ਛੱਪੜਾਂ ਦੀ ਸਫ਼ਾਈ ਦੇ ਕੰਮ ''ਚ ਹੋਰ ਤੇਜ਼ੀ ਲਿਆ ਕੇ 10 ਜੂਨ ਤੱਕ ਕੀਤਾ ਜਾਵੇ ਮੁਕੰਮਲ : ਬਾਜਵਾ

Monday, May 25, 2020 - 07:47 PM (IST)

ਛੱਪੜਾਂ ਦੀ ਸਫ਼ਾਈ ਦੇ ਕੰਮ ''ਚ ਹੋਰ ਤੇਜ਼ੀ ਲਿਆ ਕੇ 10 ਜੂਨ ਤੱਕ ਕੀਤਾ ਜਾਵੇ ਮੁਕੰਮਲ : ਬਾਜਵਾ

ਚੰਡੀਗੜ : ਪੰਜਾਬ ਦੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ ਦੀ ਵਿੱਢੀ ਗਈ ਮੁਹਿੰਮ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਇਸ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਹੈ ਤਾਂ ਕਿ ਇਹ ਕਾਰਜ ਹਰ ਹਾਲਤ 10 ਜੂਨ ਤੱਕ ਮੁਕੰਮਲ ਕੀਤਾ ਜਾ ਸਕੇ। ਬਾਜਵਾ ਨੇ ਕਿਹਾ ਕਿ 11 ਮਈ ਨੂੰ ਸ਼ੁਰੂ ਕੀਤੀ ਗਈ, ਇਸ ਮੁਹਿੰਮ ਤਹਿਤ ਸੂਬੇ ਭਰ ਵਿਚ 12451 ਛੱਪੜਾਂ ਵਿਚੋਂ ਹੁਣ ਤੱਕ 3848 ਦਾ ਪਾਣੀ ਕੱਢਿਆ ਜਾ ਚੁੱਕਿਆ ਹੈ ਜਦਕਿ 4500 ਛੱਪੜਾਂ 'ਚੋਂ ਪਾਣੀ ਕੱਢਣ ਦਾ ਕੰਮ ਚੱਲ ਰਿਹਾ ਹੈ, ਜੋ ਆਉਣ ਵਾਲੇ ਦੋ ਤਿੰਨ ਦਿਨਾਂ 'ਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੇ 297 ਛੱਪੜਾਂ ਵਿਚੋਂ ਗਾਰ ਕੱਢ ਕੇ ਸਾਫ਼ ਕੀਤੇ ਜਾ ਚੁੱਕੇ ਹਨ ਅਤੇ 1304 ਛੱਪੜਾਂ 'ਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਸੂਬੇ ਦੇ 12451 ਛੱਪੜਾਂ 'ਚੋਂ ਪਾਣੀ ਕੱਢਣ ਦੀ ਜ਼ਰੂਰਤ ਹੈ ਜਦਕਿ 7649 ਛੱਪੜਾਂ 'ਚੋਂ ਗਾਰ ਵੀ ਕੱਢਣ ਦੀ ਲੋੜ ਹੈ।

ਪੇਂਡੂ ਵਿਕਾਸ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਸੂਬੇ ਦੇ ਰਹਿੰਦੇ 4103 ਛੱਪੜਾਂ ਵਿਚੋਂ ਪਾਣੀ ਕੱਢਣ ਦਾ ਕੰਮ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਕਿ 10 ਜੂਨ ਤੱਕ ਸੂਬੇ ਦਾ ਇੱਕ ਵੀ ਛੱਪੜ ਸਾਫ਼ ਹੋਣ ਤੋਂ ਨਾ ਰਹਿ ਜਾਵੇ। ਉਹਨਾਂ ਇਹ ਵੀ ਕਿਹਾ ਕਿ ਗਾਰ ਕੱਢਣ ਦੇ ਕੰਮ ਵਿਚ ਪਿੰਡ ਦੇ ਕਿਰਤੀਆਂ ਤੋਂ ਕਰਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਇਸ ਸੰਕਟ ਦੀ ਘੜੀ ਵਿਚ ਕੰਮ ਮਿਲ ਸਕੇ। ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਪਿੰਡਾਂ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਥਾਪਰ ਯੂਨੀਵਰਸਿਟੀ ਤੋਂ ਤਿਆਰ ਕਰਵਾਏ ਗਏ ਕਿਫ਼ਾਇਤੀ ਮਾਡਲ ਅਨੁਸਾਰ ਪੰਜਾਬ ਦੇ ਸਾਰੇ ਛੱਪੜਾਂ ਨੂੰ ਪੜਾਅਵਾਰ ਸੀਵ੍ਰੇਜ ਟਰੀਟਮੈਂਟ ਪਲਾਂਟਾਂ ਵਿਚ ਬਦਲਿਆ ਜਾਵੇਗਾ। ਉਹਨਾਂ ਕਿਹਾ ਕਿ ਪਿੰਡਾਂ ਦੇ ਗੰਦੇ ਪਾਣੀ ਇਹਨਾਂ ਪਲਾਂਟਾਂ ਰਾਹੀਂ ਸੋਧ ਕੇ ਕਿਸਾਨਾਂ ਨੂੰ ਸਿੰਚਾਈ ਲਈ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਵਿਭਾਗ ਇਸ ਮਨੌਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿਚ ਹੈ ਕਿ ਸਫ਼ਾਈ ਹੀ ਖੁਦਾਈ ਹੈ।

ਇਸੇ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਦਸਿਆ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਇੱਕ ਜ਼ਿਲੇ ਦਾ ਇੰਚਾਰਜ ਬਣਾ ਕੇ ਛੱਪੜਾਂ ਦੀ ਸਫ਼ਾਈ ਦੀ ਮੁਹਿੰਮ ਪੂਰੇ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਵਿਭਾਗ ਦੇ ਅਧਿਕਾਰੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਬਹੁਤ ਹੀ ਮਹੱਤਵਪੂਰਨ ਕਾਰਜ ਸਮੇਂ ਸਿਰ ਨਿਬੇੜ ਲਿਆ ਜਾਵੇਗਾ। ਵਰਨਣਯੋਗ ਹੈ ਕਿ ਸੂਬੇ ਦੇ ਪੇਂਡੂ ਵਿਕਾਸ ਵਿਭਾਗ ਨੇ ਤੰਦਰੁਸਤ ਪੰਜਾਬ, ਮਿਸ਼ਨ ਦੇ ਸਹਿਯੋਗ ਨਾਲ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਾਰੇ ਛੱਪੜਾਂ ਵਿਚੋਂ ਪਾਣੀ ਅਤੇ ਗਾਰ ਕੱਢ ਕੇ ਸਾਫ਼ਕਰਨ ਤੋਂ ਬਾਅਦ ਇਹਨਾਂ ਵਿਚ ਸਾਫ਼ ਪਾਣੀ ਪਾਉਣ ਦੀ ਮੁਹਿੰਮ ਵਿੱਢੀ ਹੋਈ ਹੈ।
 


author

Deepak Kumar

Content Editor

Related News