ਕਸ਼ਮਕਸ਼ ਵਾਲੀ ਚੰਨੀ ਸਰਕਾਰ : ਕੈਬਨਿਟ ਮੰਤਰੀ ਚੁਣਨ ’ਚ ਮੁੱਖ ਮੰਤਰੀ ਨੂੰ ਲੱਗ ਗਏ 6 ਦਿਨ

Monday, Sep 27, 2021 - 02:56 AM (IST)

ਚੰਡੀਗੜ੍ਹ(ਹਰੀਸ਼ਚੰਦਰ)- ਕੇਂਦਰ 'ਚ ਕਾਂਗਰਸ ਦੀ ਉਲਝਣ ਦੀ ਝਲਕ ਹੁਣ ਪੰਜਾਬ ਕਾਂਗਰਸ ਵਿਚ ਵੀ ਨਜ਼ਰ ਆਉਣ ਲੱਗੀ ਹੈ। ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੂੰ ਉਨ੍ਹਾਂ ਦਾ ਉੱਤਰਾ ਅਧਿਕਾਰੀ ਲੱਭਣ ਵਿਚ 25 ਘੰਟੇ ਲੱਗੇ ਸੀ। ਕੈ. ਅਮਰਿੰਦਰ ਸਿੰਘ ਨੇ 18 ਸਤੰਬਰ ਨੂੰ ਸ਼ਾਮ 4:30 ਵਜੇ ਅਸਤੀਫ਼ਾ ਦਿੱਤਾ ਸੀ, ਜਦਕਿ ਚਰਨਜੀਤ ਸਿੰਘ ਚੰਨੀ ਨੂੰ 19 ਸਤੰਬਰ ਸ਼ਾਮ ਨੂੰ 5:30 ਵਜੇ ਮੁੱਖ ਮੰਤਰੀ ਚੁਣਿਆ ਗਿਆ।

ਇਨ੍ਹਾਂ 25 ਘੰਟਿਆਂ ਦੌਰਾਨ ਸਭ ਤੋਂ ਪਹਿਲਾਂ ਕੈਪਟਨ ਦੇ ਅਸਤੀਫ਼ੇ ਦੇ ਤੁਰੰਤ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸਿਆ ਗਿਆ ਪਰ 19 ਦੀ ਸਵੇਰ ਅੰਬਿਕਾ ਸੋਨੀ ਅਚਾਨਕ ਪੰਜਾਬ ਦੇ ਰਾਜਨੀਤਕ ਦ੍ਰਿਸ਼ ’ਤੇ ਉਭਰੀ ਤੇ ਮੁੱਖ ਮੰਤਰੀ ਅਹੁਦੇ ਨੂੰ ਨਕਾਰਦਿਆਂ ਨਾਲ ਹੀ ਅਲੋਪ ਵੀ ਹੋ ਗਈ। ਦੁਪਹਿਰ ਨੂੰ ਨਾਂ ਚੱਲਿਆ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਸ਼ਾਮ ਨੂੰ ਐਲਾਨ ਹੋਇਆ ਚਰਨਜੀਤ ਸਿੰਘ ਚੰਨੀ ਦਾ।

ਇਹ ਵੀ ਪੜ੍ਹੋ- ਬਾਦਲ ਨੇ ਰਾਜਾ ਵੜਿੰਗ ਤੇ ਰਾਣਾ ਗੁਰਜੀਤ ਨੂੰ ਲਿਆ ਲੰਬੇ ਹੱਥੀ, ਲਾਏ ਗੰਭੀਰ ਦੋਸ਼ (ਵੀਡੀਓ)

ਹੁਣ ਹਾਈਕਮਾਨ ਦੇ ਨਕਸ਼ਾ-ਏ-ਕਦਮ ਤੋਂ ਨਵ-ਨਿਯੁਕਤ ਚੰਨੀ ਵੀ ਪਿੱਛੇ ਕਿਵੇਂ ਹਟਦੇ। ਉਨ੍ਹਾਂ ਦੇ ਡਿਪਟੀ ਦੇ ਤੌਰ ’ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਨਾਲ ਬ੍ਰਹਮ ਮਹਿੰਦਰਾ ਦਾ ਨਾਂ ਤੈਅ ਕੀਤਾ ਗਿਆ। ਬ੍ਰਹਮ ਦੇ ਵਧਾਈ ਵਾਲੇ ਪੋਸਟਰਾਂ ਨਾਲ ਪਟਿਆਲਾ ਦੀਆਂ ਸੜਕਾਂ ਭਰ ਗਈਆਂ ਤਾਂ ਦੂਸਰੇ ਪਾਸੇ ਸਾਬਕਾ ਕੇਂਦਰੀ ਮੰਤਰੀ ਤੇ ਹਾਈਕਮਾਨ ਦੇ ਖਾਸਮਖਾਸ ਪਵਨ ਬਾਂਸਲ ਨੇ ਵੀ ਉਨ੍ਹਾ ਨੂੰ ਵਧਾਈ ਦੇਣ ਵਾਲਾ ਟਵੀਟ ਕਰ ਦਿੱਤਾ ਪਰ ਜਦ ਸਹੁੰ ਚੁੱਕਣ ਦੀ ਵਾਰੀ ਆਈ ਤਾਂ ਬ੍ਰਹਮ ਮਹਿੰਦਰਾ ਕਿਤੇ ਵੀ ਨਜ਼ਰ ਨਹੀਂ ਆਏ, ਬਲਕਿ ਉਨ੍ਹਾਂ ਦੀ ਜਗ੍ਹਾ ਓ.ਪੀ. ਸੋਨੀ ਡਿਪਟੀ ਸੀ. ਐੱਮ. ਬਣ ਬੈਠੇ।

ਚਰਚਾ ਕਿਸੇ ਦੀ ਤੇ ਮੋਹਰ ਕਿਸੇ ਹੋਰ ਦੇ ਨਾਂ ’ਤੇ

ਚੰਨੀ ਸਰਕਾਰ ਵਿਚ ਕਸ਼ਮਕਸ਼ ਇੱਥੇ ਹੀ ਨਹੀਂ ਰੁਕੀ। ਮੁੱਖ ਸਕੱਤਰ ਦੇ ਅਹੁਦੇ ਲਈ ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਵਨੀਤ ਕੌਰ ਤੇ ਵੀ. ਕੇ. ਜੰਜੂਆ ਦੇ ਨਾਂਚੱਲ ਰਹੇ ਸਨ ਪਰ ਚੰਨੀ ਨੇ ਮੋਹਰ ਲਗਾਈ ਅਨਿਰੁੱਧ ਤਿਵਾੜੀ ਦੇ ਨਾਂ ’ਤੇ।ਨਵੀਂ ਡੀ. ਜੀ. ਪੀ. ਦੀ ਨਿਯੁਕਤੀ ਵਿਚ ਵੀ ਸਰਕਾਰ ਨੂੰ ਸਖ਼ਤ ਮਸ਼ੱਕਤ ਕਰਨੀ ਪਈ। ਕਦੇ ਸਿਧਾਰਥ ਚਟੋਪਾਧਿਆਏ ਦਾ ਨਾਂ ਚੱਲਿਆ ਤਾਂ ਕਦੇ ਵੀ.ਕੇ. ਭੰਵਰਾ ਪਰ ਬਾਜ਼ੀ ਮਾਰ ਗਏ ਇਕਬਾਲਪ੍ਰੀਤ ਸਿੰਘ ਸਹੋਤਾ। ਇਹੀ ਸਥਿਤੀ ਐਡਵੋਕੇਟ ਜਨਰਲ ਦੇ ਨਾਂ ’ਤੇ ਚੱਲ ਰਹੀ ਹੈ, ਜੋ ਖੁਦ ਅਤੇ ਆਪਣੇ ਸਟਾਫ਼ ਦੇ ਨਾਲ ਪੰਜਾਬ ਸਰਕਾਰ ਦੇ ਕੇਸਾਂ ਦੀ ਅਦਾਲਤ ਵਿਚ ਪੈਰਵੀ ਕਰਦੇ ਹਨ। ਬੀਤੇ ਇਕ ਹਫ਼ਤੇ ਤੋਂ ਪੰਜਾਬ ਸਰਕਾਰ ਦੇ ਹਾਈਕੋਰਟ ਵਿਚ ਚੱਲ ਰਹੇ ਵੱਖ-ਵੱਖ ਕੇਸਾਂ ਵਿਚ ਜ਼ਿਆਦਾਤਰ ਪੈਰਵੀ ਦੇ ਨਾਂ ’ਤੇ ਅਗਲੀ ਤਰੀਕ ਹੀ ਮੰਗੀ ਜਾ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ ਤੁਰੰਤ ਬਾਅਦ ਅਤੁਲ ਨੰਦਾ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਚੁੱਕੇ ਹਨ।

ਇਹ ਵੀ ਪੜ੍ਹੋ- ਮਨੀ ਐਕਸਚੇਂਜਰ ਕੋਲੋਂ ਪਿਸਤੌਲ ਦੀ ਨੋਕ ’ਤੇ ਲੁੱਟੇ 10 ਲੱਖ ਰੁਪਏ

ਏ. ਜੀ. ਦੇ ਅਹੁਦੇ ਨੂੰ ਲੈ ਕੇ ਵੀ ਕਈ ਨਾਂ ਚਰਚਾ ’ਚ

ਹੁਣ ਐਡਵੋਕੇਟ ਜਨਰਲ ਦੇ ਅਹੁਦੇ ਲਈ ਸਭ ਤੋਂ ਪਹਿਲਾਂ ਡੀ. ਐੱਸ. ਪਟਵਾਲੀਆ ਦਾ ਨਾਂ ਚੱਲਿਆ ਪਰ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਤੋਂ ਪਹਿਲਾਂ ਹੀ ਅਨਮੋਲ ਰਤਨ ਸਿੰਘ ਸਿੱਧੂ ਦਾ ਨਾਂ ਅੱਗੇ ਆ ਗਿਆ। ਇਸ ’ਤੇ ਵੀ ਮੋਹਰ ਲੱਗਦੀ, ਤਦ ਹੀ ਏ. ਪੀ. ਐੱਸ. ਦਿਓਲ ਨੂੰ ਏ. ਜੀ. ਲਗਾਉਣ ਦੀ ਚਰਚਾ ਛਿੜ ਗਈ। ਸੂਤਰਾਂ ਦੀ ਮੰਨੀਏ ਤਾਂ ਇਸ ਵਿਚ ਸੀਨੀਅਰ ਐਡਵੋਕੇਟ ਆਰ.ਐੱਸ. ਚੀਮਾ ਤੇ ਅਨੁਪਮ ਗੁਪਤਾ ਨਾਲ ਵੀ ਗੱਲ ਕੀਤੀ ਗਈ ਸੀ ਪਰ ਦੋਵਾਂ ਨੇ ਹੀ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।

ਕੁੱਲ ਮਿਲਾ ਕੇ ਮੁੱਖ ਮੰਤਰੀ ਚੰਨੀ ਆਪਣੀ ਸਰਕਾਰ ਵਿਚ ਮੰਤਰੀ ਤੋਂ ਲੈ ਕੇ ਅਫ਼ਸਰ ਨਿਯੁਕਤ ਕਰਨ ਨੂੰ ਲੈ ਕੇ ਪੂਰੀ ਤਰ੍ਹਾਂ ਦੁਚਿੱਤੀ ਵਿਚ ਘਿਰੇ ਨਜ਼ਰ ਆਏ ਹਨ। ਦੂਸਰੇ ਪਾਸੇ ਜਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਨਿਯੁਕਤ ਕਰਨ ਦੇ ਨਾਲ ਹੀ ਅਤੁਲ ਨੰਦਾ ਨੂੰ ਐਡਵੋਕੇਟ ਜਨਰਲ ਦਾ ਅਹੁਦਾ ਦੇ ਦਿੱਤਾ ਸੀ। ਇਹੀ ਨਹੀਂ ਉਨ੍ਹਾਂ ਨੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਵੀ ਅੱਗੇ ਨਾਲ ਕੰਮ ਕਰਨ ਦੇ ਹੁਕਮ ਦੇ ਦਿੱਤੇ ਸਨ।


Bharat Thapa

Content Editor

Related News