ਤ੍ਰਿਪਤ ਬਾਜਵਾ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼ ਦਾ ਹਿੱਸਾ ਬਣਿਆ : ਮਜੀਠੀਆ
Thursday, Nov 01, 2018 - 09:27 AM (IST)

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਕਿਹਾ ਹੈ ਕਿ ਉਹ ਜਵਾਬ ਦੇਵੇ ਕਿ ਉਸ ਦੀ ਸਰਕਾਰ ਨੇ ਇਤਿਹਾਸ ਦੀਆਂ ਕਿਤਾਬਾਂ ਵਿਚ ਜੋ ਇਹ ਲਿਖਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਹੀਂ ਸੀ ਕੀਤਾ, ਸਿਰਫ ਜੁਰਮਾਨਾ ਕੀਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ 'ਚੋਂ ਪੰਜ ਪਿਆਰਿਆਂ ਦੇ ਆਖਣ 'ਤੇ ਨਹੀਂ ਸੀ ਗਏ, ਸਗੋਂ ਚੁੱਪ-ਚੁਪੀਤੇ ਖਿਸਕ ਗਏ ਸਨ, ਕੀ ਉਹ ਬਤੌਰ ਸਿੱਖ ਅਤੇ ਕਾਂਗਰਸ ਪ੍ਰਤੀਨਿਧੀ ਇਸ ਨੂੰ ਸਹੀ ਮੰਨਦਾ ਹੈ?
ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਤ੍ਰਿਪਤ ਬਾਜਵਾ ਇੱਕ ਸਿੱਖ ਹੋਣ ਦੇ ਬਾਵਜੂਦ ਆਪਣਾ ਮੰਤਰਾਲਾ ਬਚਾਉਣ ਲਈ 10 ਜਨਪਥ ਦੇ ਗਾਂਧੀ ਪਰਿਵਾਰ ਦੇ ਇਸ਼ਾਰਿਆਂ 'ਤੇ ਨੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਹ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਤੋੜਨ-ਮਰੋੜਨ ਦੀ ਉਸ ਸਾਜ਼ਿਸ਼ ਦਾ ਹਿੱਸੇਦਾਰ ਬਣ ਗਿਆ ਹੈ, ਜਿਸ ਤਹਿਤ ਮਹਾਨ ਗੁਰੂ ਸਾਹਿਬਾਨ ਅਤੇ ਧਾਰਮਿਕ ਗ੍ਰੰਥਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।