ਫਿਰੋਜ਼ਪੁਰ: ਦੋ ਧਿਰਾਂ ਦਰਮਿਆਨ ਹੋਏ ਝਗੜੇ 'ਚ ਚੱਲੀਆਂ ਗੋਲੀਆਂ, ਖੇਤਾਂ 'ਚ ਲੁੱਕ ਕੇ ਬਚਾਈ ਜਾਨ
Sunday, Nov 01, 2020 - 10:25 AM (IST)
ਜ਼ੀਰਾ (ਗੁਰਮੇਲ): ਥਾਣਾ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਸੁੱਖੇਵਾਲਾ ਵਿਖੇ ਬੀਤੇ ਦਿਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਗੁੱਟਾਂ ਦਰਮਿਆਨ ਹੋਏ ਝਗੜੇ 'ਚ ਚੱਲੀਆਂ ਗੋਲੀਆਂ ਬਾਅਦ ਪੁਲਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦਾ ਕ੍ਰਾਸ ਪਰਚਾ ਦਰਜ ਕੀਤਾ ਹੈ।ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਦੇ ਸਹਾਇਕ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਜਗਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸੁੱਖੇਵਾਲਾ ਨੇ ਦੋਸ਼ ਲਾਇਆ ਕਿ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਬੀਤੇ ਦਿਨ ਦੋਸ਼ੀ ਨਿਸ਼ਾਨ ਸਿੰਘ ਪੁੱਤਰ ਇਕਬਾਲ ਸਿੰਘ, ਗੁਰਜੈਪਾਲ ਸਿੰਘ ਪੁੱਤਰ ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਪੁੱਤਰ ਆਸ਼ਾ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਨਾਲ ਉਨ੍ਹਾਂ ਦੇ ਘਰ ਦਾਖ਼ਲ ਹੋਏ ਅਤੇ ਦੋਸ਼ੀਆਂ ਨੇ ਮਾਰਨ ਦੀ ਨੀਅਤ ਨਾਲ 12 ਬੋਰ ਬੰਦੂਕ ਅਤੇ ਰਿਵਾਲਵਰ ਤੋਂ ਫਾਇਰ ਕੀਤੇ, ਜਿਸ ਦੇ ਛਰਰੇ ਪੀੜਤ ਦੀ ਲੱਤ ਅਤੇ ਢਿੱਡ 'ਚ ਲੱਗੇ। ਇਸ ਤੋਂ ਇਲਾਵਾ ਪੀੜਤ ਦੇ ਘਰ 'ਤੇ ਦਿਹਾੜੀ 'ਤੇ ਕੰਮ ਕਰ ਰਹੇ ਪ੍ਰਗਟ ਸਿੰਘ ਪੁੱਤਰ ਗੁਰਦਿਆਲ ਸਿੰਘ ਨੂੰ ਵੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਅਤੇ ਕਾਂਗਰਸ ਕਿਸਾਨੀ ਮੁੱਦਿਆਂ 'ਤੇ ਮਿਲਕੇ ਸਿਆਸਤ ਕਰ ਰਹੇ ਹਨ: ਪਰਮਿੰਦਰ ਢੀਂਡਸਾ
ਓਧਰ ਦੂਜੀ ਧਿਰ ਵਲੋਂ ਗੁਰਜੈਪਾਲ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਦੋਸ਼ ਲਾਇਆ ਕਿ ਪੀੜਤ ਅਤੇ ਉਸਦਾ ਪਿਤਾ ਨਿਸ਼ਾਨ ਸਿੰਘ ਬੀਤੇ ਦਿਨ ਜਦ ਆਪਣੀ ਕਾਰ 'ਤੇ ਜ਼ੀਰਾ ਵੱਲ ਜਾ ਰਹੇ ਸੀ ਤਾਂ ਰਸਤੇ 'ਚ ਦੋਸ਼ੀ ਜਗਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਸੁਖਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਪ੍ਰਭਓਂਕਾਰ ਸਿੰਘ ਪੁੱਤਰ ਗੁਰਮੀਤ ਸਿੰਘ, ਪ੍ਰਗਟ ਸਿੰਘ ਪੁੱਤਰ ਹਰਜੀਤ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਾਰ ਨੂੰ ਰੋਕਿਆ ਅਤੇ 12 ਬੋਰ ਬੰਦੂਕ ਅਤੇ ਰਿਵਾਲਵਰ ਨਾਲ ਫਾਇਰ ਕੀਤੇ, ਜਿਸ ਕਾਰਣ ਕਾਰ ਦੇ ਸ਼ੀਸ਼ੇ ਟੁੱਟ ਗਏ ਅਤੇ ਜਦ ਪੀੜਤ ਕਾਰ ਦਾ ਦਰਵਾਜਾ ਖੋਲ੍ਹ ਕੇ ਭੱਜਣ ਲੱਗਾ ਇਕ ਫਾਇਰ ਪੀੜਤ ਦੀ ਲੱਤ 'ਤੇ ਲੱਗਾ, ਜਿਸ ਦੇ ਬਾਅਦ ਉਨ੍ਹਾਂ ਨੇ ਖੇਤਾਂ 'ਚ ਲੁਕ ਕੇ ਆਪਣੀ ਜਾਨ ਬਚਾਈ ਹੈ। ਮਾਮਲੇ ਦੀ ਜਾਂਚ ਕਰ ਰਹੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਕ੍ਰਾਸ ਪਰਚਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਭਾਜਪਾ ਨੂੰ ਝਟਕਾ, ਇਕ ਹੋਰ ਵੱਡੇ ਸਿੱਖ ਚਿਹਰੇ ਨੇ ਦਿੱਤਾ ਅਸਤੀਫ਼ਾ