ਡ੍ਰਾਈ ਫਰੂਟਸ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪੁਲ ਤੋਂ ਡਿੱਗਿਆ, ਡਰਾਈਵਰ ਦੀ ਮੌਤ

Sunday, Jul 16, 2023 - 02:35 AM (IST)

ਡ੍ਰਾਈ ਫਰੂਟਸ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪੁਲ ਤੋਂ ਡਿੱਗਿਆ, ਡਰਾਈਵਰ ਦੀ ਮੌਤ

ਫਗਵਾੜਾ (ਜਲੋਟਾ) : ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰਬਰ 1 ’ਤੇ ਦੇਰ ਰਾਤ ਪਿੰਡ ਚਹੇੜੂ ਨੇੜੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਡ੍ਰਾਈ ਫਰੂਟਸ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜਦੇ ਹੋਏ ਪਾਣੀ ’ਚ ਜਾ ਡਿੱਗਾ। ਵਾਪਰੇ ਹਾਦਸੇ ’ਚ ਟਰੱਕ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਜਿਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਦੀ ਲਾਸ਼ ਨੂੰ ਮੌਕੇ ’ਤੇ ਮੌਜੂਦ ਪੁਲਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿਤਾ ਹੈ, ਜਦਕਿ ਇਸੇ ਟਰੱਕ ’ਚ ਸਵਾਰ ਉਸ ਦਾ ਸਾਥੀ ਹੈਲਪਰ ਸੁਖਦੇਵ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਧੁੱਸੀ ਬੰਨ੍ਹ ਨੂੰ JCB ਮਸ਼ੀਨ ਨਾਲ ਤੋੜਨ ’ਤੇ ਪੰਜਾਬ ਦੇ ਇਸ ਵਿਧਾਇਕ ਖ਼ਿਲਾਫ਼ ਮਾਮਲਾ ਦਰਜ

ਜ਼ਖ਼ਮੀ ਸੁਖਦੇਵ ਸਿੰਘ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਸਰਕਾਰੀ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖ਼ਮੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਟਰੱਕ ’ਚ ਅੰਮ੍ਰਿਤਸਰ ਤੋਂ ਦਿੱਲੀ ਨੂੰ ਡ੍ਰਾਈ ਫਰੂਟਸ ਲੈ ਕੇ ਜਾ ਰਹੇ ਸਨ ਕਿ ਚਹੇੜੂ ਪੁਲ ’ਤੇ ਅਚਾਨਕ ਟਰੱਕ ਦਾ ਟਾਇਰ ਫਟ ਗਿਆ, ਜਿਸ ਤੋਂ ਬਾਅਦ ਟਰੱਕ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਪਾਣੀ ’ਚ ਜਾ ਡਿੱਗਾ। ਪੁਲਸ ਨੇ ਮ੍ਰਿਤਕ ਟਰੱਕ ਚਾਲਕ ਗੁਰਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਹੜ੍ਹਾਂ ਦੇ ਹਾਲਾਤ ਦਰਮਿਆਨ ਮਾਂ ਚਰਨ ਕੌਰ ਨੂੰ ਆਈ ਪੁੱਤ ਮੂਸੇਵਾਲਾ ਦੀ ਯਾਦ, ਹੋਈ ਭਾਵੁਕ

ਦੂਜੇ ਪਾਸੇ ਪੁਲ ਦੇ ਹੇਠਾਂ ਪਾਣੀ ’ਚ ਡਿੱਗੇ ਟਰੱਕ ਨੂੰ ਬਾਹਰ ਕੱਢਣ ਲਈ ਪੁਲਸ ਦੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਇਲਾਕੇ ’ਚ ਦੇਰ ਰਾਤ ਤੱਕ ਲੰਬਾ ਟ੍ਰੈਫਿਕ ਜਾਮ ਲੱਗਿਆ, ਜਿਸ ਕਾਰਨ ਨੈਸ਼ਨਲ ਹਾਈਵੇ ਨੰਬਰ 1 ਤੋਂ ਲੰਘਣ ਵਾਲੇ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਸੀ।


author

Manoj

Content Editor

Related News