ਡਰੱਗ ਰੈਕੇਟ ਦਾ ਪਰਦਾਫਾਸ਼: ਕੋਰੀਅਰ ਕੰਪਨੀ ਜ਼ਰੀਏ ਵਿਦੇਸ਼ ’ਚ ਭੇਜਦੇ ਸਨ ਨਸ਼ੇ ਦੀ ਖੇਪ, 2 ਗ੍ਰਿਫ਼ਤਾਰ

Wednesday, Aug 30, 2023 - 11:55 AM (IST)

ਜਲੰਧਰ (ਸੁਧੀਰ, ਮ੍ਰਿਦੁਲ)–ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਪੰਕਜ ਪਾਰਸ ਉਰਫ਼ ਮਲਹੋਤਰਾ ਅਤੇ ਦੀਪਕ ਕੁਮਾਰ ਉਰਫ਼ ਦੀਪੂ ਦੋਵੇਂ ਨਿਵਾਸੀ ਆਬਾਦਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮ ਆਬਾਦਪੁਰਾ ਵਿਚ ਕੋਰੀਅਰ ਕੰਪਨੀ ਜ਼ਰੀਏ ਅਫ਼ੀਮ ਦਾ ਪਾਰਸਲ ਨਿਊਜ਼ੀਲੈਂਡ ਭੇਜਦੇ ਸਨ। ਉਕਤ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਸਥਾਨਕ ਜੋਤੀ ਚੌਕ ਨੇੜੇ ਇਕ ਹੋਰ ਕੋਰੀਅਰ ਕੰਪਨੀ ਜ਼ਰੀਏ ਵੀ ਨਿਊਜ਼ੀਲੈਂਡ ਵਿਚ ਅਫ਼ੀਮ ਦੀ ਖੇਪ ਭੇਜੀ ਸੀ।

ਇਹ ਵੀ ਪੜ੍ਹੋ- ਰੱਖੜੀ ਮੌਕੇ ਨਵਾਂਸ਼ਹਿਰ ਵਿਖੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਸ਼ਖ਼ਸ ਦਾ ਕੀਤਾ ਕਤਲ

ਏ. ਡੀ. ਸੀ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਪਾਰਸਲ ਨੂੰ ਲੁਧਿਆਣਾ ਵਿਚ ਫੜ ਲਿਆ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਵਿਚ ਵੀ ਇਕ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਵੀ ਦੂਜੇ ਪਾਰਸਲ ਨੂੰ ਬਰਾਮਦ ਕਰ ਕੇ ਮੁਲਜ਼ਮਾਂ ਕੋਲੋਂ 730 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਉਕਤ ਮੁਲਜ਼ਮ ਪਾਰਸਲ ਭੇਜਣ ਸਮੇਂ ਫੇਕ ਆਈ. ਡੀ. ਦੀ ਵਰਤੋਂ ਕਰਦੇ ਸਨ। ਉਕਤ ਪਾਰਸਲ ਜਦੋਂ ਵਾਪਸ ਆਇਆ ਤਾਂ ਪੁਲਸ ਨੇ ਉਕਤ ਆਈ. ਡੀ. ਦੀ ਜਾਂਚ ਕੀਤੀ ਤਾਂ ਉਹ ਕਿਸੇ ਹੋਰ ਦੀ ਨਿਕਲੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਮੁਲਜ਼ਮਾਂ ਤਕ ਪਹੁੰਚਣ ਵਿਚ ਭਾਰੀ ਸਫ਼ਲਤਾ ਹਾਸਲ ਕੀਤੀ। ਪੁਲਸ ਨੇ ਉਕਤ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਕਮਿਸ਼ਨਰੇਟ ਪੁਲਸ ਫਿਲਹਾਲ ਕਾਬੂ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੇਕਰ ਕਿਸੇ ਹੋਰ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਕਮਿਸ਼ਨਰੇਟ ਪੁਲਸ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News