ਦੋ ਘੰਟਿਆਂ ਦੀ ਬਾਰਸ਼ ਨੇ ਖੋਲ੍ਹੀ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਪੋਲ, ਜ਼ਮੀਨ 'ਚ ਧਸਿਆ ਇੱਟਾਂ ਦਾ ਭਰਿਆ ਕੈਂਟਰ

07/12/2020 3:47:57 PM

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ) - ਸ਼ਨੀਵਾਰ ਦੇਰ ਰਾਤ ਤੇਜ਼ ਤੂਫ਼ਾਨ ਤੋਂ ਬਾਅਦ ਐਤਵਾਰ ਸਵੇਰ ਵੇਲੇ ਬੱਦਲਾਂ ਦੀ ਆਮਦ ਤੋਂ ਬਾਅਦ ਇਲਾਕੇ ਅੰਦਰ  ਕਰੀਬ ਦੋ ਘੰਟੇ ਤੱਕ ਹੋਈ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਦੁਆਈ  ਹੈ, ਉਥੇ ਹੀ ਹਰ ਵਾਰ ਦੀ ਤਰ੍ਹਾਂ ਨੀਵੇਂ ਇਲਾਕਿਆਂ 'ਚ ਪਾਣੀ ਜਮ੍ਹਾ ਹੋਣ ਦਾ ਸਿਲਸਿਲਾ  ਵੀ ਜਾਰੀ ਰਿਹਾ। ਸ਼ਹਿਰ ਦੇ ਕਈ ਹਿੱਸਿਆਂ 'ਚ  ਤਾਂ ਗੋਡੇ-ਗੋਡੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਪੂਰਨ ਤੌਰ 'ਤੇ ਪ੍ਰਭਾਵਿਤ ਹੋਈ। ਲੋਕ ਜੱਦੋ ਜ਼ਹਿਦ ਨਾਲ ਲੰਘਦੇ ਹੋਏ ਵਿਖਾਈ ਦਿੱਤੇ। ਅੱਜ ਸ਼ਹਿਰ ਦਾ ਪਾਰਾ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਬਾਰਿਸ਼ ਤੋਂ ਬਾਅਦ 13 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਡੀਆਂ ਹਵਾਵਾਂ ਚੱਲੀਆਂ। ਸ਼ਹਿਰ ਦੀ ਬਾਗਵਾਲੀ ਗਲੀ, ਸ਼ੇਰ ਸਿੰਘ ਚੌਂਕ, ਨਵੀਂ ਅਨਾਜ ਮੰਡੀ ਦੇ ਰਸਤੇ, ਘਾਹ ਮੰਡੀ ਚੌਂਕ, ਸਦਰ ਬਜ਼ਾਰ, ਕੋਟਲਾ ਬਜ਼ਾਰ, ਤੇਲੀਆਂ ਵਾਲੀ ਗਲੀ, ਗਾਂਧੀ ਚੌਂਕ, ਬੈਂਕ ਰੋਡ, ਗਾਂਧੀ ਨਗਰ, ਕੋਟਲੀ ਰੋਡ , ਮੋਹਨ ਲਾਲ ਸਟਰੀਟ, ਹਕੀਮਾਂ ਵਾਲੀ ਗਲੀ, ਜੋਧੂ ਕਲੋਨੀ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਲਾਕਿਆਂ 'ਚ ਬਾਰਿਸ਼ ਕਾਰਨ ਜਲਥਲ ਬਣ ਗਿਆ ਤੇ ਨਿਕਾਸੀ ਨਾ ਹੋਣ ਕਰਕੇ ਪ੍ਰਸ਼ਾਸ਼ਨ ਖ਼ਿਲਾਫ਼ ਲੋਕਾਂ ਦਾ ਰੋਹ ਵੀ ਵੇਖਿਆ ਗਿਆ। ਦੂਜੇ ਪਾਸੇ ਬਾਰਿਸ਼ ਕਾਰਨ ਜ਼ਮੀਨ ਨਰਮ ਹੋਣ ਕਰਕੇ ਸ਼ਹਿਰ  ਵਿਚ ਹਾਦਸੇ ਵੀ  ਹੋਏ ਹਨ। 

ਦੋ ਘੰਟਿਆਂ ਦੀ ਬਾਰਿਸ਼ ਨਾਲ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਕੋਟਲੀ ਰੋਡ ਵਾਸੀਆਂ ਨੇ ਕੀਤਾ ਪ੍ਰਦਰਸ਼ਨ

PunjabKesari

ਐਤਵਾਰ ਸਵੇਰ ਵੇਲੇ ਬੱਦਲਾਂ ਦੀ ਦਸਤਕ ਤੋਂ ਬਾਅਦ ਮਹਿਜ਼ ਦੋ ਘੰਟਿਆਂ ਦੀ ਬਾਰਿਸ਼ ਨੇ ਇੱਕ ਵਾਰ ਫ਼ਿਰ ਤੋਂ ਪ੍ਰਸਾਸ਼ਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਕਤ ਹਿੱਸਿਆਂ 'ਚ ਜਿੱਥੇ ਜਲਥਲ ਨਾਲ ਆਵਾਜਾਈ ਠੱਪ ਰਹੀ, ਉਥੇ ਹੀ ਕੋਟਲੀ ਰੋਡ ਦੇ ਬਸ਼ਿੰਦਿਆਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਰੋਸ ਵਜੋਂ ਪ੍ਰਸਾਸ਼ਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕੋਟਲੀ ਰੋਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਰੋਡ 'ਤੇ ਸੀਵਰੇਜ ਦਾ ਪਾਣੀ ਪਹਿਲਾਂ ਹੀ ਜਮ੍ਹਾ ਹੈ ਤੇ ਹੁਣ ਬਾਰਿਸ਼ ਨਾਲ ਇਹ ਰੋਡ ਲਗਭਗ ਬੰਦ ਹੋਣ ਕਿਨਾਰੇ ਹੋ ਗਈ  ਹੈ, ਜਦੋਂਕਿ ਪ੍ਰਸਾਸ਼ਨ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ  ਹੈ ਕਿ ਇਸ ਸਮੱਸਿਆ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪਰ ਕੋਈ ਕਾਰਵਾਈ ਨਾ ਹੋਣ ਕਰਕੇ ਪਾਣੀ ਨਿਕਾਸੀ ਦੀ ਸਮੱਸਿਆ ਇਸ ਕਦਰ ਵੱਧ ਗਈ ਹੈ ਕਿ ਪਾਣੀ ਵਿਚ ਪੈਦਾ ਹੋ ਰਹੇ ਮੱਛਰਾਂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ, ਜਦੋਂਕਿ ਕੂੜੇ ਦੇ ਢੇਰਾਂ ਨਾਲ ਬਦਬੂ ਤੋਂ ਇਲਾਵਾ ਆਵਜਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ। ਕੋਟਲੀ ਰੋਡ  ਵਾਸੀਆਂ ਨੇ ਪ੍ਰਸਾਸ਼ਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਇਸ ਰੋਡ ਤੋਂ ਪਾਣੀ ਦੀ  ਨਿਕਾਸੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।

ਜ਼ਮੀਨ 'ਚ ਧਸਿਆ ਇੱਟਾਂ ਦਾ ਭਰਿਆ ਕੈਂਟਰ, ਜਾਨੀ ਨੁਕਸਾਨ ਤੋਂ ਬਚਾਅ

PunjabKesari

ਸਥਾਨਕ ਜਲਾਲਾਬਾਦ ਰੋਡ ਰੇਲਵੇ ਫਾਟਕ 'ਤੇ ਚੱਲ ਰਹੇ ਓਵਰਬ੍ਰਿਜ ਨਿਰਮਾਣ ਕੰਮ ਦੇ ਚਲਦਿਆਂ ਕੀਤੇ ਖੱਡਿਆਂ 'ਚ ਅੱਜ ਸਵੇਰੇ 7:30 ਦੇ ਕਰੀਬ ਇੱਟਾਂ ਨਾਲ ਭਰਿਆ ਕੈਂਟਰ ਧਸ ਗਿਆ।  ਜਿਸ ਨੂੰ ਕ੍ਰੇਨ ਦੀ ਮਦਦ ਨਾਲ ਲਗਭਗ ਤਿੰਨ ਘੰਟਿਆਂ ਦੀ ਮੁਸ਼ੱਕਤ ਮਗਰੋਂ ਕੱਢਿਆ ਗਿਆ।  ਕੈਂਟਰ ਚਾਲਕ ਗਲਤ ਸਾਈਡ ਦੀ ਕੈਂਟਰ ਟਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਰਕੇ ਇਹ  ਹਾਦਸਾ ਵਾਪਰ ਗਿਆ ਪਰ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕੈਂਟਰ ਚਾਲਕ ਦਲੀਪ  ਕੁਮਾਰ ਨੇ ਦੱਸਿਆ ਕਿ ਉਹ ਮਲੋਟ ਤੋਂ ਇੱਟਾਂ ਕੈਂਟਰ ਵਿਚ ਭਰਵਾ ਕੇ ਲੱਖੇਵਾਲੀ ਛੱਡਣ  ਜਾ ਰਿਹਾ ਸੀ, ਜੋ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਬਾਅਦ ਕੈਂਟਰ ਨੂੰ ਕ੍ਰੇਨ ਦੀ  ਮਦਦ ਨਾਲ ਖੱਡੇ 'ਚੋਂ ਬਾਹਰ ਕੱਢਿਆ ਜਾ ਸਕਿਆ। ਜਦਕਿ ਮੌਕੇ 'ਤੇ ਮੌਜੂਦ ਰੇਲਵੇ  ਠੇਕੇਦਾਰ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਇਹ ਹਾਦਸਾ ਕੈਂਟਰ ਚਾਲਕ ਦੀ ਲਾਪਰਵਾਹੀ  ਨਾਲ ਵਾਪਰਿਆ ਹੈ, ਜਦਕਿ ਰੇਲਵੇ ਓਵਰਬ੍ਰਿਜ਼ ਦਾ ਕੰਮ ਚੱਲਦਾ ਹੋਣ ਕਰਕੇ
ਇਹ ਰੋਡ ਤਾਂ ਬੰਦ ਕੀਤੀ ਗਈ ਹੈ। ਇਸਦੇ ਬਾਵਜੂਦ ਉਹ ਇੱਥੋਂ ਕੈੰਟਰ ਲੰਘਾਉਣ ਦੀ ਕੋਸ਼ਿਸ ਕਰ ਰਿਹਾ ਸੀ, ਜਿਸ ਕਰਕੇ ਹਾਦਸਾ ਵਾਪਰ ਗਿਆ। ਵਰਣਨਯੋਗ ਹੈ ਕਿ ਸਵੇਰੇ ਹੋਈ ਬਰਸਾਤ ਤੋਂ ਬਾਅਦ ਇਹ ਜਗ੍ਹਾ ਨਰਮ ਹੋ ਗਈ ਸੀ, ਜਿਸ ਕਾਰਨ ਕੈਂਟਰ ਜ਼ਮੀਨ 'ਚ ਧਸ ਗਿਆ ਸੀ।

ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ ਬਾਰਿਸ਼

ਇਲਾਕੇ ਵਿਚ ਕਰੀਬ ਦੋ ਘੰਟਿਆਂ ਦੀ ਬਾਰਿਸ਼ ਨਾਲ ਗਰਮੀ ਤੋਂ ਰਾਹਤ ਤਾਂ ਲੋਕਾਂ ਨੂੰ ਮਿਲੀ  ਹੈ, ਨਾਲ ਹੀ ਪੇਂਡੂ ਇਲਾਕਿਆਂ 'ਚ ਕਿਸਾਨਾਂ ਦੇ ਚਿਹਰੇ ਵੀ ਖਿੜੇ-ਖਿੜੇ ਵਿਖਾਈ ਦੇ ਰਹੇ  ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਝੋਨੇ ਦੀ ਲਵਾਈ ਹੋ ਰਹੀ ਹੈ ਤੇ ਅਜਿਹੇ ਸਮੇਂ ਵਿਚ  ਬਾਰਿਸ਼ ਨਾਲ ਪਾਣੀ ਦੀ ਕਮੀ ਪੂਰੀ ਹੋਵੇਗੀ ਤੇ ਬਾਰਿਸ਼ ਕਿਸਾਨਾਂ ਲਈ ਇੱਕ ਵਰਦਾਨ ਸਾਬਿਤ  ਹੋਵੇਗੀ। ਉਥੇ ਹੀ ਸਵੇਰ ਵੇਲੇ ਦੀ ਬਾਰਿਸ਼ ਝੋਨੇ ਦੇ ਨਾਲ-ਨਾਲ ਸਬਜ਼ੀਆਂ ਲਈ ਵੀ  ਲਾਹੇਵੰਦ ਮੰਨੀ ਜਾ ਰਹੀ ਹੈ।
 


Harinder Kaur

Content Editor

Related News