ਜਾਪਾਨ ਭੇਜਣ ਦੇ ਨਾਂ ''ਤੇ ਢਾਈ ਲੱਖ ਠੱਗੇ
Thursday, Dec 14, 2017 - 12:54 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜਾਪਾਨ ਭੇਜਣ ਦੇ ਨਾਂ 'ਤੇ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਫਰਜ਼ੀ ਏਜੰਟ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਸੁਰਜੀਤ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਚੱਕ ਗੁਰੂ ਨੇ ਦੱਸਿਆ ਕਿ ਉਹ ਲੁਧਿਆਣਾ 'ਚ ਇਕ ਮੈਡੀਕਲ ਦੀ ਦੁਕਾਨ 'ਤੇ ਕੰਮ ਕਰਦਾ ਹੈ। ਉਸ ਨੇ ਜਾਪਾਨ ਜਾਣ ਸਬੰਧੀ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਾਲੂਪੁਰ ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਨਾਲ ਗੱਲ ਕੀਤੀ ਸੀ। ਉਸ ਦਾ ਸੌਦਾ 8 ਲੱਖ ਰੁਪਏ 'ਚ ਤੈਅ ਹੋਇਆ ਸੀ, ਜਿਸ ਤਹਿਤ ਢਾਈ ਲੱਖ ਰੁਪਏ ਪੇਸ਼ਗੀ ਦੇਣੀ ਸੀ ਤੇ ਬਕਾਇਆ ਰਾਸ਼ੀ ਜਾਪਾਨ ਪਹੁੰਚਣ ਦੇ ਬਾਅਦ ਕੰਮ ਲੱਗਣ ਉਪਰੰਤ ਦੇਣੀ ਸੀ। ਇਸ ਸਬੰਧੀ ਲਿਖਤੀ ਤੌਰ 'ਤੇ ਕਰਾਰ ਕੀਤਾ ਗਿਆ ਸੀ ਕਿ ਜੇਕਰ ਉਕਤ ਏਜੰਟ ਨੇ ਵਿਦੇਸ਼ ਨਹੀਂ ਭੇਜਿਆ ਤਾਂ ਪੂਰੀ ਰਾਸ਼ੀ ਵਿਆਜ ਸਮੇਤ ਵਾਪਸ ਕਰ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਢਾਈ ਲੱਖ ਰੁਪਏ ਤੇ ਪਾਸਪੋਰਟ ਉਕਤ ਏਜੰਟ ਨੂੰ ਦੇ ਦਿੱਤੇ। ਇਸ ਦੌਰਾਨ ਉਹ 2 ਵਾਰ ਉਸ ਨੂੰ ਦਿੱਲੀ ਵੀ ਲੈ ਕੇ ਗਿਆ ਸੀ ਤੇ ਉਸ ਨੂੰ ਜਾਪਾਨ ਦੀਆਂ ਜਾਅਲੀ ਟਿਕਟਾਂ ਵੀ ਦਿੱਤੀਆਂ ਪਰ 8 ਮਹੀਨੇ ਬੀਤ ਜਾਣ ਦੇ ਬਾਅਦ ਵੀ ਉਸ ਨੂੰ ਵਿਦੇਸ਼ ਨਹੀਂ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਸ਼ਿਕਾਇਤ ਦੀ ਜਾਂਚ ਮਗਰੋਂ ਥਾਣਾ ਬਹਿਰਾਮ ਪੁਲਸ ਨੇ ਏਜੰਟ ਸੁਖਦੇਵ ਸਿੰਘ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।