ਟ੍ਰੈਵਲ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੁਲਸ ਸਾਡੇ ’ਤੇ ਰਾਜ਼ੀਨਾਮਾ ਕਰਨ ਲਈ ਦਬਾ ਬਣਾ ਰਹੀ ਏ : ਕਿਰਨਦੀਪ

08/21/2018 4:41:08 AM

ਅੰਮ੍ਰਿਤਸਰ, (ਛੀਨਾ)-  ਵਿਦੇਸ਼ ਜਾਣ ਦੇ ਚੱਕਰ ’ਚ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਕਿਰਨਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਨਿਊ ਸ਼ਹੀਦ ਊਧਮ ਸਿੰਘ ਨਗਰ ਨੇ ਅੱਜ ਇਥੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਈ.ਓ.ਵਿੰਗ ਦੀ ਪੁਲਸ ਦੋਸ਼ੀ ਟ੍ਰੈਵਲ ਏਜੰਟ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਬਜਾਏ ਉਲਟਾ ਸਾਡੇ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾ ਰਹੀ ਹੈ। ਕਿਰਨਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਾਨੂੰ ਮੰਦਰ ਵਾਲੇ ਬਾਜ਼ਾਰ ਦਾ ਰਹਿਣ ਵਾਲਾ ਅਮਨ ਮਿਲਿਆ ਤੇ ਕਹਿਣ ਲੱਗਾ ਕਿ ਮੇਰਾ ਇਕ ਦੋਸਤ ਟ੍ਰੈਵਲ ਏਜੰਟ ਤਰੁਣ ਮਹਾਜਨ ਲਡ਼ਕਿਆਂ ਨੂੰ ਮਲੇਸ਼ੀਆ ਭੇਜਦਾ ਹੈ ਜਿਥੇ ਜਾਣ ਵਾਲੇ ਲਡ਼ਕੇ ਬਹੁਤ ਕਮਾਈ ਕਰ ਰਹੇ ਹਨ। ਕਿਰਨਦੀਪ ਨੇ ਕਿਹਾ ਕਿ ਅਮਨ ਨੇ ਥੋਡ਼੍ਹੇ ਦਿਨ ਬਾਅਦ ਹੀ ਟ੍ਰੈਵਲ ਏਜੰਟ ਤਰੁਣ ਮਹਾਜਨ ਨਾਲ ਸਾਡੀ ਮੀਟਿੰਗ ਕਰਵਾ ਦਿੱਤੀ ਜਿਸ ਨੇ ਮੈਨੂੰ, ਮੇਰੇ ਦੋਸਤ ਯਾਦਵਿੰਦਰ ਸਿੰਘ ਤੇ ਮਨਿੰਦਰ ਸਿੰਘ ਨੂੰ ਮਲੇਸ਼ੀਆ ਭੇਜਣ ਤੇ ਉਥੇ ਕੰਮ ਦਿਵਾਉਣ ਦੇ ਬਦਲੇ ’ਚ ਹਰੇਕ ਲਡ਼ਕੇ ਕੋਲੋਂ 1 ਲੱਖ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸ ਨੂੰ ਅਸੀਂ ਤਿੰਨਾਂ ਲਡ਼ਕਿਆ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਅੌਖੇ-ਸੌਖੇ ਪੈਸੇ ਇਕੱਠੇ ਕਰ ਕੇ ਦੇ ਦਿੱਤੇ। ਕਿਰਨਦੀਪ ਨੇ ਕਿਹਾ ਕਿ ਉਕਤ ਟ੍ਰੈਵਲ ਏਜੰਟ ਨੇ ਸਾਨੂੰ ਕਾਰਪੈਂਟਰ ਦੇ ਕੰਮ ’ਚ ਹੈਲਪਰ ਵਜੋਂ ਨੌਕਰੀ ਦਿਵਾਉਣ ਬਾਰੇ ਆਖਿਆ ਸੀ ਪਰ ਉਥੇ ਪਹੁੰਚ ਕੇ 2 ਦਿਨ ਸਾਨੂੰ ਪੈਕਿੰਗ ਦਾ ਕੰਮ ਦਿੱਤਾ ਗਿਆ ਤੇ ਸਾਡੀਆਂ ਫੋਟੋਆਂ ਖਿੱਚ ਕੇ ਅਤੇ ਵੀਡੀਓ ਬਣਾ ਕੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਦਿਖਾ ਦਿੱਤੀਆਂ ਗਈਆਂ ਕਿ ਸਾਨੂੰ ਮਲੇਸ਼ੀਆ ’ਚ ਬਹੁਤ ਸੌਖੇ ਜਿਹੇ ਕੰਮ ’ਤੇ ਲਾ ਦਿੱਤਾ ਗਿਆ ਹੈ ਜਦਕਿ ਤੀਜੇ ਦਿਨ ਸਾਨੂੰ    ਭਾਰੀਆਂ ਬੋਰੀਆਂ ਚੁੱਕਣ ’ਤੇ ਲਾ ਦਿੱਤਾ ਗਿਆ ਜਿਸ ਨਾਲ ਸਾਡੀ ਤਿੰਨਾਂ   ਦੀ ਸਿਹਤ ਵੀ ਵਿਗਡ਼ ਗਈ। ਕਿਰਨਦੀਪ ਨੇ  ਕਿਹਾ ਕਿ ਅਸੀਂ ਮਲੇਸ਼ੀਆ ਤੋਂ ਜਿਵੇਂ ਕਿਵੇਂ ਵਾਪਸ ਪੰਜਾਬ ਪਰਤੇ ਤੇ ਆ ਕੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰ ਨੂੰ ਦੱਸੀ ਜਿਸ ਤੋਂ ਬਾਅਦ ਅਸੀਂ ਉਕਤ ਏਜੰਟ ਕੋਲ ਪੁੱਜੇ ਤੇ ਆਪਣੇ ਪੈਸ ਵਾਪਸ ਮੋਡ਼ਨ ਲਈ ਆਖਿਆ ਪਰ ਉਹ ਅੱਗੋਂ ਪੈਸੇ ਵਾਪਸ ਮੋਡ਼ਨ ਦੀ ਬਜਾਏ ਸਾਨੂੰ ਧਮਕੀਆਂ ਦੇਣ ਲੱਗ ਪਿਆ। ਉਨ੍ਹਾਂ ਕਿਹਾ ਕਿ ਉਕਤ ਟ੍ਰੈਵਲ ਏਜੰਟ  ਖਿਲਾਫ ਅਸੀਂ ਪੁਲਸ ਕਮਿਸ਼ਨਰ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਜਿਨ੍ਹਾਂ ਨੇ ਸਾਡਾ ਮਾਮਲਾ ਈ.ਓ.ਵਿੰਗ ਦੀ ਪੁਲਸ ਨੂੰ ਸੌਂਪ ਦਿੱਤਾ। 
ਕਿਰਨਦੀਪ ਨੇ  ਕਿਹਾ ਕਿ ਈ.ਓ.ਵਿੰਗ ਦੀ ਪੁਲਸ ਉਕਤ ਟ੍ਰੈਵਲ ਏਜੰਟ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਬਜਾਏ ਉਲਟਾ ਸਿਰਫ 80 ਹਜ਼ਾਰ ਰੁਪਏ ’ਚ ਸਾਡੇ ’ਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ। ਇਸ ਸਬੰਧ ’ਚ ਉਕਤ ਟ੍ਰੈਵਲ ਏਜੰਟ ਦਾ ਮੋਬਾਇਲ ਫੋਨ ਬੰਦ ਹੋਣ ਕਾਰਨ ਉਸ ਨਾਲ ਗੱਲ ਨਾ ਹੋ ਸਕੀ। ਇਸ ਸਬੰਧ ’ਚ ਜਦੋਂ ਈ.ਓ.ਵਿੰਗ ਦੇ ਇੰਚਾਰਜ ਜੋਗਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਰਨਦੀਪ ਸਿੰਘ ਵਲੋਂ ਜਬਰੀ ਫੈਸਲਾ ਕਰਵਾਉਣ ਦੇ ਲਾਏ ਗਏ ਦੋਸ਼ਾਂ ਨੂੰ ਨਿਕਾਰਦਿਆਂ ਕਿਹਾ ਕਿ ਇਸ ਮਾਮਲੇ ਦੀ ਡੰਘਾਈ ਨਾਲ ਜਾਂਚ ਕੀਤੀ ਜਾ ਰਹੀ ਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News