ ਫਿਰੌਤੀ ਲਈ ਅਗਵਾ ਕੀਤੇ ਪੰਜਾਬੀ ਸਣੇ ਦੋ ਵਿਅਕਤੀ UP ਦੇ ਗੈਂਗ ਤੋਂ ਪੁਲਸ ਨੇ ਛੁਡਵਾਏ

ਸਮਰਾਲਾ (ਗਰਗ, ਬੰਗੜ)-ਸਥਾਨਕ ਪੁਲਸ ਵੱਲੋਂ ਇਕ ਵੱਡੀ ਕਾਰਵਾਈ ਕਰਦਿਆਂ ਸਮਰਾਲਾ ਨੇੜਲੇ ਪਿੰਡ ਬਗਲੀ ਦੇ ਇਕ ਵਿਅਕਤੀ ਸਮੇਤ ਦੋ ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਦੇ ਇਕ ਅਗਵਾਕਾਰ ਗੈਂਗ ਦੀ ਹਿਰਾਸਤ ’ਚੋਂ ਸਹੀ-ਸਲਾਮਤ ਆਜ਼ਾਦ ਕਰਵਾਉਂਦਿਆਂ ਇਸ ਗਿਰੋਹ ਦੇ ਮੁਖੀ ਨੂੰ ਵੀ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਦੀ ਇਸ ਕਾਰਵਾਈ ਦੌਰਾਨ ਗਿਰੋਹ ਦੇ ਦੋ ਹੋਰ ਮੈਂਬਰ ਫਰਾਰ ਹੋਣ ’ਚ ਕਾਮਯਾਬ ਰਹੇ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ’ਤੇ ਅੱਜ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਅਤੇ ਐੱਸ. ਐੱਚ. ਓ. ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਬਗਲੀ ਕਲਾਂ ਦੀ ਇਕ ਔਰਤ ਗੁਰਿੰਦਰਜੀਤ ਕੌਰ ਨੇ ਇਤਲਾਹ ਦਿੱਤੀ ਕਿ ਉਸ ਦੇ ਪਤੀ ਹਰਜੀਤ ਸਿੰਘ ਨੂੰ ਬੀਤੀ 11 ਨਵੰਬਰ ਨੂੰ ਕਿਸੇ ਰਾਹੁਲ ਚਟਰਜੀ ਨਾਂ ਦੇ ਵਿਅਕਤੀ ਨੇ ਫੋਨ ਕਰਕੇ ਬਿਹਾਰ ਦੀ ਇਕ ਵੱਡੀ ਲੋਹਾ ਫੈਕਟਰੀ ‘ਚ ਫੋਰਮੈਨ ਦੀ ਨੌਕਰੀ ਲਈ ਸੱਦ ਲਿਆ।

ਇਹ ਖ਼ਬਰ ਵੀ ਪੜ੍ਹੋ ; FIFA 2022 Special : ਕਤਰ ’ਚ ਵਿਸ਼ਵ ਕੱਪ ਦੇ ਨਾਲ-ਨਾਲ ਇਹ ਵਿਵਾਦ ਵੀ ਚਰਚਾ ’ਚ ਰਹਿਣਗੇ

PunjabKesari

ਹਰਜੀਤ ਸਿੰਘ ਅਤੇ ਉਸ ਦਾ ਇਕ ਹੋਰ ਸਾਥੀ ਨਿਰੰਕਾਰ ਸ਼ਰਮਾ ਟ੍ਰੇਨ ਰਾਹੀਂ ਬਿਹਾਰ ਪੁੱਜ ਗਏ ਅਤੇ ਉੱਥੇ ਅੱਗੇ ਸਟੇਸ਼ਨ ’ਤੇ ਉੱਤਰਦੇ ਹੀ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਅਗਵਾ ਕਰਦਿਆਂ ਬੰਦੀ ਬਣਾ ਲਿਆ। ਇਹ ਅਗਵਾਕਾਰ ਇਨ੍ਹਾਂ ਨੂੰ ਛੱਡਣ ਬਦਲੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ ਅਤੇ ਉਸ ਦੇ ਪਤੀ ’ਤੇ ਫਿਰੌਤੀ ਦੀ ਰਕਮ ਪਰਿਵਾਰ ਕੋਲੋਂ ਮੰਗਵਾਉਣ ਲਈ ਭਾਰੀ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ। ਇਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਗਵਾਕਾਰਾਂ ਦੇ ਮੋਬਾਇਲ ਫੋਨਾਂ ਦੀਆਂ ਲੋਕੇਸ਼ਨਾਂ ਰਾਹੀਂ ਉੱਤਰ ਪ੍ਰਦੇਸ਼ ਦੇ ਇਕ ਪਿੰਡ ’ਚ ਛਾਪਮਾਰੀ ਕੀਤੀ, ਜਿੱਥੇ ਕਿ ਅਗਵਾਕਾਰਾਂ ਵੱਲੋਂ ਹਰਜੀਤ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਬੰਦੀ ਬਣਾ ਕੇ ਰੱਖੇ ਹੋਏ ਸਨ। ਸਮਰਾਲਾ ਪੁਲਸ ਪਾਰਟੀ ਨੇ ਅਗਵਾਕਰਾਂ ਦੇ ਚੁੰਗਲ ’ਚੋਂ ਹਰਜੀਤ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਨਿਰੰਕਾਰ ਸ਼ਰਮਾ ਵਾਸੀ ਗਾਜ਼ੀਆਬਾਦ ਯੂ.ਪੀ. ਨੂੰ ਸਹੀ ਸਲਾਮਤ ਛੁਡਵਾ ਲਏ ਜਾਣ ਤੋਂ ਬਾਅਦ ਗਿਰੋਹ ਦੇ ਮੁਖੀ ਮਨਿਆਸ ਸ਼ਾਹ ਨੂੰ ਵੀ ਮੌਕੇ ’ਤੇ ਹੀ ਦਬੋਚ ਲਿਆ, ਜਦਕਿ ਉਸ ਦੇ ਦੋ ਹੋਰ ਸਾਥੀ ਮੌਕੇ ਤੋਂ ਭੱਜਣ ’ਚ ਕਾਮਯਾਬ ਰਹੇ।

ਛੁਡਵਾਏ ਗਏ ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਉੱਥੇ ਦਿਨ-ਰਾਤ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਬੈਂਕ ਰਾਹੀਂ 65 ਹਜ਼ਾਰ ਰੁਪਏ ਦੀ ਰਕਮ ਇਹ ਅਗਵਾਕਾਰ ਮੰਗਵਾ ਵੀ ਚੁੱਕੇ ਸਨ ਅਤੇ ਹਾਲੇ ਹੋਰ ਰਕਮ ਦੀ ਉਡੀਕ ਕਰ ਰਹੇ ਸਨ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਛੁਡਵਾ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਿਰੋਹ ਦੇ ਗ੍ਰਿਫ਼ਤਾਰ ਕੀਤੇ ਗਏ ਮੁਖੀ ਮਨਿਆਸ ਸ਼ਾਹ ’ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਛੁਡਵਾਏ ਗਏ ਵਿਅਕਤੀਆਂ ਰਾਹੀਂ ਪਤਾ ਲੱਗਿਆ ਹੈ ਕਿ ਇਹ ਗਿਰੋਹ ਅਗਵਾ ਦੀਆਂ ਅਜਿਹੀਆਂ ਹੋਰ ਘਟਨਾਵਾਂ ਨੂੰ ਵੀ ਅੰਜਾਮ ਦੇ ਚੁੱਕਾ ਹੈ। ਫਿਲਹਾਲ ਪੁਲਸ ਫੜੇ ਗਏ ਬਦਮਾਸ਼ ਤੋਂ ਅੱਗੇ ਦੀ ਪੁੱਛਗਿਛ ਕਰ ਰਹੀ ਹੈ।


author

Manoj

Content Editor

Related News