ਟਰੱਕ ਅਤੇ ਬੋਲੈਰੋ ਵਿਚਾਲੇ ਜ਼ੋਰਦਾਰ ਟੱਕਰ ’ਚ, ਇਕ ਦੀ ਮੌਤ
Wednesday, Nov 08, 2023 - 06:12 PM (IST)

ਸਮਾਣਾ (ਦਰਦ, ਅਸ਼ੋਕ) : ਬੀਤੀ ਰਾਤ ਸਮਾਣਾ-ਪਾਤੜਾਂ ਸੜਕ ਤੇ ਸਥਿਤ ਪਿੰਡ ਰੇਤਗ਼ੜ੍ਹ ਨੇੜੇ ਟਰੱਕ ਅਤੇ ਬਲੈਰੋ ’ਚ ਹੋਈ ਟਕੱਰ ’ਚ ਬਲੈਰੋ ਚਾਲਕ ਦੀ ਮੌਤ ਹੋ ਗਈ, ਜਦਕਿ ਕਡੰਕਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮ੍ਰਿਤਕ ਦੀ ਪਹਿਚਾਣ ਅੰਗਰੇਜ਼ ਸਿੰਘ (36) ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਸਾਧਨਵਾਸ (ਜਾਖ਼ਲ) ਹਰਿਆਣਾ ਵਜੋਂ ਹੋਈ। ਹਾਦਸੇ ਉਪਰੰਤ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਹੈੱਡ ਕਾਂਸਟੇਬਲ ਜਗਦੀਸ਼ ਚੰਦ ਨੇ ਦੱਸਿਆ ਕਿ ਹਸਪਤਾਲ ਵਿਚ ਇਲਾਜ ਅਧੀਨ ਕਡੰਕਟਰ ਸੁਭਾਸ਼ ਚੰਦ ਨਿਵਾਸੀ ਪਿੰਡ ਚਾਂਦਪੁਰ (ਹਰਿਆਣਾ) ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਸ਼ਿਮਲਾ ਤੋਂ ਆਲੂ ਲੈ ਕੇ ਆਉਂਦੇ ਸਮੇਂ ਸਮਾਣਾ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਕੁਝ ਵਾਹਨਾਂ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੀ ਬਲੈਰੋ ਵਿਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਚਾਲਕ ਅੰਗਰੇਜ਼ ਸਿੰਘ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਪੁਲਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਫਰਾਰ ਟਰੱਕ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦਕਿ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।