ਤੀਹਰੇ ਕਤਲ ਮਾਮਲੇ ''ਚ ਮੁਲਜ਼ਮ ਨੂੰ ਨਾਮਜ਼ਦ ਨਹੀਂ ਕਰ ਸਕੀ ਹੈ ਪੁਲਸ

02/24/2020 5:26:11 PM

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਕੰਪਲੈਕਸ 'ਚ ਰਹਿਣ ਵਾਲੇ ਵਪਾਰੀ ਸੰਜੇ ਅਰੋੜਾ (51) ਦੀ ਪਤਨੀ ਸੁਨੀਤਾ ਉਰਫ ਸਰਿਤਾ ਅਰੋੜਾ (45), ਉਸਦੀ ਧੀ ਰਤਨਾ ਉਰਫ ਸਾਂਚੀ ਅਰੋੜਾ (22) ਅਤੇ ਬੇਟੇ ਅਰਜਨ (16) ਦਾ ਉਨ੍ਹਾਂ ਦੇ ਘਰ 'ਚ ਹੀ ਗਲਾ ਰੇਤ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਵਾਰਦਾਤ ਨੂੰ ਇਕ ਮਹੀਨਾ ਗੁਜ਼ਰ ਚੁੱਕਿਆ ਹੈ ਪਰ ਹਾਲੇ ਤੱਕ ਪੁਲਸ ਇਸ ਕਤਲ ਮਾਮਲੇ 'ਚ ਕਾਤਲ ਦਾ ਸੁਰਾਗ ਨਹੀਂ ਲਾ ਸਕੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਪੁਲਸ ਇਸ ਤੀਹਰੇ ਕਤਲ ਮਾਮਲੇ ਦੀ ਬੇਹੱਦ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪਰ ਬਾਵਜੂਦ ਇਸਦੇ ਹਾਲੇ ਤੱਕ ਪੁਲਸ ਨੇ ਅਣਪਛਾਤੇ ਖਿਲਾਫ ਦਰਜ ਕੀਤੇ ਗਏ ਇਸ ਕਤਲ ਮਾਮਲੇ 'ਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਹੈ।

ਅਧਿਕਾਰੀਆਂ ਦੀ ਮੰਨੀਏ ਤਾਂ ਘਰ 'ਚ ਲੱਗੇ ਸੀ. ਸੀ. ਟੀ. ਵੀ. ਸਿਸਟਮ ਦੀ ਡੀ. ਵੀ. ਆਰ. ਦੀ ਰਿਪੋਰਟ ਆਉਣ 'ਚ ਸਮਾਂ ਲਗ ਰਿਹਾ ਹੈ, ਰਿਪੋਰਟ 'ਚ ਹੀ ਇਸ ਗੱਲ ਦਾ ਪਤਾ ਲਾਇਆ ਜਾ ਸਕੇਗਾ ਕਿ ਆਖਿਰ ਵਾਰਦਾਤ ਦੇ ਦਿਨ ਘਰ 'ਚ ਕਿਸ ਵਿਅਕਤੀ ਨੇ ਕਿੰਨੇ ਵਜੇ ਪ੍ਰਵੇਸ਼ ਕੀਤਾ ਸੀ ਅਤੇ ਕਿਸ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸਦੇ ਆਧਾਰ 'ਤੇ ਹੀ ਕੇਸ 'ਚ ਕਾਤਲ ਦਾ ਨਾਮ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਸੰਜੇ ਅਰੋੜਾ ਨੇ ਵੀ ਇਸ ਦਿਨ ਟਰੇਨ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਪੀ. ਜੀ. ਆਈ. 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ ਸੀ।

ਡੀ. ਵੀ. ਆਰ. ਰਿਪੋਰਟ 'ਚ ਹੋ ਸਕਦਾ ਹੈ ਕਾਤਲ ਦਾ ਖੁਲਾਸਾ
ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਘਰ 'ਚ ਪ੍ਰਵੇਸ਼ ਦੁਆਰ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ, ਜਿਨ੍ਹਾਂ 'ਚ ਵਾਰਦਾਤ ਤੋਂ ਪਹਿਲਾਂ, ਵਾਰਦਾਤ ਦੇ ਸਮੇਂ, ਵਾਰਦਾਤ ਤੋਂ ਬਾਅਦ ਘਰ 'ਚ ਪ੍ਰਵੇਸ਼ ਕਰਨ ਅਤੇ ਬਾਹਰ ਜਾਣ ਵਾਲੇ ਹਰ ਵਿਅਕਤੀ ਦੀ ਰਿਕਾਰਡਿੰਗ ਹੋਈ ਹੋਵੇਗੀ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਹੀ ਪੁਲਸ ਨੇ ਸੀ. ਸੀ. ਟੀ. ਵੀ. ਸਿਸਟਮ ਦੀ ਡੀ. ਵੀ. ਆਰ. ਨੂੰ ਕੇਸ 'ਚ ਬੇਹੱਦ ਮਹੱਤਵਪੂਰਨ ਮੰਨਦੇ ਹੋਏ ਇਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਸੈਕਟਰ-36 ਸਥਿਤ ਸੀ.ਐੱਫ. ਐੱਸ.ਐੱਲ. ਲੈਬ 'ਚ ਭੇਜ ਦਿੱਤਾ ਸੀ। ਇਸਦੇ ਨਾਲ ਹੀ ਪੁਲਸ ਨੇ ਮੌਕੇ ਤੋਂ ਬਰਾਮਦ ਹੋਏ ਕਈ ਹੋਰ ਨਮੂਨਿਆਂ ਨੂੰ ਵੀ ਜਾਂਚ ਲਈ ਸੀ. ਐੱਫ. ਐੱਸ. ਐੱਲ. ਲੈਬ 'ਚ ਭੇਜਿਆ ਹੋਇਆ ਹੈ। ਡੀ. ਵੀ. ਆਰ. ਅਤੇ ਹੋਰ ਨਮੂਨਿਆਂ ਦੀ ਸੀ. ਐੱਫ.ਐੱਸ. ਐੱਲ. ਰਿਪੋਰਟ ਦੇ ਆਧਾਰ 'ਤੇ ਹੀ ਪੁਲਸ ਕਾਤਲ ਦਾ ਨਾਮ ਕੇਸ 'ਚ ਨਾਮਜ਼ਦ ਕਰੇਗੀ।

ਇਹ ਹੈ ਮਾਮਲਾ
22 ਜਨਵਰੀ ਦੀ ਰਾਤ ਸੰਜੇ ਅਰੋੜਾ ਨੇ ਐੱਮ. ਡੀ. ਸੀ. ਦੇ ਨੇੜੇ ਟਰੇਨ ਦੇ ਅੱਗੇ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਦੌਰਾਨ ਸੰਜੇ ਦੇ ਜ਼ਖ਼ਮੀ ਹੋਣ 'ਤੇ ਉਸ ਨੂੰ ਪੀ. ਜੀ. ਆਈ. ਪਹੁੰਚਾਇਆ ਗਿਆ ਸੀ। ਚੌਕੀ ਪੁਲਸ ਨੇ ਸੰਜੇ ਕੋਲੋਂ ਬਰਾਮਦ ਹੋਏ ਕਿਸੇ ਦਸਤਾਵੇਜ਼ ਦੇ ਆਧਾਰ 'ਤੇ ਉਸਦੇ ਜਾਣਕਾਰ, ਜੋ ਇਨ੍ਹੀਂ ਦਿਨੀਂ ਸੰਜੇ ਦੀ ਪੰਚਕੂਲਾ ਸਥਿਤ ਸਵੀਟ ਸ਼ਾਪ ਦਾ ਸੰਚਾਲਨ ਕਰਦਾ ਹੈ, ਕਰਮਬੀਰ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਸੀ। ਸੂਚਨਾ ਪਾ ਕੇ ਕਰਮਬੀਰ ਪੀ. ਜੀ. ਆਈ. ਪਹੁੰਚਿਆ ਅਤੇ ਉੱਥੇ ਉਸਨੇ ਸੰਜੇ ਨੂੰ ਪਛਾਣਿਆ ਸੀ, ਜਿਸ ਤੋਂ ਬਾਅਦ ਕਮਰਬੀਰ ਨੇ ਇਸ ਹਾਦਸੇ ਬਾਰੇ ਜਾਣਕਾਰੀ ਦੇਣ ਲਈ ਸੰਜੇ ਦੀ ਪਤਨੀ ਨੂੰ ਕਾਲ ਕੀਤੀ ਪਰ ਕਿਸੇ ਨੇ ਵੀ ਕਾਲ ਦਾ ਜਵਾਬ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਕਰਮਬੀਰ ਖੁਦ ਸੰਜੇ ਦੇ ਘਰ ਪਹੁੰਚਿਆ ਅਤੇ ਵੇਖਿਆ ਕਿ ਅੰਦਰੋਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਸੀ ਅਤੇ ਦਰਵਾਜ਼ਾ ਖੜਕਾਉਣ 'ਤੇ ਵੀ ਕੋਈ ਅੰਦਰੋਂ ਜਵਾਬ ਨਹੀਂ ਦੇ ਰਿਹਾ ਸੀ। ਕਰਮਬੀਰ ਨੇ ਸ਼ੱਕ ਦੇ ਆਧਾਰ 'ਤੇ ਇਸ ਵਿਸ਼ੇ 'ਚ ਉੱਥੇ ਪੈਟਰੋਲਿੰਗ ਕਰ ਰਹੇ ਥਾਣੇ ਦੇ ਕਰਮੀਆਂ ਨੂੰ ਸੂਚਿਤ ਕੀਤਾ ਸੀ।

ਮੌਕੇ 'ਤੇ ਪਹੁੰਚੀ ਪੁਲਸ ਦੇ ਵਾਰ-ਵਾਰ ਖੜਕਾਉਣ ਅਤੇ ਅੰਦਰੋਂ ਕੋਈ ਰਿਸਪਾਂਸ ਨਾ ਆਉਣ ਦੀ ਸੂਰਤ 'ਚ ਪੁਲਸ ਨੇ ਥਾਣੇ ਤੋਂ ਵੱਡੀਆਂ ਲਾਈਟਾਂ ਲੈ ਕੇ ਉੱਥੇ ਪੁਲਸਕਰਮੀਆਂ ਨੂੰ ਬੁਲਾਇਆ ਸੀ। ਪੁਲਸ ਨੇ ਜਦੋਂ ਬੈਟਰੀਆਂ ਬਾਲ ਖਿੜਕੀਆਂ 'ਚੋਂ ਘਰ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਇਹ ਵੇਖ ਹੈਰਾਨ ਰਹਿ ਗਈ ਸੀ ਕਿ ਅੰਦਰ ਜਗ੍ਹਾ-ਜਗ੍ਹਾ 'ਤੇ ਖੂਨ ਡੁੱਲ੍ਹਿਆ ਹੋਇਆ ਸੀ। ਇਸ 'ਤੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਵੇਖਿਆ ਗਿਆ ਤਾਂ ਅੰਦਰ ਸੰਜੇ ਦੀ ਪਤਨੀ ਸੁਨੀਤਾ, ਧੀ ਰਤਨਾ ਅਤੇ ਪੁੱਤਰ ਅਰਜਨ ਖੂਨ ਨਾਲ ਲਥਪਥ ਪਏ ਹੋਏ ਮਿਲੇ। ਦੱਸ ਦਈਏ ਕਿ ਸਾਂਚੀ ਪੰਜਾਬ ਯੂਨੀਵਰਸਿਟੀ 'ਚ ਪੰਜ ਸਾਲਾ ਲਾਅ ਦੀ ਵਿਦਿਆਰਥਣ ਸੀ ਅਤੇ ਉਹ ਲਾਅ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਉਸਦਾ ਛੋਟਾ ਭਰਾ ਅਰਜਨ ਪੰਚਕੂਲਾ ਸੈਕਟਰ-4 ਸਥਿਤ ਸਤਲੁਜ ਪਬਲਿਕ ਸਕੂਲ 'ਚ 10ਵੀਂ ਦਾ ਵਿਦਿਆਰਥੀ ਸੀ। ਘਟਨਾ ਸਥਾਨ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਅਣਪਛਾਤੇ ਖਿਲਾਫ ਇਸ ਤੀਹਰੇ ਕਤਲ ਮਾਮਲੇ 'ਚ ਕਤਲ ਦਾ ਕੇਸ ਦਰਜ ਕੀਤਾ ਸੀ, ਜਦੋਂਕਿ ਪੁਲਸ ਆਪਣੀ ਮੁੱਢਲੀ ਜਾਂਚ ਦੇ ਆਧਾਰ 'ਤੇ ਇਸ ਕੇਸ 'ਚ ਸੰਜੇ ਨੂੰ ਵੀ ਸ਼ੱਕੀ ਮੰਨ ਕੇ ਚੱਲ ਰਹੀ ਹੈ।

ਵੱਖ-ਵੱਖ ਜਗ੍ਹਾ 'ਤੇ ਖੂਨ ਨਾਲ ਲਥਪਥ ਹਾਲਤ 'ਚ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ
ਪੁਲਸ ਜਾਂਚ ਅਨੁਸਾਰ ਘਰ ਦੇ ਡਰਾਇੰਗ ਰੂਮ 'ਚ ਅਰਜਨ ਅਰੋੜਾ ਦੀ ਲਾਸ਼ ਪਈ ਸੀ। ਉਸਦਾ ਗਲਾ ਤੇਜ਼ਧਾਰ ਹਥਿਆਰ ਨਾਲ ਬੇਹੱਦ ਬੇਰਹਿਮੀ ਨਾਲ ਕੱਟਿਆ ਹੋਇਆ ਸੀ। ਜਿਸ ਸਮੇਂ ਉਸਦਾ ਕਤਲ ਕੀਤਾ ਗਿਆ, ਉਹ ਸਕੂਲ ਦੀ ਵਰਦੀ 'ਚ ਹੀ ਸੀ, ਜਿਸ ਤੋਂ ਲਗਦਾ ਸੀ ਕਿ ਕਾਤਲ ਨੇ ਸਕੂਲੋਂ ਘਰ 'ਚ ਪਹੁੰਚਦੇ ਹੀ ਅਰਜਨ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਵੇਗਾ। ਉਥੀ ਦੂਜੇ ਪਾਸੇ ਰਤਨਾ ਉਰਫ ਸਾਂਚੀ ਅਰੋੜਾ ਦੀ ਲਾਸ਼ ਘਰ 'ਚ ਮੇਨ ਦਰਵਾਜ਼ੇ ਦੇ ਨਾਲ ਹੀ ਅੰਦਰਲੇ ਏਰੀਏ 'ਚੋਂ ਬਰਾਮਦ ਹੋਈ, ਉਸਦੇ ਗਲੇ 'ਚ ਤੇਜ਼ਧਾਰ ਹਥਿਆਰ ਨਾਲ ਕੱਟੇ ਜਾਣ ਤੋਂ ਇਲਾਵਾ ਸਿਰ 'ਚ ਲੋਹੇ ਦੀ ਰਾਡ ਨਾਲ ਵਾਰ ਕੀਤੇ ਜਾਣ ਦੇ ਵੀ ਜ਼ਖਮ ਮਿਲੇ ਹਨ। ਘਰ ਦੇ ਅੰਦਰ ਬੈੱਡਰੂਮ 'ਚ ਪਤਨੀ ਸੁਨੀਤਾ ਉਰਫ ਸਰਿਤਾ ਅਰੋੜਾ ਦੀ ਲਾਸ਼ ਪਈ ਹੋਈ ਸੀ, ਉਸਦੇ ਗਲੇ 'ਤੇ ਵੀ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਬਰਾਮਦ ਹੋਏ ਸਨ।


Anuradha

Content Editor

Related News