ਟਰੱਕ ਯੂਨੀਅਨ ਦਾ ਸਰਕਾਰ ਵੱਲ ਢਾਈ ਕਰੋੜ ਬਕਾਇਆ

Tuesday, Oct 03, 2017 - 04:40 AM (IST)

ਟਰੱਕ ਯੂਨੀਅਨ ਦਾ ਸਰਕਾਰ ਵੱਲ ਢਾਈ ਕਰੋੜ ਬਕਾਇਆ

ਸਾਦਿਕ,(ਪਰਮਜੀਤ)- ਟਰੱਕ ਯੂਨੀਅਨ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਵੱਖ-ਵੱਖ ਖਰੀਦ ਏਜੰਸੀਆਂ ਦੀ ਕੀਤੀ ਗਈ ਬੋਰੀਆਂ ਦੀ ਢੋਆ-ਢੁਆਈ ਦਾ ਕਰੀਬ ਢਾਈ ਕਰੋੜ ਰੁਪਏ ਬਕਾਇਆ ਸਰਕਾਰ ਵੱਲ ਖੜ੍ਹਾ ਹੈ ਤੇ ਟਰੱਕ ਆਪ੍ਰੇਟਰ ਝੋਨੇ ਦਾ ਸੀਜ਼ਨ ਲਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਦਾਣਾ ਮੰਡੀ ਵਿਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਆਏ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਟਰੱਕ ਆਪ੍ਰੇਟਰਾਂ ਦਾ ਇਕ ਵਫਦ ਮਿਲਿਆ ਤੇ ਤੁਰੰਤ ਅਦਾਇਗੀ ਦੇਣ ਦੀ ਮੰਗ ਕੀਤੀ। ਇਸ ਵਫਦ ਵਿਚ ਸ਼ਿਵਰਾਜ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਹੀਰਾ ਸਿੰਘ ਸੰਧੂ, ਸੁਖਵਿੰਦਰ ਸਿੰਘ ਢਿੱਲੋਂ ਤੇ ਮਦਨ ਲਾਲ ਨਰੂਲਾ ਸ਼ਾਮਲ ਸਨ।
ਉਨ੍ਹਾਂ ਕਿੱਕੀ ਢਿੱਲੋਂ ਤੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕਣਕ-2017 ਦਾ ਮਾਰਕਫੈੱਡ ਵੱਲ 1 ਕਰੋੜ 25 ਲੱਖ 55 ਹਜ਼ਾਰ 385 ਰੁਪਏ, ਵੇਅਰ ਹਾਊਸ ਵੱਲ 7 ਲੱਖ, ਪਨਸਪ ਵੱਲ 15 ਲੱਖ ਤੇ ਐੱਫ. ਸੀ. ਆਈ ਵੱਲ 50 ਲੱਖ ਰੁਪਏ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲਾਂ ਦਾ ਕਰੀਬ 40 ਲੱਖ ਰੁਪਏ ਬਕਾਇਆ ਹੈ। ਇਨ੍ਹਾਂ ਕੀਤੇ ਕੰਮਾਂ ਦੇ ਬਿੱਲ ਵੀ ਮਹਿਕਮਿਆਂ ਨੂੰ ਦਿੱਤੇ ਗਏ ਹਨ ਪਰ ਹਾਲੇ ਤੱਕ ਅਦਾਇਗੀ ਨਹੀਂ ਹੋਈ, ਜਦਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਹਰ ਟਰੱਕ ਆਪ੍ਰੇਟਰ ਨੂੰ ਪੈਸਿਆਂ ਦੀ ਜ਼ਰੂਰਤ ਹੈ। ਵਫਦ ਦੀ ਗੱਲ ਧਿਆਨ ਨਾਲ ਸੁਣਨ ਉਪਰੰਤ ਉਨ੍ਹਾਂ ਡੀ. ਐੱਫ. ਐੱਸ. ਸੀ. ਫਰੀਦਕੋਟ ਤੋਂ ਮਾਮਲੇ ਦੀ ਜਾਣਕਾਰੀ ਲਈ। 
ਉਨ੍ਹਾਂ ਦੱਸਿਆ ਕਿ ਖਜ਼ਾਨੇ ਵਿਚ ਪੈਸੇ ਨਾ ਜਮ੍ਹਾ ਹੋਣ ਕਾਰਨ ਅਦਾਇਗੀ ਲੇਟ ਹੋਈ ਹੈ, ਜਲਦੀ ਹੀ ਐੱਲ. ਓ. ਸੀ. ਆਉਣ 'ਤੇ ਸਾਰੀ ਅਦਾਇਗੀ ਕਰਵਾ ਦਿੱਤੀ ਜਾਵੇਗੀ। ਪਰਾਸ਼ਰ ਨੇ ਹਦਾਇਤ ਕੀਤੀ ਕਿ ਉਹ ਜਦ ਵੀ ਫੰਡ ਆਉਂਦੇ ਹਨ, ਸਾਦਿਕ ਦੇ ਟਰੱਕਾਂ ਦੀ ਅਦਾਇਗੀ ਪਹਿਲ ਦੇ ਆਧਾਰ 'ਤੇ ਕਰਵਾਉਣ। ਇਸ ਸਮੇਂ ਮਹੰਤਾ ਸਿੰਘ, ਸਤਪਾਲ ਸਿੰਘ ਮੁਨਸ਼ੀ ਟਰੱਕ ਯੂਨੀਅਨ ਤੇ ਰਛਪਾਲ ਸਿੰਘ ਬਰਾੜ ਹਾਜ਼ਰ ਸਨ।


Related News