ਬਾਦਲ ਕਾਰਨ ਹੀ ਪੰਜਾਬ ਨੂੰ ਅੱਤਵਾਦ ਦਾ ਲੰਮਾ ਸੰਤਾਪ ਝੱਲਣਾ ਪਿਆ : ਬਾਜਵਾ

Friday, Nov 23, 2018 - 10:44 AM (IST)

ਬਾਦਲ ਕਾਰਨ ਹੀ ਪੰਜਾਬ ਨੂੰ ਅੱਤਵਾਦ ਦਾ ਲੰਮਾ ਸੰਤਾਪ ਝੱਲਣਾ ਪਿਆ : ਬਾਜਵਾ

ਚੰਡੀਗੜ੍ਹ (ਭੁੱਲਰ)—ਸੀਨੀਅਰ ਕਾਂਗਰਸ ਨੇਤਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ  ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸੌੜੀ ਅਤੇ ਮੌਕਾਪ੍ਰਸਤ ਵੋਟ ਸਿਆਸਤ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ 15 ਵਰ੍ਹੇ ਅੱਤਵਾਦ ਦਾ ਲੰਮਾ ਸੰਤਾਪ ਭੋਗਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬੁਤਰਸ ਘਾਲ਼ੀ ਨੂੰ ਖਾਲਿਸਤਾਨ ਕਾਇਮ ਕਰਨ ਲਈ ਮੈਮੋਰੰਡਮ ਦੇ ਕੇ ਅੱਤਵਾਦੀ ਕਾਰਵਾਈਆਂ ਨੂੰ ਸ਼ਹਿ ਦੇਣ ਲਈ ਬਾਦਲ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1978 'ਚ ਅਕਾਲੀ ਦਲ-ਜਨਤਾ ਪਾਰਟੀ ਦੇ ਰਾਜ ਦੌਰਾਨ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਇਕ ਧੜੇ ਦਾ ਸਮਰਥਨ ਹਾਸਲ ਕਰ ਕੇ ਵੋਟਾਂ ਬਟੋਰਨ ਦੀ ਅਜਿਹੀ ਮੌਕਾਪ੍ਰਸਤ ਸਿਆਸਤ ਖੇਡੀ, ਜਿਸ ਨੇ ਸ਼ਾਂਤ ਪੰਜਾਬ ਵਿਚ ਹਿੰਸਾ ਭੜਕਾਈ। 

ਉਨ੍ਹਾਂ ਕਿਹਾ ਕਿ ਬਾਦਲ ਇਹ ਵੀ ਦੱਸਣ ਕਿ ਉਨ੍ਹਾਂ ਨੇ ਸਤੰਬਰ 2015 ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣ ਦੇਣ ਤੋਂ ਐਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੰਡੀਗੜ੍ਹ 'ਚ ਆਪਣੀ ਸਰਕਾਰੀ ਰਿਹਾਇਸ਼ 'ਤੇ ਕਿਉਂ ਤਲਬ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਬੜਾ ਹੀ ਹਾਸੋਹੀਣਾ ਤੱਥ ਹੈ ਕਿ ਪੰਜਾਬ ਨੂੰ ਅਜਿਹੀ ਸਥਿਤੀ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਬਾਦਲ ਸੂਬੇ ਵਿਚ ਹਿੰਸਾ ਭੜਕਾਉਣ ਦੇ ਦੋਸ਼ ਕਾਂਗਰਸ ਦੇ ਸਿਰ ਮੜ੍ਹ ਰਹੇ ਹਨ।


author

Shyna

Content Editor

Related News