ਤੇਜ਼ ਰਫਤਾਰ ਟਰੱਕ ਦਾ ਕਹਿਰ, ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਦਰੜਿਆ
Monday, Jul 22, 2019 - 05:49 PM (IST)

ਮਖੂ (ਵਾਹੀ, ਜ.ਬ.) : ਮਾਲ ਗੱਡੀ 'ਚ ਪਹਿਲਾਂ ਮਾਲ ਲੋਡ ਕਰਵਾਉਣ ਅਤੇ ਵਧੇਰੇ ਗੇੜੇ ਲਾਉਣ ਦੇ ਚੱਕਰ 'ਚ ਅਨਾਜ ਦੇ ਭਰੇ ਟਰੱਕ ਦੇ ਲਾਪਰਵਾਹ ਚਾਲਕ ਪ੍ਰਦੀਪ ਪੁੱਤਰ ਸਕੱਤਰ ਸਿੰਘ ਵਾਸੀ ਵਾਰਡ ਨੰ. 8 ਗਊਸ਼ਾਲਾ ਰੋਡ ਜ਼ੀਰਾ ਨੇ ਇਕ ਮੋਟਰਸਾਈਕਲ ਚਾਲਕ ਜਗਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸਿਲੇਵਿੰਡ ਥਾਣਾ ਮਖੂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਜਗਤਾਰ ਸਿੰਘ ਦਾ ਸਿਰ ਤੋਂ ਪੱਟਾਂ ਤੱਕ ਸਾਰਾ ਸਰੀਰ ਕੁਚਲਿਆ ਗਿਆ, ਉਥੇ ਟਰੱਕ ਹੇਠਾਂ ਫਸੇ ਮੋਟਰਸਾਈਕਲ ਦਾ ਵੀ ਪੁਰਜ਼ਾ-ਪੁਰਜ਼ਾ ਹੋ ਗਿਆ।
ਇਸ ਹਾਦਸੇ 'ਚ ਟਰੱਕ ਦੀ ਫੇਟ ਵੱਜਣ ਨਾਲ ਬੇਸ਼ੱਕ ਇਕ ਹੋਰ ਸਕੂਟਰ ਚਾਲਕ ਕਰਮਜੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਸਨੇਰ ਤਾਂ ਵਾਲ-ਵਾਲ ਬਚ ਗਿਆ ਪਰ ਪਿੱਛੇ ਬੈਠੀ ਉਸ ਦੀ ਮਾਤਾ ਜਸਬੀਰ ਕੌਰ ਜ਼ਖ਼ਮੀ ਹੋ ਗਈ। ਜਿਸ ਨੂੰ ਐਂਬੂਲੈਂਸ ਰਾਹੀਂ ਜ਼ੀਰਾ ਹਸਪਤਾਲ ਲਿਜਾਇਆ ਗਿਆ। ਟਰੱਕ ਚਾਲਕ ਨੇ ਬਰੇਕ ਲਾਉਣ ਦੀ ਥਾਂ ਟਰੱਕ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਦਕਿ ਮੋਟਰਸਾਈਕਲ ਥੱਲੇ ਫਸ ਜਾਣ ਕਰ ਕੇ ਰੁਕ ਗਏ ਟਰੱਕ ਚਾਲਕ ਨੂੰ ਲੋਕਾਂ ਨੇ ਕਾਬੂ ਕਰ ਕੇ ਹਾਦਸੇ ਵਾਲੀ ਥਾਂ 'ਤੇ ਆਈ ਟ੍ਰੈਫਿਕ ਪੁਲਸ ਦੇ ਹਵਾਲੇ ਕਰ ਦਿੱਤਾ।