ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫਲਤਾ, ਬੰਬੀਹਾ ਗਿਰੋਹ ਦੇ 2 ਮੈਂਬਰ ਹਥਿਆਰਾਂ ਸਣੇ ਕੀਤੇ ਗ੍ਰਿਫਤਾਰ

Thursday, Feb 02, 2023 - 06:35 PM (IST)

ਨਵੀਂ ਦਿੱਲੀ– ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਸਾਥੀਆਂ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਦੋਵਾਂ ਕੋਲੋਂ .32 ਕੈਲੀਬਰ ਦੇ 5 ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਦਿੱਲੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਬਰਾਮਦ ਪਿਸਤੌਲ ਪੰਜਾਬ ’ਚ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕੀਤੇ ਜਾਣੇ ਸਨ। ਦੱਸ ਦੇਈਏ ਕਿ ਗਗਨਦੀਪ ਸਿੰਘ ਨੇ ਮੱਧ ਪ੍ਰਦੇਸ਼ ਦੇ ਖਰਗੋਨ,ਕੈਨੇਡਾ ਅਤੇ ਯੂ.ਏ.ਈ. ਤੋਂ ਬੰਬੀਹਾ ਗੈਂਗ ਦੇ ਕਰੀਦਿਆਂ ਦੇ ਨਿਰਦੇਸ਼ਾਂ ’ਤੇ ਹਥਿਆਰ ਖਰੀਦੇ ਸਨ।

ਦਵਿੰਦਰ ਬੰਬੀਹਾ ਗੈਂਗ ਦੀ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਭਿਆਨਕ ਦੁਸ਼ਮਣੀ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਅਤੇ ਹੋਰ ਸੂਬਿਆਂ ’ਚ ਗੈਂਗ ਵਾਰਾਂ ਵਿਚ ਉਨ੍ਹਾਂ ਦੇ ਕਈ ਸਾਥੀ ਮਾਰੇ ਗਏ ਹਨ। ਸਪੈਸ਼ਲ ਸੈੱਲ ਦੀ ਟੀਮ ਨੇ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਐੱਸ.ਪੀ. ਏ.ਸੀ.ਪੀ ਅਤਰ ਸਿੰਘ ਦੀ ਦੇਖ-ਰੇਖ 'ਚ ਪਵਨ ਕੁਮਾਰ ਨੇ ਸਿੰਡੀਕੇਟ ਦੇ ਦੋ ਅਹਿਮ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ।

ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਬਦਨਾਮ ਦਵਿੰਦਰ ਬੰਬੀਹਾ ਗੈਂਗ (ਪੰਜਾਬ ਦੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦਾ ਵਿਰੋਧੀ ਗੈਂਗ) ਦੇ ਸਰਗਰਮ ਮੈਂਬਰ ਹਨ। ਗ੍ਰਿਫਤਾਰ ਕੀਤੇ ਗਏ ਦੋਨਾਂ ਵਿਅਕਤੀਆਂ ਤੋਂ ਪੁੱਛਗਿੱਛ ਅਤੇ ਹਥਿਆਰਾਂ ਦੀ ਤਸਕਰੀ ਦੇ ਪਿਛਲੇ ਕਈ ਮਾਮਲਿਆਂ ਦੀ ਜਾਂਚ ਦੇ ਆਧਾਰ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ 'ਚ ਹਥਿਆਰਾਂ ਦੀ ਖਰੀਦੋ-ਫਰੋਖਤ ਦਾ ਰੁਝਾਨ ਵੱਧ ਰਿਹਾ ਹੈ।

ਦੱਸ ਦੇਈਏ ਕਿ ਪਿਛਲੇ 2-3 ਸਾਲਾਂ ਦੌਰਾਨ ਇਨ੍ਹਾਂ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਅਕਸਰ ਐੱਮ.ਪੀ. ਸਥਿਤ ਅਸਲਾ ਸਪਲਾਇਰਾਂ ਤੋਂ ਹਥਿਆਰ ਮਿਲ ਰਹੇ ਹਨ। ਅਰਸ਼ਦੀਪ ਉਰਫ ਡੱਲਾ, ਹਨੀ ਅਤੇ ਯਾਦਵਿੰਦਰ ਸਿੰਘ ਦੇ ਨਾਂ ਪੰਜਾਬ ਦੇ ਅਪਰਾਧੀਆਂ ਦੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਦੇ ਮਾਮਲਿਆਂ ਦੀ ਜਾਂਚ ਦੌਰਾਨ ਵਾਰ-ਵਾਰ ਸਾਹਮਣੇ ਆਏ ਹਨ। ਤਿੰਨ ਲੋਕਾਂ ਨੇ ਕੈਨੇਡਾ ਅਤੇ ਯੂ.ਏ.ਈ. ਤੋਂ ਸਿੱਧੇ ਐੱਮ.ਪੀ. ਦੇ ਹਥਿਆਰ ਸਪਲਾਇਰਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ।


Rakesh

Content Editor

Related News